ਨਵੀਂ ਦਿੱਲੀ, 5 ਅਕਤੂਬਰ
ਮਿਆਂਮਾਰ ਵਿੱਚ ਨੌਕਰੀ ਦੇ ਝਾਂਸੇ ਵਿੱਚ ਫਸੇ 13 ਹੋਰ ਭਾਰਤੀਆਂ ਨੂੰ ਬਚਾਅ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਅਰਿੰਦਮ ਬਾਗਚੀ ਨੇ ਦੱਸਿਆ ਕਿ ਅੱਜ ਇਹ ਮਿਆਂਮਾਰ ਦੇ ਮਿਆਵਾੜੀ ਤੋਂ ਤਾਮਿਲਨਾਡੂ ਪਹੁੰਚ ਗਏ ਹਨ। ਪਿਛਲੇ ਮਹੀਨੇ ਵੀ ਮਿਆਂਮਾਰ ਅਤੇ ਥਾਈਲੈਂਡ ਵਿੱਚ ਭਾਰਤੀ ਮਿਸ਼ਨਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਮਿਆਵਾੜੀ ਤੋਂ 32 ਭਾਰਤੀਆਂ ਨੂੰ ਬਚਾਇਆ ਗਿਆ ਸੀ।
ਇਸ ਸਬੰਧੀ ਬਾਗਚੀ ਨੇ ਟਵੀਟ ਕੀਤਾ, ‘‘ਅਸੀਂ ਮਿਆਂਮਾਰ ’ਚ ਫਰਜ਼ੀ ਨੌਕਰੀ ਦੇ ਝਾਂਸੇ ’ਚ ਫਸੇ ਭਾਰਤੀ ਨਾਗਰਿਕਾਂ ਦੇ ਮਾਮਲੇ ਦੀ ਸਰਗਰਮੀ ਨਾਲ ਪੈਰਵੀ ਕਰ ਰਹੇ ਹਾਂ। ਮਿਆਂਮਾਰ ਅਤੇ ਥਾਈਲੈਂਡ ਵਿਚਲੇ ਭਾਰਤੀ ਸਫੀਰਾਂ ਦੀਆਂ ਕੋਸ਼ਿਸ਼ਾਂ ਸਦਕਾ 32 ਦੇ ਕਰੀਬ ਭਾਰਤੀਆਂ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ, ਜਿਸ ਲਈ ਉਨ੍ਹਾਂ ਦਾ ਧੰਨਵਾਦ।’’ ਉਨ੍ਹਾਂ ਦੱਸਿਆ, ‘‘13 ਹੋਰ ਭਾਰਤੀ ਨਾਗਰਿਕ ਬਚਾਅ ਲਏ ਗਏ ਹਨ, ਜੋ ਅੱਜ ਤਾਮਿਲਨਾਡੂ ਪਹੁੰਚ ਗਏ ਹਨ।’’
ਜ਼ਿਕਰਯੋਗ ਹੈ ਕਿ ਦੱਖਣੀ-ਪੂਰਬੀ ਮਿਆਂਮਾਰ ਦੇ ਕਾਇਨ ਸੂਬੇ ਦਾ ਮਿਆਵਾੜੀ ਇਲਾਕਾ ਪੂਰੀ ਤਰ੍ਹਾਂ ਮਿਆਂਮਾਰ ਸਰਕਾਰ ਦੇ ਅਧੀਨ ਨਹੀਂ ਹੈ। ਇਸ ’ਤੇ ਕੁਝ ਨਸਲੀ ਹਥਿਆਰਬੰਦ ਜਥੇਬੰਦੀਆਂ ਕਾਬਜ਼ ਹਨ। ਬਾਗਚੀ ਨੇ ਦੱਸਿਆ, ‘‘ਕੁਝ ਹੋਰ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਫਰਜ਼ੀ ਮਾਲਕਾਂ ਤੋਂ ਛੁਡਵਾਇਆ ਗਿਆ ਹੈ ਤੇ ਉਹ ਮਿਆਂਮਾਰ ਵਿਚ ਗੈਰਕਾਨੂੰਨੀ ਦਾਖਲੇ ਕਾਰਨ ਉਥੋਂ ਦੇ ਅਧਿਕਾਰੀਆਂ ਦੀ ਹਿਰਾਸਤ ਵਿਚ ਹਨ। ਉਨ੍ਹਾਂ ਨੂੰ ਜਲਦੀ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।’’ -ਪੀਟੀਆਈ