ਸਿਲਚਰ (ਅਸਾਮ), 22 ਅਪਰੈਲ
ਇਥੋਂ ਦੇ ਹਵਾਈ ਅੱਡੇ ’ਤੇ ਅੱਜ ਆਏ 300 ਦੇ ਕਰੀਬੀ ਯਾਤਰੀਆਂ ਵੱਲੋਂ ਹੰਗਾਮਾ ਕੀਤਾ ਗਿਆ ਤੇ ਉਹ ਕਰੋਨਾ ਟੈਸਟ ਕਰਵਾਏ ਬਿਨਾਂ ਹੀ ਹਵਾਈ ਅੱਡੇ ਤੋਂ ਭੱਜ ਗਏ ਜਿਸ ਕਾਰਨ ਹਵਾਈ ਪ੍ਰਬੰਧਕਾਂ ਵਲੋਂ ਉਨ੍ਹਾਂ ਖਿਲਾਫ਼ ਅਪਰਾਧਿਕ ਕੇਸ ਦਰਜ ਕਰਵਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਸੁਮਿਤ ਸਤਾਵਨ ਨੇ ਕਿਹਾ ਕਿ ਦੇਸ਼ ਭਰ ਵਿਚੋਂ ਅੱਜ 690 ਯਾਤਰੀ ਆਏ ਸਨ। ਉਨ੍ਹਾਂ ਦਾ ਹਵਾਈ ਅੱਡੇ ਤੇ ਨੇੜਲੇ ਟਿਕੋਲ ਮਾਡਲ ਹਸਪਤਾਲ ਵਿਚ ਕਰੋਨਾ ਟੈਸਟ ਕਰਵਾਇਆ ਜਾਣਾ ਸੀ ਪਰ 300 ਜਣਿਆਂ ਨੇ ਦੋਵਾਂ ਥਾਵਾਂ ’ਤੇ ਪੰਜ ਸੌ ਰੁਪਏ ਦੇ ਟੈਸਟ ’ਤੇ ਹੰਗਾਮਾ ਕੀਤਾ। ਅਸਾਮ ਸਰਕਾਰ ਨੇ ਹਵਾਈ ਅੱਡੇ ’ਤੇ ਸਾਰੀ ਯਾਤਰੀਆਂ ਦਾ ਕਰੋਨਾ ਟੈਸਟ ਕਰਨਾ ਜ਼ਰੂਰੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ 690 ਵਿਚੋਂ 189 ਜਣਿਆਂ ਦਾ ਟੈਸਟ ਕੀਤਾ ਗਿਆ ਜਿਸ ਵਿਚ ਛੇ ਜਣੇ ਕਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਕਈ ਜਣਿਆਂ ਦਾ ਟੈਸਟ ਨਹੀਂ ਕੀਤਾ ਗਿਆ ਕਿਉਂਕਿ ਉਹ ਗੁਆਂਢੀ ਸੂਬਿਆਂ ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਆਦਿ ਤੋਂ ਸਨ।
-ਪੀਟੀਆਈ