ਨਵੀਂ ਦਿੱਲੀ, 19 ਸਤੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ 2023 ਵਿੱਚ ਚਾਲੂ ਹੋ ਜਾਣ ਤੋਂ ਬਾਅਦ ਕੇਂਦਰ ਨੂੰ ਹਰ ਮਹੀਨੇ 1,000 ਤੋਂ 1500 ਕਰੋੜ ਰੁਪਏ ਦਾ ਟੌਲ ਮਾਲੀਆ ਮਿਲੇਗਾ। ਉਨ੍ਹਾਂ ਸਰਕਾਰੀ ਮਾਲਕੀ ਵਾਲੀ ਐੱਨਐੱਚਏਆਈ ਨੂੰ ਆਮਦਨ ਪੈਦਾ ਕਰਨ ਵਾਲੀ ‘ਸੋਨੇ ਦੀ ਖਾਣ’ ਦੱਸਿਆ।
ਪਿਛਲੇ ਸੱਤ ਸਾਲਾਂ ਤੋਂ ਦੇਸ਼ ਦੇ ਸੜਕੀ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਗਡਕਰੀ ਨੇ ਇਹ ਵੀ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਅਗਲੇ ਪੰਜ ਸਾਲਾਂ ਵਿੱਚ ਸਾਲਾਨਾ ਟੌਲ ਆਮਦਨ ਵਧਾ ਕੇ 1.40 ਲੱਖ ਕਰੋੜ ਰੁਪਏ ਕਰ ਦੇਵੇਗੀ ਜਦੋਂ ਕਿ ਮੌਜੂਦਾ ਸਮੇਂ ਆਮਦਨ 40 ਹਜ਼ਾਰ ਕਰੋੜ ਹੈ। ਗਡਕਰੀ ਨੇ ਹੁਣੇ-ਹੁਣੇ ਕੌਮੀ ਰਾਜਧਾਨੀ ਤੋਂ ਇਲਾਵਾ ਚਾਰ ਰਾਜਾਂ ਵਿੱਚੋਂ ਲੰਘਣ ਵਾਲੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਪਣਾ ਦੌਰਾ ਮੁਕੰਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗਾਂ ਦਾ ਬੁਨਿਆਦੀ ਢਾਂਚਾ ਵਿਸ਼ਵ ਪੱਧਰ ’ਤੇ ਸਫ਼ਲਤਾ ਦੀ ਕਹਾਣੀ ਹੈ। ਗਡਕਰੀ ਨੇ ਇੱਕ ਇੰਟਰਵਿਊ ਵਿੱਚ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਇੱਕ ਵਾਰ ਜਦੋਂ ਦਿੱਲੀ-ਮੁੰਬਈ ਐਕਸਪ੍ਰੈਸਵੇਅ ਮੁਕੰਮਲ ਹੋ ਗਿਆ ਅਤੇ ਜਨਤਾ ਲਈ ਖੋਲ੍ਹ ਦਿੱਤਾ ਗਿਆ ਤਾਂ ਸਾਨੂੰ ਹਰ ਮਹੀਨੇ ਘੱਟੋ-ਘੱਟ 1,000 ਤੋਂ 1,500 ਕਰੋੜ ਰੁਪਏ ਟੌਲ ਮਾਲੀਆ ਵਜੋਂ ਮਿਲੇਗਾ।’ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਮਾਰਚ 2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ‘ਭਾਰਤਮਾਲਾ ਪਰਿਯੋਜਨਾ’ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਬਣਾਇਆ ਜਾ ਰਿਹਾ ਹੈ। ਅੱਠ ਮਾਰਗੀ ਐਕਸਪ੍ਰੈਸਵੇਅ, ਜਿਸ ਵਿੱਚ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ, ਦੇ ਕੌਮੀ ਰਾਜਧਾਨੀ ਅਤੇ ਦੇਸ਼ ਦੇ ਵਿੱਤੀ ਕੇਂਦਰ ਦੇ ਵਿਚਕਾਰ ਆਉਣ-ਜਾਣ ਦਾ ਸਮਾਂ ਅੱਧਾ ਰਹਿ ਜਾਣ ਦੀ ਉਮੀਦ ਹੈ। ਐਨਐਚਏਆਈ ਦੇ ਵੱਡੇ ਕਰਜ਼ਿਆਂ ਕਾਰਨ ਚਿੰਤਤ ਹੋਣ ਸਬੰਧੀ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨੇ ਦੱਸਿਆ ਕਿ ਨੋਡਲ ਏਜੰਸੀ ਨੂੰ ‘ਏਏਏ’ ਰੇਟਿੰਗ ਮਿਲੀ ਹੈ ਅਤੇ ਇਸ ਦੇ ਸਾਰੇ ਸੜਕੀ ਪ੍ਰਾਜੈਕਟ ਲਾਹੇਵੰਦ ਹਨ। ‘ਏਏਏ’ ਉੱਚਤਮ ਕ੍ਰੈਡਿਟ ਰੇਟਿੰਗਾਂ ਵਿੱਚੋਂ ਇੱਕ ਹੈ ਅਤੇ ਮਜ਼ਬੂਤ ਵਿੱਤੀ ਸਥਿਤੀ ਨੂੰ ਦਰਸਾਉਂਦੀ ਹੈ। -ਪੀਟੀਆਈ
‘ਅਫ਼ਗਾਨਿਸਤਾਨ ਵਿੱਚ ਨਿਵੇਸ਼ ਸਬੰਧੀ ਅਗਲਾ ਫ਼ੈਸਲਾ ਪ੍ਰਧਾਨ ਮੰਤਰੀ ਲੈਣਗੇ’
ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਸਬੰਧੀ ਨਿਤਿਨ ਗਡਕਰੀ ਨੇ ਕਿਹਾ ਕਿ ਯੁੱਧਗ੍ਰਸਤ ਦੇਸ਼ ਵਿੱਚ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਸਬੰਧੀ ਅੰਤਿਮ ਫ਼ੈਸਲਾ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਨਾਲ ਰਲ ਕੇ ਲੈਣਗੇ।