ਮੰਗਲੁਰੂ, 7 ਜੂਨ
ਕਲਾਸਰੂਮ ’ਚ ਹਿਜਾਬ ਪਾਉਣ ਦੀ ਮੰਗ ’ਤੇ ਰੋਸ ਮੁਜ਼ਾਹਰਾ ਕਰਨ ਵਾਲੀਆਂ 23 ਵਿਦਿਆਰਥਣਾਂ ਨੂੰ ਉੱਪੀਨੰਗੜੀ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਮੁਅੱਤਲ ਕਰ ਦਿੱਤਾ ਹੈ। ਕਰਨਾਟਕ ਦੇ ਭਾਜਪਾ ਵਿਧਾਇਕ ਤੇ ਕਾਲਜ ਵਿਕਾਸ ਕਮੇਟੀ ਦੇ ਚੇਅਰਮੈਨ ਸੰਜੀਵਾ ਮਤੰਦੂਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪਿਛਲੇ ਹਫ਼ਤੇ ਵਿਦਿਆਰਥਣਾਂ ਹਿਜਾਬ ਪਾ ਕੇ ਆਈਆਂ ਸਨ ਤੇ ਉਨ੍ਹਾਂ ਪਹਿਨੇ ਰੱਖਣ ਦੀ ਇਜਾਜ਼ਤ ਮੰਗੀ ਸੀ। ਸੀਡੀਸੀ ਨੇ ਸੋਮਵਾਰ ਬੈਠਕ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕਰਨਾਟਕ ਹਾਈ ਕੋਰਟ ਨੇ ਮਾਰਚ ਵਿਚ ਫ਼ੈਸਲਾ ਸੁਣਾਇਆ ਸੀ ਕਿ ਹਿਜਾਬ ਇਸਲਾਮ ਵਿਚ ਲਾਜ਼ਮੀ ਧਾਰਮਿਕ ਰਵਾਇਤ ਨਹੀਂ ਹੈ ਤੇ ਹਰੇਕ ਨੂੰ ਵਿਦਿਅਕ ਸੰਸਥਾਵਾਂ ਵਿਚ ਇਕਸਾਰ ਵਰਦੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। -ਪੀਟੀਆਈ