ਨਵੀਂ ਦਿੱਲੀ, 28 ਜੂਨ
ਰੇਲਵੇ ਵਿੱਚ ਜੂਨ 2023 ਤੱਕ ਲਗਪਗ 2.74 ਲੱਖ ਅਸਾਮੀਆਂ ਖਾਲੀ ਹਨ, ਜਿਨ੍ਹਾਂ ਵਿੱਚੋਂ 1.7 ਲੱਖ ਤੋਂ ਵੱਧ ਸੁਰੱਖਿਆ ਸ਼੍ਰੇਣੀ ਵਿੱਚ ਹਨ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਪੁੱਛੇ ਗਏ ਸਵਾਲ ਰਾਹੀਂ ਮਿਲੀ ਹੈ। ਮੱਧ ਪ੍ਰਦੇਸ਼ ਦੇ ਆਰਟੀਆਈ ਕਾਰਕੁਨ ਚੰਦਰ ਸ਼ੇਖਰ ਗੌੜ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੇਲਵੇ ਨੇ ਕਿਹਾ ਹੈ ਕਿ ਲੈਵਲ-1 ਸਮੇਤ ਗਰੁੱਪ ਸੀ ਵਿੱਚ 2,74,580 ਅਸਾਮੀਆਂ ਖਾਲੀ ਹਨ। ਇਸ ਵਿੱਚ ਸੁਰੱਖਿਆ ਸ਼੍ਰੇਣੀ ਦੀਆਂ ਕੁੱਲ 1,77,924 ਅਸਾਮੀਆਂ ਸ਼ਾਮਲ ਹਨ। ਮੰਤਰਾਲੇ ਨੇ ਕਿਹਾ, ”ਇਸ ਸਾਲ ਪਹਿਲੀ ਜੂਨ (ਪ੍ਰੋਵਿਜ਼ਨਲ) ਤੱਕ ਭਾਰਤੀ ਰੇਲਵੇ ਦੇ ਗਰੁੱਪ-ਸੀ (ਲੈਵਲ-1 ਸਮੇਤ) ਵਿੱਚ ਖਾਲੀ ਗੈਰ-ਗਜ਼ਟਿਡ ਅਸਾਮੀਆਂ ਦੀ ਕੁੱਲ ਗਿਣਤੀ 2,74,580 ਹੈ।” ਮੰਤਰਾਲੇ ਅਨੁਸਾਰ, ”ਪਹਿਲੀ ਜੂਨ (ਪ੍ਰੋਵਿਜ਼ਨਲ) ਤੱਕ ਭਾਰਤੀ ਰੇਲਵੇ ਵਿੱਚ ਗਰੁੱਪ-ਸੀ (ਲੈਵਲ-1 ਸਮੇਤ) ਦੀ ਸੁਰੱਖਿਆ ਸ਼੍ਰੇਣੀ ‘ਚ ਮਨਜ਼ੂਰ, ਮੌਜੂਦਾ ਤੇ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ਕ੍ਰਮਵਾਰ 9,82,037, 8,04,113 ਅਤੇ 1,77,924 ਹੈ।” -ਪੀਟੀਆਈ