ਨਵੀਂ ਦਿੱਲੀ, 26 ਜੁਲਾਈ
ਮੁੱਖ ਅੰਸ਼
- ਵੀ ਮੁਰਲੀਧਰਨ ਵੱਲੋਂ ਪੇਸ਼ ਮਤਾ ਜ਼ੁਬਾਨੀ ਵੋਟਾਂ ਨਾਲ ਪਾਸ ਹੋਇਆ
- ਮੁਅੱਤਲ ਕੀਤੇ ਰਾਜ ਸਭਾ ਮੈਂਬਰ ਟੀਐੱਮਸੀ, ਡੀਐੱਮਕੇ, ਟੀਆਰਐੱਸ, ਸੀਪੀਆਈ (ਐੱਮ) ਤੇ ਸੀਪੀਆਈ ਨਾਲ ਸਬੰਧਤ
- ਵਿਰੋਧੀ ਧਿਰ ਦੇ ਹੰਗਾਮੇ ਕਾਰਨ ਉੱਪਰਲੇ ਸਦਨ ਦੀ ਕਾਰਵਾਈ ਦਿਨ ਭਰ ਲਈ ਕੀਤੀ ਮੁਅੱਤਲ
ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਅੱਜ ਵਿਰੋਧੀ ਧਿਰ ਦੇ 19 ਮੈਂਬਰਾਂ ਨੂੰ ਸਦਨ ਦੀ ਕਾਰਵਾਈ ’ਚ ਵਾਰ-ਵਾਰ ਅੜਿੱਕਾ ਪਾਉਣ ’ਤੇ ਇਸ ਹਫ਼ਤੇ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕੀਤੇ ਜਾਣ ਖ਼ਿਲਾਫ਼ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਬਾਅਦ ਦੁਪਹਿਰ 3.40 ਵਜੇ ਤੱਕ ਰਾਜ ਸਭਾ ਦੀ ਕਾਰਵਾਈ 4 ਵਾਰ ਮੁਲਤਵੀ ਕਰਨੀ ਪਈ ਪਰ ਜਦੋਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਜਾਰੀ ਰੱਖਿਆ ਤਾਂ ਉੱਪਰਲੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਲੋਕ ਸਭਾ ’ਚ ਵਿਰੋਧੀ ਧਿਰ ਨੇ ਮਹਿੰਗਾਈ ਤੇ ਜੀਐੱਸਟੀ ਲਾਗੂ ਕਰਨ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਹੇਠਲੇ ਸਦਨ ਦੀ ਕਾਰਵਾਈ ਦਿਨ ਵਿੱਚ ਕਈ ਵਾਰ ਮੁਅੱਤਲ ਕਰਨੀ ਪਈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਸੰਸਦ ਮੈਂਬਰ 18 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਹੀ ਵਧਦੀ ਮਹਿੰਗਾਈ ਤੇ ਜ਼ਰੂਰੀ ਵਸਤਾਂ ’ਤੇ ਜੀਐੱਸਅੀ ਵਧਾਉਣ ਦੇ ਮੁੱਦੇ ’ਤੇ ਬਹਿਸ ਦੀ ਮੰਗ ਕਰ ਰਹੇ ਸਨ। ਡਿਪਟੀ ਸਪੀਕਰ ਹਰਿਵੰਸ਼ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਨਾ ਸੁਣਨ ’ਤੇ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੇ ਚਾਰ ਲੋਕ ਸਭਾ ਮੈਂਬਰ ਮਨੀਕਮ ਟੈਗੋਰ, ਟੀਐੱਨ ਪ੍ਰਤਾਪਨ, ਜੋਤੀਮਨੀ ਤੇ ਰਾਮਿਆ ਹਰੀਦਾਸ ਨੂੰ ਬੀਤੇ ਦਿਨ ਮੁਅੱਤਲ ਕੀਤਾ ਗਿਆ ਸੀ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਵੀ ਮੁਰਲੀਧਰ ਨੇ ਅੱਜ ਰਾਜ ਸਭਾ ’ਚ 10 ਸੰਸਦ ਮੈਂਬਰਾਂ ਨੂੰ ਇਸ ਹਫ਼ਤੇ ਦੇ ਬਾਕੀ ਰਹਿੰਦੇ ਦਿਨਾਂ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਵਿਰੋਧੀ ਸੰਸਦ ਮੈਂਬਰਾਂ ’ਤੇ ਬਦਸਲੂਕੀ ਕਰਨ ਅਤੇ ਸਦਨ ਤੇ ਸਦਨ ਦੇ ਮੁਖੀ ਪ੍ਰਤੀ ਸਨਮਾਨ ਨਾ ਦਿਖਾਉਣ ਦਾ ਦੋਸ਼ ਲਾਇਆ। ਡਿਪਟੀ ਚੇਅਰਮੈਨ ਨੇ ਮਤਾ ਵੋਟ ਲਈ ਪੇਸ਼ ਤਾਂ ਉਨ੍ਹਾਂ 19 ਮੈਂਬਰਾਂ ਦੇ ਨਾਂ ਪੜ੍ਹ ਕੇ ਸੁਣਾਏ। ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਦੀ ਵੋਟਿੰਗ ਕਰਵਾਉਣ ਦੀ ਮੰਗ ਡਿਪਟੀ ਚੇਅਰਮੈਨ ਨੇ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਜਦੋਂ ਤੱਕ ਉਹ ਆਪਣੀਆਂ ਸੀਟਾਂ ‘ਤੇ ਵਾਪਸ ਨਹੀਂ ਜਾਂਦੇ ਤੇ ਸਦਨ ਦਾ ਹੁਕਮ ਨਹੀਂ ਮੰਨਦੇ, ਉਹ ਅਜਿਹਾ ਨਹੀਂ ਕਰਨਗੇ। ਹੰਗਾਮਾ ਨਾ ਰੁਕਦਾ ਦੇਖ ਕੇ ਉਨ੍ਹਾਂ ਸਦਨ ਦੀ ਕਾਰਵਾਈ ਲਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਮੀਟਿੰਗ 15 ਮਿੰਟ ਬਾਅਦ ਮੁੜ ਸ਼ੁਰੂ ਹੋਈ ਤਾਂ ਵੀ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਡਿਪਟੀ ਸਪੀਕਰ ਭੁਵਨੇਸ਼ਵਰ ਕਾਲਿਤਾ ਨੇ ਸਦਨ ਦੀ ਕਾਰਵਾਈ ਪਹਿਲਾਂ ਇੱਕ ਘੰਟੇ ਲਈ ਤੇ ਫਿਰ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ ਦੇ ਜੋ ਮੈਂਬਰ ਅੱਜ ਮੁਅੱਤਲ ਕੀਤੇ ਗਏ ਹਨ ਉਨ੍ਹਾਂ ਵਿੱਚ ਸੱਤ ਟੀਐੱਮਸੀ, ਛੇ ਡੀਐੱਮਕੇ, ਤਿੰਨ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ), ਦੋ ਸੀਪੀਆਈ (ਐੱਮ) ਅਤੇ ਇੱਕ ਸੀਪੀਆਈ ਨਾਲ ਸਬੰਧਤ ਹੈ। ਟੀਐੱਮਸੀ ਦੇ ਸੁਸ਼ਮਿਤਾ ਦੇਵ, ਮੌਸਮ ਨੂਰ, ਸ਼ਾਂਤਾ ਛੇਤਰੀ,ਸ਼ਾਂਤਨੂੰ ਸੇਨ, ਡੋਲਾ ਸੇਨ, ਅਬੀਰ ਰੰਜਨ ਬਿਸਵਾਸ ਤੇ ਨਦੀਮੁਲ ਹੱਕ, ਡੀਐੱਮਕੇ ਦੇ ਐੱਮ ਮੁਹੰਮਦ ਅਬਦੁੱਲ੍ਹਾ, ਕਨੀਮੋੜੀ ਐੱਨਵੀਐੱਨ ਸੋਮੂ, ਐੱਮ ਸ਼ਨਮੁਗਮ, ਐੱਮਸ ਕਲਿਆਣਸੁੰਦਰਮ, ਆਰ ਗਿਰੀਰਾਜਨ ਤੇ ਐੱਨਆਰ ਐਲਾਂਗੋ, ਟੀਆਰਐੱਸ ਦੇ ਬੀ ਲਿੰਗਈਆ ਯਾਦਵ, ਰਵੀਚੰਦਰ ਵੱਡੀਰਾਜੂ ਤੇ ਦਾਮੋਦਰ ਰਾਓ ਦੀਵਾਕੋਂਡਾ, ਸੀਪੀਆਈ (ਐੱਮ) ਦੇ ਵੀ ਸ਼ਿਵਾਦਾਸਨ ਤੇ ਏਏ ਰਹੀਮ ਅਤੇ ਸੀਪੀਆਈ ਦੇ ਸੰਤੋਸ਼ ਕੁਮਾਰ ਸ਼ਾਮਲ ਹਨ। ਉਧਰ ਲੋਕ ਸਭਾ ’ਚ ਵਿਰੋਧੀ ਧਿਰ ਨੇ ਮੈਂਬਰਾਂ ਨੇ ਵਧਦੀ ਮਹਿੰਗਾਈ ਤੇ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਕੀਤੇ ਜਾਣ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਸਵੇਰੇ 11 ਵਜੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਧਦੀ ਮਹਿੰਗਾਈ, ਜ਼ਰੂਰੀ ਵਸਤਾਂ ’ਤੇ ਜੀਐੱਸਟੀ ਲਾਉਣ ਦੇ ਮੁੱਦੇ ’ਤੇ ਹੰਗਾਮਾ ਕੀਤਾ ਤੇ ਨਾਅਰੇ ਮਾਰਦੇ ਹੋਏ ਸਪੀਕਰ ਦੀ ਸੀਟ ਦੇ ਸਾਹਮਣੇ ਪਹੁੰਚ ਗਏ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 11.45 ਵਜੇ ਤੱਕ ਮੁਅੱਤਲ ਕਰ ਦਿੱਤੀ। ਇਸ ਮਗਰੋਂ ਵੀ ਸਦਨ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਹਿਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਅੱਤਲ ਕਰ ਦਿੱਤੀ। -ਪੀਟੀਆਈ
ਮੁਅੱਤਲ ਕਾਂਗਰਸ ਮੈਂਬਰਾਂ ਵੱਲੋਂ ਸੰਸਦੀ ਗਲਿਆਰੇ ’ਚ ਮੁਜ਼ਾਹਰਾ
ਨਵੀਂ ਦਿੱਲੀ: ਲੋਕ ਸਭਾ ’ਚੋਂ ਮੁਅੱਤਲ ਕੀਤੇ ਗਏ ਚਾਰ ਸੰਸਦ ਮੈਂਬਰਾਂ ਨੇ ਅੱਜ ਆਪਣੀ ਮੁਅੱਤਲੀ ਖ਼ਿਲਾਫ਼ ਸੰਸਦ ਦੇ ਗਲਿਆਰੇ ’ਚ ਰੋਸ ਮੁਜ਼ਾਹਰਾ ਕੀਤਾ ਅਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਮੁਅੱਤਲ ਸੰਸਦ ਮੈਂਬਰਾਂ ਮਨੀਕਮ ਟੈਗੋਰ, ਰਾਮਿਆ ਹਰੀਦਾਸ, ਟੀਐੱਨ ਪ੍ਰਤਾਪਨ ਤੇ ਐੱਸ ਜੋਤੀਮਨੀ ਨੇ ਸੰਸਦ ਵਿਚਲੇ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ‘ਜਮਹੂਰੀਅਤ ਦਾ ਕਤਲ’ ਹੈ। ਐੱਨਸੀਪੀ, ਡੀਐੱਮਕੇ ਤੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਇਨ੍ਹਾਂ ਮੁਅੱਤਲ ਸੰਸਦ ਮੈਂਬਰਾਂ ਦਾ ਸਾਥ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸ ਨੇ ਦੋਸ਼ ਲਾਇਆ ਸਰਕਾਰ ਲੋਕ ਮਸਲੇ ਉਠਾਉਣ ਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਝੁਕਣ ਵਾਲੇ ਨਹੀਂ ਹਨ। -ਪੀਟੀਆਈ
ਸੰਸਦ ’ਚ ਗੰਭੀਰ ਮੁੱਦਿਆਂ ਤੋਂ ਬਚਿਆ ਜਾ ਰਿਹੈ: ਸੀਪੀਆਈ
