ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਪਰੈਲ
ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚੋਂ ਕੋਈ ਕੋਵਿਡ ਵੈਕਸੀਨ ਦੀਆਂ 1710 ਖੁਰਾਕਾਂ ਚੋਰੀ ਹੋ ਗਈਆਂ। ਹਰਿਆਣਾ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦੌਰਾਨ ਪੁਲੀਸ ਨੇ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਵਿੱਢ ਦਿੱਤੀ ਹੈ, ਪਰ ਅਜੇ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਕੋਵਿਡ ਵੈਕਸੀਨ ਦੀਆਂ 1710 ਖੁਰਾਕਾਂ ਫਰੀਜ਼ਰ ਵਿੱਚ ਰੱਖੀਆਂ ਸਨ। ਇਸ ਵਿੱਚ 1270 ਕੋਵੀਸ਼ੀਲਡ ਅਤੇ 440 ਕੋਵੈਕਸੀਨ ਦੀਆਂ ਸਨ। ਰਾਤ 1 ਵਜੇ ਦੇ ਕਰੀਬ ਚੋਰਾਂ ਨੇ ਹਸਪਤਾਲ ਦੇ ਪੀਪੀ ਸੈਂਟਰ ਦਾ ਜਿੰਦਰਾ ਤੋੜ ਕੇ ਫਰੀਜ਼ਰ ਵਿੱਚ ਪਈਆਂ ਕੋਵਿਡ ਵੈਕਸੀਨਾਂ ਚੋਰੀ ਕਰਕੇ ਫ਼ਰਾਰ ਹੋ ਗਏ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਰ ਸਿਰਫ਼ ਵੈਕਸੀਨ ਚੋਰੀ ਕਰਨ ਦੀ ਮਨਸ਼ਾ ਨਾਲ ਆਏ ਸਨ। ਚੋਰਾਂ ਨੇ ਪੀਪੀ ਸੈਂਟਰ ਵਿੱਚ ਪਈ 50 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਨੂੰ ਹੱਥ ਤੱਕ ਨਹੀਂ ਲਗਾਇਆ। ਜੀਂਦ ਦੇ ਡੀਆਈਜੀ ਓਪੀ ਨਰਵਾਲ ਨੇ ਦੱਸਿਆ ਕਿ ਹਸਪਤਾਲ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਜੀਂਦ ਦੇ ਸਿਵਲ ਸਰਜਨ ਮਨਜੀਤ ਨੇ ਦੱਸਿਆ ਕਿ ਕੋਵਿਡ ਵੈਕਸੀਨ ਫਰੀਜ਼ਰ ਤੋਂ ਬਾਹਰ ਕੱਢਣ ਤੋਂ ਇਕ ਘੰਟਾ ਬਾਅਦ ਖਰਾਬ ਹੋ ਜਾਂਦੀ ਹੈ।