ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ਵਾਪਰੀ ਘਟਨਾ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ਦੇ ਭਿਵਿੰਡੀ ਕਸਬੇ ’ਚ ਡਿੱਗੀ ’ਚ ਇਮਾਰਤ ਦੇ ਮਲਬੇ ’ਚ ਲੋਕਾਂ ਦੀ ਭਾਲ ਕਰਦੇ ਹੋਏ ਫਾਇਰ ਬ੍ਰਿਗੇਡ ਤੇ ਪੁਲੀਸ ਦ ਮੁਲਾਜ਼ਮ। -ਪੀਟੀਆਈ

ਥਾਣੇ, 21 ਸਤੰਬਰ

ਮਹਾਰਾਸ਼ਟਰ ਦੇ ਭਿਵਿੰਡੀ ਕਸਬੇ ’ਚ ਅੱਜ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਸੱਤ ਬੱਚਿਆਂ ਸਣੇ 13 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਵਰ੍ਹਿਆਂ ਦੇ ਇੱਕ ਬੱਚੇ ਸਣੇ 20 ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ 43 ਸਾਲ ਪੁਰਾਣੀ ਜਿਲਾਨੀ ਬਿਲਡਿੰਗ ਢਹਿਣ ਦੀ ਇਹ ਘਟਨਾ ਤੜਕੇ 3:40 ’ਤੇ ਵਾਪਰੀ। ਘਟਨਾ ਵਿੱਚ ਮਾਰੇ ਲੋਕਾਂ ਵਿੱਚ ਦੋ ਸਾਲਾਂ ਦਾ ਇੱਕ ਬੱਚਾ ਵੀ ਸ਼ਾਮਲ ਹੈ। ਥਾਣੇ ਤੋਂ 10 ਕਿਲੋਮੀਟਰ ਦੂਰ ਸਥਿਤ ਭਿਵਿੰਡੀ ਇੱਕ ਪਾਵਰਲੂਮ ਕਸਬਾ ਹੈ।

ਥਾਣੇ ਡਿਜ਼ਾਸਟਰ ਰਿਸਪਾਂਸ ਫੋਰਸ (ਟੀਡੀਆਰਐੱਫ) ਦੇ ਮੈਂਬਰਾਂ ਨੇ ਮੌਕੇ ’ਤੇ ਮਲਬੇ ਵਿੱਚੋਂ ਇੱਕ ਬੱਚੇ ਉਬੈਦ ਕੁਰੈਸ਼ੀ ਕੱਢ ਕੇ ਉਸਨੂੰ ਪਾਣੀ ਪਿਆਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ 40 ਫਲੈਟਾਂ ਵਿੱਚ ਲੱਗਪਗ 150 ਜਣੇ ਰਹਿੰਦੇ ਹਨ।

ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਧਾਮੰਕਰ ਨਾਕਾ ਨੇੜੇ ਨਰਪੋਲੀ ਦੇ ਪਟੇਲ ਕੰਪਾਊਂਡ ’ਚ ਸਥਿਤ ਇਹ ਇਮਾਰਤ ਡਿੱਗਣ ਦੀ ਘਟਨਾ ਉਦੋਂ ਵਾਪਰੀ ਜਦੋਂ ਸਾਰੇ ਜਣੇ ਸੁੱਤੇ ਹੋਏ ਸਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਐੱਸ.ਐੱਨ. ਪ੍ਰਧਾਨ ਨੇ ਦੱਸਿਆ ਕਿ ਮਲਬੇ ’ਚੋਂ ਲੋਕਾਂ ਨੂੰ ਲੱਭਣ ਲਈ ਡਾਗ ਸਕੁਐਡ ਦੀ ਮਦਦ ਲਈ ਜਾ ਰਹੀ ਹੈ। ਥਾਣੇ ਮਿਊਂਸਿਪਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦਾ ਇੱਕ ਹਿੱਸਾ ਡਿੱਗਣ ਕਾਰਨ ਉੱਥੇ ਰਹਿੰਦੇ ਲੋਕ ਮਲਬੇ ਹੇਠ ਫਸ ਗਏ। ਉਨ੍ਹਾਂ ਦੱਸਿਆ ਇਹ ਇਮਾਰਤ ਭਿਵਿੰਡੀ-ਨਿਜ਼ਾਮਪੁਰ ਮਿਊਂਸਿਪਲ ਕਾਰਪੋਰੇਸ਼ਨ ਦੀ ਪੁਰਾਣੀਆਂ ਇਮਾਰਤਾਂ ਵਾਲੀ ਸੂਚੀ ਵਿੱਚ ਨਹੀਂ ਸੀ।

ਮੌਕੇ ਦੇ ਚਸ਼ਮਦੀਦਾਂ ਮੁਤਾਬਕ ਘਟਨਾ ਵਾਪਰਨ ਤੋਂ ਤੁਰੰਤ ਮਗਰੋਂ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਕੁਝ ਲੋਕਾਂ ਨੂੰ ਮਲਬੇ ’ਚੋਂ ਕੱਢਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਵਧਾਨੀ ਦੇ ਮੱਦੇਨਜ਼ਰ ਉਕਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪੁਹੰਚਾਇਆ ਗਿਆ ਹੈ।

ਭਿਵਿੰਡੀ ਦੇ ਡੀਐੱਸਪੀ ਰਾਜਕੁਮਾਰ ਸ਼ਿੰਦੇ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਦੇ ਸ਼ਿਕਾਇਤ ’ਤੇ ਇਮਾਰਤ ਦੇ ਮਾਲਕ ਸੱਯਦ ਅਹਿਮਦ ਜਿਲਾਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All