ਨਵੀਂ ਦਿੱਲੀ, 21 ਅਕਤੂਬਰ
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਨੇ ਦਾਅਵਾ ਕੀਤਾ ਕਿ ਉਸ ਦੇ ਕਾਰਜਕਾਲ ਦੌਰਾਨ ਅੰਬਾਨੀ ਤੇ ਆਰਐਸਐਸ ਦੇ ਸਮਰਥਕ ਦੀਆਂ ਫਾਈਲਾਂ ’ਤੇ ਸਹੀ ਪਾਉਣ ਲਈ ਉਸ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਹੋਈ ਸੀ ਪਰ ਉਸ ਨੇ ਫਾਈਲਾਂ ਅੱਗੇ ਨਹੀਂ ਤੋਰੀਆਂ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਦੇ ਫੈਸਲੇ ਦੀ ਹਮਾਇਤ ਕਰਨ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰਨ ਦੀ ਲੋੜ ਨਹੀਂ ਹੈ। ਮੇਘਾਲਿਆ ਦੇ ਰਾਜਪਾਲ ਨੇ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਹੱਕ ਵਿਚ ਡਟਦਿਆਂ ਕਿਹਾ ਸੀ ਕਿ ਜੇ ਭਾਜਪਾ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਸ ਨੂੰ ਅਗਲੀਆਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਵੇਗਾ। ਉਨ੍ਹਾਂ ਜੰਮੂ-ਕਸ਼ਮੀਰ ਮਾਮਲੇ ਸਬੰਧੀ ਕਿਹਾ ਕਿ ਦੋਵਾਂ ਵਿਭਾਗਾਂ ਦੇ ਸਕੱਤਰਾਂ ਨੇ ਉਨ੍ਹਾਂ ਦੇ ਨੋਟਿਸ ਵਿਚ ਲਿਆਂਦਾ ਸੀ ਕਿ ਇਨ੍ਹਾਂ ਮਾਮਲਿਆਂ ਵਿਚ ਘੁਟਾਲਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਇਹ ਫਾਈਲਾਂ ਅੱਗੇ ਤੋਰਨ ਦੀ ਥਾਂ ਰੱਦ ਕਰ ਦਿੱਤੀਆਂ। ਇਸ ਸਬੰਧੀ ਰਾਜਪਾਲ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ। ਇਹ ਮਾਮਲਾ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਵਲੋਂ ਜੰਮੂ ਕਸ਼ਮੀਰ ਮੁਲਾਜ਼ਮਾਂ ਦੀ ਗਰੁੱਪ ਇੰਸ਼ੋਰੈਂਸ ਨਾਲ ਸਬੰਧਤ ਸੀ।