ਊਧਮਪੁਰ, 6 ਮਈ
ਥਲ ਸੈਨਾ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਘੁਸਪੈਠ ਵਿੱਚ ਕਾਫੀ ਕਮੀ ਆਈ ਹੈ, ਫਿਰ ਵੀ ਇਸ ਸਮੇਂ ਸਰਹੱਦ ਪਾਰ ਤੋਂ 200 ਅਤਿਵਾਦੀ ਜੰਮੂ ਕਸ਼ਮੀਰ ਅੰਦਰ ਦਾਖ਼ਲ ਹੋਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸਿਖਲਾਈ ਯਾਫਤਾ ਅਤਿਵਾਦੀਆਂ ਦੀ ਗਿਣਤੀ ਘਟ ਰਹੀ ਹੈ। ਕੰਟਰੋਲ ਰੇਖਾ ਅਤੇ ਜੰਮੂ ਕਸ਼ਮੀਰ ਸਰਹੱਦ ’ਤੇ ਸੁਰੱਖਿਆ ਸਥਿਤੀ ਬਾਰੇ ਉਨ੍ਹਾਂ ਕਿਹਾ, ‘ਭਾਰਤ-ਪਾਕਿ ਸਰਹੱਦ ਦੇ ਪਾਰ ਅਤਿਵਾਦੀਆਂ ਦੀ ਗਿਣਤੀ ਲਗਪਗ 200 ਹੈ। ਉਹ ਕੰਟਰੋਲ ਰੇਖਾ ਤੋਂ ਇਧਰ ਦਾਖ਼ਲ ਹੋਣ ਲਈ ਮੌਕਾ ਭਾਲ ਰਹੇ ਹਨ।’ ਇਸੇ ਦੌਰਾਨ ਉੱਤਰੀ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਹਾਲਾਤ ਸਥਿਰ ਹਨ ਪਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ-ਚੀਨ ਸਰਹੱਦ ’ਤੇ ਅਪਰੇਸ਼ਨਲ ਤਿਆਰੀਆਂ ਨੂੰ ਲੈ ਕੇ ਕੋਈ ਵੀ ਸੁੁਰੱਖਿਆ ਕੋਤਾਹੀ ਨਹੀਂ ਹੋਵੇਗੀ। ਊਧਮਪੁਰ ਸਥਿਤ ਉੱਤਰੀ ਕਮਾਨ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ (ਜੀਓਸੀ-ਇਨ-ਸੀ) ਨੇ ਕਿਹਾ ਕਿ ਭਾਰਤ ਹੁਣ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਨਾਲ ਮਜ਼ਬੂਤ ਸਥਿਤੀ ਵਿੱਚ ਗੱਲਬਾਤ ਕਰ ਰਿਹਾ ਹੈ ਅਤੇ ਧੱਕਾਮੁੱਕੀ ਰੋਕਣ ਲਈ ਸੰਚਾਰ ਚੈਨਲ ਸਥਾਪਿਤ ਕੀਤੇ ਗਏ ਹਨ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਸੈਨਿਕਾਂ ਦਾ ਕੋਈ ਸਰੀਰਕ ਸੰਪਰਕ ਨਾ ਹੋਵੇ।