ਨਵੀਂ ਦਿੱਲੀ: ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਅੱਜ ਰਾਜ ਸਭਾ ਦੇ 19 ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਇਹ ਸਭ ਕੁਝ ਗੰਭੀਰ ਮੁੱਦਿਆਂ ਤੋਂ ਬਚਣ ਲਈ ਕਰ ਰਹੀ ਹੈ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਟਵੀਟ ਕੀਤਾ, ‘ਗੰਭੀਰ ਮੁੱਦਿਆਂ ਤੋਂ ਬਚਿਆ ਜਾ ਰਿਹਾ ਹੈ। ਸਰਕਾਰ ਸੰਸਦ ਦੀ ਕਾਰਵਾਈ ਲੋਕਾਂ ਤੇ ਵਿਰੋਧੀ ਧਿਰ ਪ੍ਰਤੀ ਜਵਾਬਦੇਹੀ ਤੋਂ ਬਿਨਾਂ ਚਲਾਉਣੀ ਚਾਹੁੰਦੀ ਹੈ।’ -ਪੀਟੀਆਈ
ਦੇਸ਼ ’ਚੋਂ ਲੋਕਤੰਤਰ ਮੁਅੱਤਲ ਕੀਤਾ ਗਿਆ: ਓ’ਬ੍ਰਾਇਨ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਨੇ ਅੱਜ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਨੇ ਸੰਸਦ ਨੂੰ ਇੱਕ ‘ਅੰਨ੍ਹਾ ਖੂਹ’ ਬਣਾ ਦਿੱਤਾ ਹੈ। ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਾਰਤ ’ਚ ਲੋਕਤੰਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੰਸਦ ਨੂੰ ‘ਅੰਨ੍ਹਾ ਖੂਹ’ ਬਣਾ ਦਿੱਤਾ ਗਿਆ ਹੈ।’ ਉਨ੍ਹਾਂ ਦੋਸ਼ ਲਾਇਆ ਕਿ, ‘ਪ੍ਰਧਾਨ ਮੰਤਰੀ ਮੋਦੀ ਸੰਸਦ ਤੋਂ ਡਰੇ ਹੋਏ ਹਨ। -ਪੀਟੀਆਈ
ਸਰਕਾਰ ਨਹੀਂ ਵਿਰੋਧੀ ਧਿਰ ਬਹਿਸ ਤੋਂ ਭੱਜ ਰਹੀ ਹੈ: ਪਿਊਸ਼ ਗੋਇਲ
ਨਵੀਂ ਦਿੱਲੀ: ਰਾਜ ਸਭਾ ਦੇ 19 ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਬਾਰੇ ਭਾਜਪਾ ਨੇ ਕਿਹਾ ਕਿ ਇਹ ਫ਼ੈਸਲਾ ਬਹੁਤ ਹੀ ਦੁਖੀ ਮਨ ਨਾਲ ਲਿਆ ਗਿਆ ਹੈ ਕਿਉਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਚੇਅਰਮੈਨ ਦੀ ਅਪੀਲ ਦਰਕਿਨਾਰ ਕਰਦਿਆਂ ਸਦਨ ਦੀ ਕਾਰਵਾਈ ਤੇ ਹੋਰਨਾਂ ਮੈਂਬਰਾਂ ਦੇ ਹੱਕਾਂ ’ਚ ਅੜਿੱਕਾ ਪਾਇਆ। ਰਾਜ ਸਭਾ ’ਚ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਰਕਾਰ ਨਹੀਂ ਬਲਕਿ ਵਿਰੋਧੀ ਧਿਰ ਹੈ ਜੋ ਸੰਸਦ ’ਚ ਬਹਿਸ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕੋਵਿਡ-19 ਤੋਂ ਪੂਰੀ ਤਰ੍ਹਾਂ ਉੱਭਰ ਕੇ ਸੰਸਦ ’ਚ ਮੁੜ ਆਉਣ ਤਾਂ ਸਰਕਾਰ ਵਧੀਆਂ ਕੀਮਤਾਂ ਦੇ ਮੁੱਦੇ ’ਤੇ ਬਹਿਸ ਲਈ ਤਿਆਰ ਹੈ। -ਪੀਟੀਆਈ