ਜੰਮੂ, 5 ਮਈ
ਬੀਐੱਸਐੱਫ ਨੇ ਅੱਜ ਕਿਹਾ ਹੈ ਕਿ ਉਸ ਨੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸੁਰੰਗ ਦਾ ਪਤਾ ਲਗਾਇਆ ਹੈ ਅਤੇ ਆਉਣ ਵਾਲੀ ਅਮਰਨਾਥ ਯਾਤਰਾ ਵਿੱਚ ਵਿਘਨ ਪਾਉਣ ਲਈ ਪਾਕਿਸਤਾਨ ਸਥਿਤ ਅਤਿਵਾਦੀਆਂ ਦੀਆਂ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ ਖੇਤਰ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸਾਂਬਾ ਵਿੱਚ ਚੱਕ ਫਕੀਰਾ ਸਰਹੱਦੀ ਚੌਕੀ ਅਧੀਨ ਖੇਤਰ ਵਿੱਚ 150 ਮੀਟਰ ਲੰਬੀ ਸੁਰੰਗ ਦਾ ਪਤਾ ਲਗਾਇਆ ਗਿਆ। ਬੀਐੱਸਐੱਫ ਦੇ ਡੀਆਈਜੀ ਐੱਸਪੀਐੱਸ ਸੰਧੂ ਨੇ ਕਿਹਾ ਇਹ ਸੁਰੰਗ ਤਾਜ਼ਾ ਪੁੱਟੀ ਗਈ ਹੈ ਅਤੇ ਪਾਕਿਸਤਾਨ ਵਾਲੇ ਪਾਸੇ ਤੋਂ ਨਿਕਲੀ ਹੈ। ਇਹ ਦੋ ਫੁੱਟ ਚੌੜੀ ਹੈ ਤੇ 21 ਰੇਤ ਦੇ ਥੈਲੇ ਬਰਾਮਦ ਕੀਤੇ ਗਏ ਹਨ, ਜੋ ਸੁਰੰਗ ਦੇ ਨਿਕਾਸ ਨੂੰ ਮਜ਼ਬੂਤ ਕਰਨ ਲਈ ਵਰਤੇ ਗਏ ਹਨ।