ਦੇਹਰਾਦੂਨ: ਉੱਤਰਾਖੰਡ ਦੇ ਇਕ ਰਿਜ਼ੌਰਟ ’ਚ ਫਸੇ 24 ਸੈਲਾਨੀਆਂ ਨੂੰ ਅੱਜ ਸੁਰੱਖਿਅਤ ਕੱਢ ਲਿਆ ਗਿਆ ਹੈ। ਮੀਂਹ ਦੇ ਕਹਿਰ ਕਾਰਨ ਲਾਪਤਾ ਹੋਏ ਲੋਕਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਮਾਲਦੇਵਤਾ ਅਤੇ ਨਾਲ ਲਗਦੇ ਇਲਾਕਿਆਂ ’ਚ ਬਚਾਅ ਟੀਮਾਂ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਜੰਗਲ ਗਡੇਰਾ ਰਿਜ਼ੌਰਟ ’ਚ ਫਸੇ 24 ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਟੀਹਰੀ ਜ਼ਿਲ੍ਹੇ ਦੇ ਪਿੰਡ ਗਵਾਡ ’ਚ ਪੰਜ ਅਤੇ ਦੇਹਰਾਦੁਨ ਦੇ ਮਾਲਦੇਵਤਾ ਤੇ ਰਾਏਪੁਰ ਇਲਾਕਿਆਂ ’ਚ ਸੱਤ ਵਿਅਕਤੀ ਅਜੇ ਵੀ ਲਾਪਤਾ ਹਨ। ਡੀਜੀਪੀ ਅਸ਼ੋਕ ਕੁਮਾਰ ਨੇ ਕੁਮਾਲਦਾ, ਮਾਲਦੇਵਤਾ ਅਤੇ ਸਰਖੇਤ ਦਾ ਦੌਰਾ ਕਰਕੇ ਉਥੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਦੇਸ਼ ਆਫ਼ਤ ਪ੍ਰਬੰਧਨ ਬਲ ਨੂੰ ਕਿਹਾ ਹੈ ਕਿ ਜਿਥੇ ਪੁਲ ਰੁੜ੍ਹ ਗਏ ਹਨ, ਉਥੇ ਸੰਪਰਕ ਬਹਾਲੀ ਦੇ ਪ੍ਰਬੰਧ ਕੀਤੇ ਜਾਣ। ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮਾਲਦੇਵਤਾ ’ਚ ਸ਼ਿਵ ਜੂਨੀਅਰ ਹਾਈ ਸਕੂਲ ਦਾ ਦੌਰਾ ਕੀਤਾ ਜਿਥੇ ਸਰਖੇਤ ਦੇ ਪ੍ਰਭਾਵਿਤ ਸੱਤ ਪਰਿਵਾਰਾਂ ਦੇ 40 ਵਿਅਕਤੀਆਂ ਨੂੰ ਰੱਖਿਆ ਗਿਆ ਹੈ। -ਪੀਟੀਆਈ