ਸੁਰੇਸ਼ ਐੱਸ.ਡੁੱਗਰ
ਜੰਮੂ, 17 ਅਗਸਤ
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਦਹਿਸ਼ਤਗਰਦਾਂ ਵੱਲੋਂ ਪੁਲੀਸ ਤੇ ਸੀਆਰਪੀਐੱਫ ਦੀ ਇਕ ਟੀਮ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਜੰਮੂ ਤੇ ਕਸ਼ਮੀਰ ਪੁਲੀਸ ਦਾ ਵਿਸ਼ੇਸ਼ ਪੁਲੀਸ ਅਧਿਕਾਰੀ ਤੇ ਸੀਆਰਪੀਐੱਫ ਦੇ ਦੋ ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਸਲਾਮਤੀ ਦਸਤਿਆਂ ਨੇ ਹਮਲਾ ਕਰਨ ਵਾਲੇ ਤਿੰਨ ਦਹਿਸ਼ਤਗਰਦਾਂ ਨੂੰ ਕੁਝ ਘੰਟਿਆਂ ਮਗਰੋਂ ਢੇਰ ਕਰ ਦਿੱਤਾ। ਇਨ੍ਹਾਂ ਵਿੱਚ ਇਕ ਸਿਖਰਲਾ ਕਮਾਂਡਰ ਵੀ ਸ਼ਾਮਲ ਹੈ। ਕਸ਼ਮੀਰ ਵਿੱਚ ਇਹ ਅਜਿਹਾ ਪਹਿਲਾ ਅਪਰੇਸ਼ਨ ਸੀ, ਜਿਸ ਵਿੱਚ ਹਮਲੇ ਮਗਰੋਂ ਇੰਨੀ ਤੇਜ਼ੀ ਨਾਲ ਦਹਿਸ਼ਤਗਰਦਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ ਹੈ। ਉਂਜ ਇਸ ਪੂਰੇ ਅਪਰੇੇਸ਼ਨ ਵਿੱਚ ਸੂਹੀਆ ਕੁੱਤਿਆਂ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਦਹਿਸ਼ਤਗਰਦਾਂ ਵੱਲੋਂ ਬਦਲੇ ਕੱਪੜਿਆਂ ਨੂੰ ਸੁੰਘ ਕੇ ਉਨ੍ਹਾਂ ਦੀ ਭਾਲ ਕੀਤੀ। ਸ਼ਹੀਦ ਹੋਏ ਐੱਸਪੀਓ ਦੀ ਪਛਾਣ ਮੁਜ਼ੱਫਰ ਅਹਿਮਦ ਤੇ ਸੀਆਰਪੀਐੱਫ ਜਵਾਨਾਂ ਦੀ 119 ਬਟਾਲੀਅਨ ਦੇ ਲੋਕੇਸ਼ ਸ਼ਰਮਾ ਤੇ ਖੁਰਸ਼ੀਦ ਖ਼ਾਨ ਵਜੋਂ ਹੋਈ ਹੈ।
ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਦਹਿਸ਼ਤਗਰਦਾਂ ਨੇ ਦਿਨ ਦਿਹਾੜੇ ਸ੍ਰੀਨਗਰ ਦੇ ਬਾਹਰਵਾਰ ਭੀੜ ਭੜੱਕੇ ਵਾਲੇ ਨੌਗਾਮ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲੀਸ ਅਧਿਕਾਰੀ ਨੇ ਕਿਹਾ, ‘ਦਹਿਸ਼ਤੀ ਹਮਲੇ ਵਿੱਚ ਇਕ ਐੱਸਪੀਓ ਤੇ ਸੀਆਰਪੀਐੱਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ, ਜੋ ਮਗਰੋਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਏ।’ ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਹਿਸ਼ਤਗਰਦਾਂ ਨੇ ਨੌਗਾਮ ਬਾਈਪਾਸ ’ਤੇ ਤਾਇਨਾਤ ਪੁਲੀਸ ਕਰਮੀਆਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਜਾਨ ਜਾਂਦੀ ਰਹੀ ਸੀ, ਜਦੋਂਕਿ ਇਕ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ ਸੀ। ਪੁਲੀਸ ਨੇ ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਦੱਸਿਆ ਸੀ। ਮਾਰੇ ਗਏ ਸੀਆਰਪੀਐਫ ਜਵਾਨਾਂ ਦੀ ਪਛਾਣ ਬਿਹਾਰ ਦੇ ਰੋਹਤਾਸ ਵਾਸੀ ਖੁਰਸ਼ੀਦ ਖ਼ਾਨ (41) ਤੇ ਬਿਹਾਰ ਦੇ ਹੀ ਜੇਹਾਨਾਬਾਦ ਵਾਸੀ 27 ਸਾਲਾ ਲਵਕੇਸ਼ ਸ਼ਰਮਾ ਸੁਦਰਸ਼ਨ ਵਜੋਂ ਹੋਈ ਹੈ।