ਕਰਜਾਤ (ਮਹਾਰਾਸ਼ਟਰ), 27 ਜੂਨ
ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਸ਼ਿਵ ਸੈਨਾ ਦੇ ਬਾਗ਼ੀ ਖ਼ੇਮੇ ਵਿੱਚੋਂ 15-20 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਸਿਆਸੀ ਸੰਕਟ ਵਿੱਚ ਫਸੀ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਆਦਿੱਤਿਆ ਨੇ ਮੁੰਬਈ ਦੇ ਬਾਹਰੀ ਇਲਾਕੇ ਕਰਜਾਤ ਵਿੱਚ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਪਾਰਟੀ ਵਰਕਰ ਮੌਜੂਦਾ ਸਥਿਤੀ ਨੂੰ ਮੌਕੇ ਵਜੋਂ ਦੇਖ ਰਿਹਾ ਹੈ, ਨਾ ਕਿ ਸਮੱਸਿਆ ਵਜੋਂ। ਬਾਗ਼ੀ ਵਿਧਾਇਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਗੰਦਗੀ ਸਾਫ਼ ਹੋ ਗਈ। ਹੁਣ ਅਸੀਂ ਕੁੱਝ ਚੰਗਾ ਕਰ ਸਕਦੇ ਹਾਂ।’’ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਨੇ ਕਿਹਾ, ‘‘ਲਗਪਗ 15-20 ਵਿਧਾਇਕ ਸਾਡੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਮੇਰੇ ਅਤੇ ਸ਼ਿਵ ਸੈਨਿਕਾਂ ਨਾਲ ਗੱਲ ਕੀਤੀ ਹੈ ਅਤੇ ਸਾਨੂੰ ਗੁਹਾਟੀ ਤੋਂ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।’’ -ਪੀਟੀਆਈ
ਐੱਮਵੀਏ ਨੇਤਾਵਾਂ ਵੱਲੋਂ ਊਧਵ ਠਾਕਰੇ ਨਾਲ ਮੁਲਾਕਾਤ
ਮੁੰਬਈ: ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ ਨੇ ਦੇਰ ਸ਼ਾਮ ਉਪਨਗਰ ਬਾਂਦਰਾ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਦੀ ਰਿਹਾਇਸ਼ ‘ਮਾਤੋਸ੍ਰੀ’ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਗੱਠਜੋੜ ਦੇ ਭਾਈਵਾਲ ਹਾਂ। ਅਸੀਂ ਇਕੱਠੇ ਬੈਠ ਕੇ ਕਈ ਗੱਲਾਂ ’ਤੇ ਚਰਚਾ ਕਰਾਂਗੇ।’’ ਇਸੇ ਦੌਰਾਨ ਕਾਂਗਰਸੀ ਮੰਤਰੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਵੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦਾ ਸੱਤਾਧਾਰੀ ਮਹਾ ਵਿਕਾਸ ਅਘਾੜੀ ਗੱਠਜੋੜ ਰਾਜਨੀਤਕ ਸੰਕਟ ਨਾਲ ਜੂਝ ਰਿਹਾ ਹੈ। ਐੱਨਸੀਪੀ ਨੇਤਾ ਦਲੀਪ ਵਲਸੇ ਪਾਟਿਲ ਅਤੇ ਜੈਯੰਤ ਪਾਟਿਲ ਨੇ ਵੀ ਸੋਮਵਾਰ ਨੂੰ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