ਲਖਨਊ, 25 ਨਵੰਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਹਰ ਮਹੀਨੇ ਦੀ 30 ਤਰੀਕ ਹਾਥਰਸ ’ਚ ਜਬਰ ਜਨਾਹ ਤੋਂ ਬਾਅਦ ਜਾਨ ਗੁਆਉਣ ਵਾਲੀ ਪੀੜਤ ਲੜਕੀ ਦੀ ਯਾਦ ਨੂੰ ਸਮਰਪਿਤ ਕੀਤੀ ਜਾਵੇਗੀ ਅਤੇ ਰਾਜ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਦਾ ਦਲਿਤ ਤੇ ਔਰਤ ਵਿਰੋਧੀ ਚਿਹਰਾ ਬੇਨਕਾਬ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 30 ਸਤੰਬਰ ਨੂੰ ਪੁਲੀਸ ਨੇ ਕਥਿਤ ਤੌਰ ’ਤੇ ਲਾਸ਼ ਦਾ ਜਬਰੀ ਸਸਕਾਰ ਕਰਵਾ ਦਿੱਤਾ ਸੀ।
ਯਾਦਵ ਨੇ ਟਵੀਟ ਕੀਤਾ, ‘ਉੱਤਰ ਪ੍ਰਦੇਸ਼ ਦੇ ਵਸਨੀਕਾਂ, ਸਪਾ ਦੀਆਂ ਸਹਿਯੋਗੀ ਪਾਰਟੀਆਂ ਨੂੰ ਅਪੀਲ ਹੈ ਕਿ ਹਰ ਮਹੀਨੇ ਦੀ 30 ਤਰੀਕ ਨੂੰ ‘ਹਾਥਰਸ ਦੀ ਧੀ ਯਾਦਗਾਰੀ ਦਿਵਸ’ ਮਨਾਓ ਤੇ ਸੂਬੇ ਦੀ ਭਾਜਪਾ ਸਰਕਾਰ ਨੇ ਪਿਛਲੇ ਸਾਲ 30 ਨਵੰਬਰ ਨੂੰ ਜਬਰ ਜਨਾਹ ਪੀੜਤਾ ਦੀ ਲਾਸ਼ ਸਾੜਨ ਦਾ ਜੋ ਮਾੜਾ ਕੰਮ ਕੀਤਾ ਸੀ, ਉਸ ਦੀ ਯਾਦ ਦਿਵਾਓ। ਭਾਜਪਾ ਦਾ ਦਲਿਤ ਤੇ ਔਰਤ ਵਿਰੋਧੀ ਚਿਹਰਾ ਬੇਨਕਾਬ ਹੋਵੇ।’ -ਪੀਟੀਆਈ
‘ਭਾਜਪਾ ਨੇ ਫਿਰੋਜ਼ਾਬਾਦ ’ਚ ਹਵਾਈ ਅੱਡਾ ਬਣਾਉਣ ਤੋਂ ਕੀਤਾ ਸੀ ਇਨਕਾਰ’
ਲਖਨਊ: ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਫਿਰੋਜ਼ਾਬਾਦ ’ਚ ਹਵਾਈ ਅੱਡਾ ਉਸਾਰਨ ਦੀ ਤਜਵੀਜ਼ ਨੂੰ ਨਕਾਰ ਦਿੱਤਾ ਸੀ। ਯਾਦਵ ਨੇ ਟਵੀਟ ਕਰਕੇ ਕਿਹਾ ਕਿ ਜੇਵਰ ਦਾ ਮਤਲਬ ਗਹਿਣਿਆਂ ਤੋਂ ਹੈ ਅਤੇ ਜੇਕਰ ਚੂੜੀਆਂ ਲਈ ਮਸ਼ਹੂਰ ਫਿਰੋਜ਼ਾਬਾਦ ’ਚ ਹਵਾਈ ਅੱਡਾ ਬਣ ਜਾਂਦਾ ਤਾਂ ਉਸ ਨੇ ਵੀ ਯੂਪੀ ਦੀ ਤਰੱਕੀ ’ਚ ਯੋਗਦਾਨ ਪਾਉਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ‘ਚੂੜੀਆਂ’ ਦੇ ਨਾਲ ‘ਜੇਵਰ’ ਤਿਆਰ ਹੋ ਜਾਂਦਾ ਤਾਂ ਇਹ ਉੱਤਰ ਪ੍ਰਦੇਸ਼ ਦੀ ਤਰੱਕੀ ਦਾ ਮੁਕੰਮਲ ਗਹਿਣਾ ਹੋਣਾ ਸੀ। ਪ੍ਰਧਾਨ ਮੰਤਰੀ ਵੱਲੋਂ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਮਗਰੋਂ ਸਾਬਕਾ ਮੁੱਖ ਮੰਤਰੀ ਨੇ ਭਾਜਪਾ ’ਤੇ ਮੁੜ ਹਮਲਾ ਕਰਦਿਆਂ ਟਵਿੱਟਰ ’ਤੇ ਲਿਖਿਆ ਕਿ ਅੱਜ ਜੋ ਬਣਾਇਆ ਜਾ ਰਿਹਾ ਹੈ, ਉਸ ਨੂੰ ਭਲਕੇ ਵਿਕਰੀ ਲਈ ਲਗਾ ਦਿੱਤਾ ਜਾਵੇਗਾ। -ਪੀਟੀਆਈ