ਨਵੀਂ ਦਿੱਲੀ, 19 ਜੁਲਾਈ
ਪਿਛਲੇ ਤਿੰਨ ਸਾਲਾਂ ਵਿੱਚ 3.92 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ ਹੈ ਤੇ ਇਨ੍ਹਾਂ ਵਿਚੋਂ 1.70 ਲੱਖ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ, ਲੋਕਾਂ ਨੇ ਨਿੱਜੀ ਕਾਰਨਾਂ ਕਰਕੇ ਭਾਰਤੀ ਨਾਗਰਿਕਤਾ ਛੱਡੀ ਅਤੇ 120 ਤੋਂ ਵੱਧ ਮੁਲਕਾਂ ਦੀ ਨਾਗਰਿਕਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਾਲ 2019, 2020 ਅਤੇ 2021 ਵਿੱਚ ਕੁੱਲ 3,92,643 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ। ਇਨ੍ਹਾਂ ਵਿੱਚੋਂ 1,70,795 ਨੇ ਅਮਰੀਕਾ, 64,071 ਨੇ ਕੈਨੇਡਾ, 58,391 ਨੇ ਆਸਟਰੇਲਿਆ, 35,435 ਨੇ ਯੂਨਾਈਟਿਡ ਕਿੰਗਡਮ, 12,131 ਨੇ ਇਟਲੀ, 8,882 ਨੇ ਨਿਊਜ਼ੀਲੈਂਡ, 7,046 ਨੇ ਸਿੰਗਾਪੁਰ, 6690 ਨੇ ਜਰਮਨੀ, 3754 ਨੇ ਸਵੀਡਨ ਦੀ ਨਾਗਰਿਕਤਾ ਹਾਸਲ ਕੀਤੀ ਹੈ। -ਪੀਟੀਆਈ