ਨਵੀਂ ਦਿੱਲੀ: ਭਾਰਤ ਅਤੇ ਕਜ਼ਾਖ਼ ਫ਼ੌਜਾਂ 30 ਅਗਸਤ ਤੋਂ 13 ਰੋਜ਼ਾ ਸਾਂਝਾ ਫ਼ੌਜੀ ਅਭਿਆਸ ਸ਼ੁਰੂ ਕਰਨਗੀਆਂ, ਜੋ ਪਹਾੜੀ ਖੇਤਰਾਂ ਵਿੱਚ ਅਤਿਵਾਦ ਦਾ ਟਾਕਰਾ ਕਰਨ ਲਈ ਅਪਰੇਸ਼ਨ ਚਲਾਉਣ ਦੇ ਢੰਗ-ਤਰੀਕਿਆਂ ’ਤੇ ਕੇਂਦਰਿਤ ਰਹੇਗਾ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਅਭਿਆਸ ਰਾਹੀਂ ਭਾਰਤ ਅਤੇ ਕਜ਼ਾਖ਼ਸਤਾਨ ਦੀਆਂ ਹਥਿਆਰਬੰਦ ਫ਼ੌਜਾਂ ਪਹਾੜੀ ਖੇਤਰ ਵਿੱਚ ਬਗ਼ਾਵਤ ਜਾਂ ਅਤਿਵਾਦ ਦੇ ਟਾਕਰੇ ਖ਼ਿਲਾਫ਼ ਮੁਹਿੰਮਾਂ ਚਲਾਉਣ ਦੇ ਢੰਗ-ਤਰੀਕੇ ਸਿੱਖਣਗੀਆਂ। ਭਾਰਤੀ ਫ਼ੌਜ ਵੱਲੋਂ ਬਿਹਾਰ ਰੈਜੀਮੈਂਟ ਦੇ 90 ਜਵਾਨ ਸਾਂਝੇ ਅਭਿਆਸ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਕਿਹਾ ਕਿ ਦੁਵੱਲੇ ਫ਼ੌਜੀ ਅਭਿਆਸ ਵਿੱਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਅਤਿਵਾਦ ਨਾਲ ਨਜਿੱਠਣ ਲਈ ਅਪਰੇਸ਼ਨਾਂ ਦੀ ਮੁਹਾਰਤ, ਯੋਜਨਾਬੰਦੀ ਅਤੇ ਕੁਸ਼ਲਤਾ ਸਮੇਤ ਹੋਰ ਢੰਗ-ਤਰੀਕਿਆਂ ਬਾਰੇ ਸਿਖਲਾਈ ਪ੍ਰਾਪਤ ਕਰਨਗੀਆਂ। -ਪੀਟੀਆਈ