ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜਨਵਰੀ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 48 ਦਿਨਾਂ ਤੋਂ ਦਿੱਲੀ ਦੇ ਚਾਰਾਂ ਮੁੱਖ ਮਾਰਗਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਨੇ ਇੱਥੇ ਡੇਰੇ ਹੋਰ ਪੱਕੇ ਕਰ ਲਏ ਹਨ। ਹੁਣ ਉਨ੍ਹਾਂ ਇੱਥੇ ਆਰਜ਼ੀ ਪਿੰਡ ਕਾਇਮ ਕਰਕੇ ਪੰਜਾਬ ਦੇ ਆਪਣੇ ਮੂਲ ਪਿੰਡਾਂ ਦੇ ਨਾਵਾਂ ਦੀਆਂ ਬੁਰਜੀਆਂ ਵੀ ਗੱਡ ਦਿੱਤੀਆਂ ਹਨ।
ਚਾਰਾਂ ਮੋਰਚਿਆਂ ਵਿੱਚੋਂ ਸਭ ਤੋਂ ਵੱਧ ਇਕੱਠ ਟਿਕਰੀ ’ਤੇ ਜੁੜਿਆ ਹੋਇਆ ਹੈ। ਦਿੱਲੀ ਤੋਂ ਬਹਾਦਰਗੜ੍ਹ ਨੂੰ ਦਿੱਲੀ-ਰੋਹਤਕ ਮਾਰਗ ਵਿੱਚੋਂ ਕੱਟਦੀ ਮੁੱਖ ਸੜਕ ਉੱਪਰ ਕਿਸਾਨਾਂ ਨੇ ਟਰਾਲੀਆਂ ਖੜ੍ਹੀਆਂ ਕਰਕੇ ਆਪਣੇ ਮੂਲ ਪਿੰਡਾਂ ਦੇ ਨਾਵਾਂ ਦੀਆਂ ਬੁਰਜੀਆਂ ਗੱਡ ਦਿੱਤੀਆਂ ਹਨ। ਸੰਗਰੂਰ ‘0’ ਕਿਲੋਮੀਟਰ ਤੇ ਦਿੱਲੀ 30 ਕਿਲੋਮੀਟਰ ਦਾ ਬੋਰਡ ਦਿੱਲੀ ਜਾਣ ਸਮੇਂ ਦਿਖਾਈ ਦਿੰਦਾ ਹੈ। ਇੱਥੇ ਜ਼ਿਆਦਾਤਰ ਟਰਾਲੀਆਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੀਆਂ ਹਨ। ਅੱਗੇ ਝੋਰੜ ਪਿੰਡ ਦੀਆਂ ਟਰਾਲੀਆਂ ਖੜ੍ਹੀਆਂ ਹੋਈਆਂ ਹਨ ਤੇ ਉਨ੍ਹਾਂ ਕਿਸਾਨਾਂ ਨੇ ਵੀ ਝੋਰੜ ‘0’ ਕਿਲੋਮੀਟਰ ਦਾ ਤਖ਼ਤਾ ਗੱਡ ਰੱਖਿਆ ਹੈ। ਟਿਕਰੀ ਦੇ ਪਕੌੜਾ ਚੌਕ ਤੋਂ ਦਿੱਲੀ ਵੱਲ ਪਰਤੀਏ ਤਾਂ ‘ਮਾਣੂਕੇ-ਸੰਧੂ’, ‘ਚਕਰ’ ਅਤੇ ਬਠਿੰਡਾ ਦੇ ਭਾਈਕੇ ਪਿੰਡ ਵਾਲਿਆਂ ਨੇ ਵੀ ਆਪਣੇ-ਆਪਣੇ ਪਿੰਡਾਂ ਦੀਆਂ ਤਖ਼ਤੀਆਂ ਨਾਲ ‘0’ ਕਿਲੋਮੀਟਰ ਲਿਖ ਕੇ ਸਰਵਿਸ ਰੋਡ ਕੰਢੇ ਗੱਡ ਕੇ ਆਪਣੀ ਪਛਾਣ ਦੱਸੀ ਹੋਈ ਹੈ। ਕਿਸਾਨ ਆਗੂ ਮਨਜੀਤ ਸਿੰਘ ਨਿਆਲ (ਪਟਿਆਲਾ) ਨੇ ਦੱਸਿਆ ਕਿ ਇਨ੍ਹਾਂ ਤਖ਼ਤੀਆਂ ਰਾਹੀਂ ਕਿਸਾਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਧਰ ਇਹ ਬੁਰਜੀਆਂ ਲੱਗੀਆਂ ਹੋਈਆਂ ਹਨ ਉਧਰ ਉਕਤ ਪਿੰਡਾਂ ਵਾਲਿਆਂ ਨੇ ਆਪਣੇ ਟਿਕਾਣੇ ਬਣਾਏ ਹੋਏ ਹਨ।