ਅਜੈ ਬੈਨਰਜੀ
ਨਵੀਂ ਦਿੱਲੀ, 7 ਅਗਸਤ
ਥਲ ਸੈਨਾ ਨੇ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਨਿਗਰਾਨੀ ਰੱਖਣ ਤੇ ਜ਼ਮੀਨੀ ਹਾਲਾਤ ਦੀ ਸਿੱਧੀ ਜਾਣਕਾਰੀ ਲਈ ਮਸਨੂਈ ਬੌਧਿਕਤਾ (ਏਆਈ) ਆਧਾਰਿਤ 140 ਨਿਗਰਾਨ ਸਿਸਟਮਾਂ ਦੀ ਤਾਇਨਾਤੀ ਕੀਤੀ ਹੈ। ਭਾਰਤ ਦੀ ਪਾਕਿਸਤਾਨ ਨਾਲ 749 ਕਿਲੋਮੀਟਰ ਕੰਟਰੋਲ ਰੇਖਾ (ਐੱਲਓਸੀ) ਲੱਗਦੀ ਹੈ ਜਦੋਂਕਿ ਚੀਨ ਨਾਲ ਖਹਿੰਦੀ ਅਸਲ ਕੰਟਰੋਲ ਰੇਖਾ (ਐੱਲਏਸੀ) 3448 ਕਿਲੋਮੀਟਰ ਲੰਮੀ ਹੈ। ਇਨ੍ਹਾਂ ਸਿਸਟਮਾਂ ਦੀ ਤਾਇਨਾਤੀ ਨਾਲ ਭਾਰਤ ਕੋਲ ਹੁਣ ਆਲਮੀ ਪੱਧਰ ਦਾ ਨਿਗਰਾਨੀ ਪ੍ਰਬੰਧ ਹੈ। ਇਸ ਨਵੇਂ ਪ੍ਰਬੰਧ ਵਿੱਚ ਹਾਈ ਰੈਜ਼ੋਲੂਸ਼ਨ ਕੈਮਰੇ, ਸੈਂਸਰ, ਯੂਏਵੀ ਫੀਡ ਤੇ ਰਾਡਾਰ ਫੀਡ ਸ਼ਾਮਲ ਹਨ, ਜੋ ਏਆਈ ਇੰਟੈਲੀਜੈਂਸ ਤਕਨੀਕ ਜ਼ਰੀਏ ਕੰਮ ਕਰਨਗੇ।
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਨਿਸ਼ਾਨਿਆਂ, ਫਿਰ ਚਾਹੇ ਇਹ ਵਿਅਕਤੀ ਹੋਵੇ ਜਾਂ ਮਸ਼ੀਨ, ਦਾ ਵਰਗੀਕਰਨ ਤੇ ਇਨ੍ਹਾਂ ਨੂੰ ਇਕ ਦੂਰੀ ਤੋਂ ਡਿਟੈਕਟ ਕਰਨਾ ਸੁਖਾਲਾ ਹੋ ਜਾਵੇਗਾ। ਏਆਈ-ਓਰੀਐਂਟਿਡ ਮਸ਼ੀਨਾਂ ਵਿਆਖਿਆ, ਬਦਲਾਅ ਤੇ ਬੇਨੇਮੀਆਂ ਦੇ ਨਾਲ ਸਰਹੱਦਾਂ ’ਤੇ ਘੁਸਪੈਠ ਦਾ ਖੁਰਾ-ਖੋਜ ਲਾਉਣ ਅਤੇ ਡਰੋਨਾਂ ਦੀ ਫੁਟੇਜ ਨੂੰ ਪੜ੍ਹ ਸਕਣ ਦੇ ਸਮਰੱਥ ਹਨ। ਇਸ ਨਵੇਂ ਪ੍ਰਬੰਧ ਨਾਲ ਫੌਜੀਆਂ ਵੱਲੋਂ ਸਰਹੱਦ ’ਤੇ ਕੀਤੀ ਜਾਂਦੀ ਮੈਨੂਅਲ ਗਸ਼ਤ ਦੇ ਅਮਲ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਏਆਈ-ਆਧਾਰਿਤ ਨਿਗਰਾਨੀ ਯੂਨਿਟਾਂ ਨੂੰ ਰੀਅਲ-ਟਾਈਮ ਸੋਸ਼ਲ ਮੀਡੀਆ ’ਤੇ ਨਿਗ੍ਹਾ ਰੱਖਣ ਲਈ ਵੀ ਵਰਤਿਆ ਜਾ ਸਕੇਗਾ। ਇਹ ਪ੍ਰਾਜੈਕਟ ਤਕਨਾਲੋਜੀ ਬਾਰੇ ਕੌਮੀ ਟਾਸਕ ਫੋਰਸ ਵੱਲੋਂ ਪਛਾਣ ਕੀਤੇ 12 ਏਆਈ ਡੋਮੇਨ ਦਾ ਹਿੱਸਾ ਹਨ। ਸ਼ੱਕੀ ਵਾਹਨਾਂ ਦੀ ਪਛਾਣ ਲਈ ਏਆਈ ਆਧਾਰਿਤ ਸਿਸਟਮ ਉੱਤਰੀ ਤੇ ਦੱਖਣੀ ਕਮਾਂਡਾਂ ਵਿੱਚ ਅੱਠ ਲੋਕੇਸ਼ਨਾਂ ’ਤੇ ਸਥਾਪਿਤ ਕੀਤਾ ਗਿਆ ਹੈ। ਥਲ ਸੈਨਾ ਅਜਿਹੇ ਪ੍ਰਾਜੈਕਟਾਂ ਲਈ ਡੀਆਰਡੀਓ ਸਣੇ ਅਕਾਦਮੀਸ਼ੀਅਨਾਂ ਤੇ ਭਾਰਤੀ ਸਨਅਤ ਨਾਲ ਮਿਲ ਕੇ ਕੰਮ ਕਰ ਰਹੀ ਹੈ।