ਨਵੀਂ ਦਿੱਲੀ, 16 ਅਕਤੂਬਰ
ਦੇਸ਼ ਭਰ ਦੇ 29 ਹਵਾਈ ਅੱਡਿਆਂ ਅਤੇ ਟਰਮੀਨਲਾਂ ਦੇ ਨਾਮ ਉੱਘੀਆਂ ਸ਼ਖਸੀਅਤਾਂ ਦੇ ਨਾਮ ’ਤੇ ਰੱਖੇ ਗਏ ਹਨ। ਤਾਜ਼ਾ ਨਾਮ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਦਾ ਜੁੜ ਗਿਆ ਹੈ, ਜਿਸ ਨੂੰ ਹੁਣ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਵਜੋਂ ਜਾਣਿਆ ਜਾਂਦਾ ਹੈ। ਆਰਟੀਆਈ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ਦੇ ਕੁੱਲ 24 ਹਵਾਈ ਅੱਡੇ ਅਤੇ ਪੰਜ ਟਰਮੀਨਲ ਉੱਘੀਆਂ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤੇ ਗਏ ਹਨ, ਹਾਲਾਂਕਿ ਇਸ ਵਿੱਚ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਾਮਲ ਨਹੀਂ ਹੈ। ਸੂਚੀ ਮੁਤਾਬਕ ਚਾਰ ਹਵਾਈ ਅੱਡਿਆਂ ਦਾ ਨਾਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਨਵੀਂ ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਹੈਦਰਾਬਾਦ ਦਾ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡਾ, ਵਾਰਾਨਸੀ ਦਾ ਲਾਲ ਬਹਾਦਰ ਸ਼ਾਸਤਰੀ ਹਵਾਈ ਅੱਡਾ ਅਤੇ ਲਖਨਊ ਦਾ ਚੌਧਰੀ ਚਰਨ ਸਿੰਘ ਹਵਾਈ ਅੱਡਾ ਸ਼ਾਮਲ ਹੈ। ਉੜੀਸਾ ਵਿੱਚ ਭੁਬਨੇਸ਼ਵਰ ਦੇ ਬੀਜੂ ਪਟਨਾਇਕ ਹਵਾਈ ਹਵਾਈ ਅੱਡੇ ਸਮੇਤ ਵੱਖ-ਵੱਖ ਹਵਾਈ ਅੱਡਿਆਂ ਦਾ ਨਾਂ ਸਾਬਕਾ ਮੁੱਖ ਮੰਤਰੀਆਂ ਦੇ ਨਾਂ ’ਤੇ ਵੀ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਪੰਜ ਟਰਮੀਨਲਾਂ ਦੇ ਨਾਮ ਵੀ ਮਸ਼ਹੂਰ ਹਸਤੀਆਂ ਦੇ ਨਾਮ ’ਤੇ ਰੱਖੇ ਗਏ ਹਨ। ਇਨ੍ਹਾਂ ਵਿੱਚ ਚੇਨੱਈ ਦੇ ਅੰਨਾ ਇੰਟਰਨੈਸ਼ਨਲ ਟਰਮੀਨਲ ਅਤੇ ਕਾਮਰਾਜ ਘਰੇਲੂ ਟਰਮੀਨਲ ਤੇ ਹੈਦਰਾਬਾਦ ਵਿੱਚ ਐੱਨ.ਟੀ ਰਾਮਾ ਰਾਓ ਟਰਮੀਨਲ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਵੇਲੇ ਦੇਸ਼ ਵਿੱਚ 29 ਕੌਮਾਂਤਰੀ ਅਤੇ 92 ਘਰੇਲੂ ਹਵਾਈ ਅੱਡੇ ਹਨ। ਹਵਾਈ ਅੱਡਿਆਂ ਦੇ ਨਾਮ ਰੱਖਣ ਲਈ ਇੱਕ ਲੰਮੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਕੇਂਦਰੀ ਮੰਤਰੀ ਮੰਡਲ ਵੱਲੋਂ ਇਸ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਂਦੀ ਹੈ। -ਪੀਟੀਆਈ