ਲਖਨਊ, 21 ਅਕਤੂਬਰ
ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਹਿਲਾਵਾਂ ਨੂੰ 40 ਫ਼ੀਸਦ ਟਿਕਟਾਂ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਸਾਰੀਆਂ 12ਵੀਂ ਜਮਾਤ ਪਾਸ ਕੁੜੀਆਂ ਨੂੰ ਸਮਾਰਟ ਫੋਨ ਜਦਕਿ ਸਾਰੀਆਂ ਗ੍ਰੈਜੂਏਟ ਕੁੜੀਆਂ ਨੂੰ ਇਕ-ਇਕ ਇਲੈਕਟ੍ਰਿਕ ਸਕੂਟੀ ਦਿੱਤੀ ਜਾਵੇਗੀ। ਪ੍ਰਿਯੰਕਾ ਗਾਂਧੀ ਨੇ ਹਿੰਦੀ ਵਿਚ ਇਕ ਟਵੀਟ ਕੀਤਾ, ‘‘ਕੱਲ੍ਹ, ਮੈਂ ਕੁਝ ਵਿਦਿਆਰਥਣਾਂ ਨੂੰ ਮਿਲੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ ਤੇ ਸੁਰੱਖਿਆ ਲਈ ਸਮਾਰਟ ਫੋਨਾਂ ਦੀ ਲੋੜ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਉੱਤਰ ਪ੍ਰਦੇਸ਼ ਕਾਂਗਰਸ ਨੇ ਮੈਨੀਫੈਸਟੋ ਕਮੇਟੀ ਨਾਲ ਮਸ਼ਵਰਾ ਕਰਨ ਤੋਂ ਬਾਅਦ ਫ਼ੈਸਲਾ ਲਿਆ ਹੈ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ 12ਵੀਂ ਪਾਸ ਕੁੜੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਜਦਕਿ ਗ੍ਰੈਜੂਏਟ ਕੁੜੀਆਂ ਨੂੰ ਸਕੂਟੀਆਂ ਦਿੱਤੀਆਂ ਜਾਣਗੀਆਂ।’’ ਇਸ ਨੂੰ ਇਕ ਹੋਰ ਅਹਿਮ ਫ਼ੈਸਲਾ ਅਤੇ ਆਗਾਮੀ ਚੋਣਾਂ ਵਿਚ ਮਹਿਲਾਵਾਂ ਨੂੰ 40 ਫ਼ੀਸਦ ਟਿਕਟਾਂ ਦੇਣ ਦੇ ਵਾਅਦੇ ਤੋਂ ਬਾਅਦ ਦੂਜਾ ਅਹਿਮ ਵਾਅਦਾ ਕਰਾਰ ਦਿੰਦਿਆਂ ਕਾਂਗਰਸ ਦੇ ਬੁਲਾਰੇ ਅੰਸ਼ੂ ਅਵਸਥੀ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਸੂਬੇ ਵਿਚ ਧੀਆਂ ਨੂੰ ਮਾਣ ਅਤੇ ਸੁਰੱਖਿਆ ਦੇਣਾ ਹੈ। ਪ੍ਰਿਯੰਕਾ ਗਾਂਧੀ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੀਆਂ ਸਕੂਲ ਤੇ ਕਾਲਜ ਦੀਆਂ ਕੁੜੀਆਂ ਦੀ ਇਕ ਵੀਡੀਓ ਵੀ ਆਪਣੇ ਟਵੀਟ ਨਾਲ ਨੱਥੀ ਕੀਤੀ ਹੈ। ਇਸ ਵਿਚ ਕੁੜੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨਾਲ ਤਸਵੀਰਾਂ ਖਿਚਵਾਈਆਂ ਹਨ। ਵੀਡੀਓ ਵਿਚ ਇਕ ਵਿਦਿਆਰਥਣ ਕਹਿ ਰਹੀ ਹੈ, ‘‘ਪ੍ਰਿਯੰਕਾ ਗਾਂਧੀ ਨੇ ਸਾਨੂੰ ਪੁੱਛਿਆ ਕਿ ਕੀ ਸਾਡੇ ਕੋਲ ਸੈਲਫੀਆਂ ਲੈਣ ਲਈ ਫੋਨ ਹਨ। ਅਸੀਂ ਕਿਹਾ ਨਾ ਸਾਡੇ ਕੋਲ ਫੋਨ ਹਨ ਤੇ ਨਾ ਹੀ ਸਾਨੂੰ ਕਾਲਜਾਂ ਵਿਚ ਫੋਨ ਲੈ ਕੇ ਜਾਣ ਦੀ ਇਜਾਜ਼ਤ ਹੈ। ਫਿਰ ਉਨ੍ਹਾਂ ਪੁੱਛਿਆ ਕਿ ਜੇਕਰ ਉਹ ਐਲਾਨ ਕਰ ਦੇਣ ਕਿ ਕੁੜੀਆਂ ਨੂੰ ਫੋਨ ਮਿਲਣੇ ਚਾਹੀਦੇ ਹਨ। ਇਸ ’ਤੇ ਅਸੀਂ ਕਿਹਾ ਕਿ ਆਪਣੀ ਸੁਰੱਖਿਆ ਵਾਸਤੇ ਇਸ ਨਾਲੋਂ ਵੱਧ ਸਾਨੂੰ ਹੋਰ ਕੀ ਚਾਹੀਦਾ ਹੈ।’’ ਪ੍ਰਿਯੰਕਾ ਗਾਂਧੀ ਨੇ ਪੁਲੀਸ ਹਿਰਾਸਤ ’ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਬੁੱਧਵਾਰ ਦੇਰ ਰਾਤ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਦੁਖ ਵੰਡਾਇਆ ਤੇ ਪਾਰਟੀ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਿਦੱਤਾ। -ਪੀਟੀਆਈ
ਮੇਰੇ ਨਾਲ ਤਸਵੀਰਾਂ ਖਿਚਵਾਉਣ ਵਾਲੀਆਂ ਮਹਿਲਾ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਨੇ ਯੋਗੀ: ਪ੍ਰਿਯੰਕਾ
ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦਾਅਵਾ ਕੀਤਾ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਕੁਝ ਮਹਿਲਾ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਪੁਲੀਸ ਹਿਰਾਸਤ ਵਿਚ ਮਰਨ ਵਾਲੇ ਇਕ ਸਫ਼ਾਈ ਕਰਚਮਾਰੀ ਦੇ ਪਰਿਵਾਰ ਨੂੰ ਮਿਲਣ ਲਈ ਬੁੱਧਵਾਰ ਨੂੰ ਆਗਰਾ ਜਾਣ ਵੇਲੇ ਰਸਤੇ ਵਿਚ ਖਿੱਚੀ ਗਈ ਇਕ ਤਸਵੀਰ ਦੇ ਨਾਲ ਪ੍ਰਿਯੰਕਾ ਗਾਂਧੀ ਨੇ ਹਿੰਦੀ ਵਿਚ ਟਵੀਟ ਕੀਤਾ, ‘‘ਖ਼ਬਰ ਆ ਰਹੀ ਹੈ ਕਿ ਇਸ ਤਸਵੀਰ ਕਾਰਨ ਯੋਗੀ ਜੀ ਐਨੇ ਨਿਰਾਸ਼ ਹੋ ਗਏ ਹਨ ਕਿ ਇਨ੍ਹਾਂ ਮਹਿਲਾ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ। ਜੇਕਰ ਮੇਰੇ ਨਾਲ ਤਸਵੀਰ ਖਿਚਵਾਉਣਾ ਜੁਰਮ ਹੈ ਤਾਂ ਮੈਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਮਿਹਨਤਕਸ਼ ਅਤੇ ਇਮਾਨਦਾਰ ਮਹਿਲਾ ਪੁਲੀਸ ਮੁਲਾਜ਼ਮਾਂ ਦਾ ਭਵਿੱਖ ਖਰਾਬ ਕਰਨਾ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ।’ -ਪੀਟੀਆਈ
ਯੋਗੀ ਨੇ ਅਖਿਲੇਸ਼ ਤੇ ਉਮਰ ਖਾਲਿਦ ਦੇ ਪਿਤਾ ਦੀ ਮੁਲਾਕਾਤ ’ਤੇ ਸੁੁਆਲ ਉਠਾਏ
ਲਖਨਊ: ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਵਿਦਿਆਰਥੀ ਆਗੂ ਉਮਰ ਖਾਲਿਦ, ਜੋ ਦਿੱਲੀ ਹਿੰਸਾ ਕੇਸ ਵਿੱਚ ਨਾਮਜ਼ਦ ਹੈ, ਦੇ ਪਿਤਾ ਅਤੇ ਐੱਸਪੀ ਪ੍ਰਧਾਨ ਅਖਿਲੇਸ਼ ਯਾਦਵ ਦੀ ਹਾਲ ਹੀ ਵਿੱਚ ਹੋਈ ਮੁਲਾਕਾਤ ’ਤੇ ਸੁਆਲ ਉਠਾਉਂਦਿਆਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ। ਇੱਥੇ ਸਮਾਜਿਕ ਪ੍ਰਤੀਨਿਧੀ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,‘ਵਿਰੋਧੀ ਪਾਰਟੀਆਂ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਤੁਸੀਂ ਦੇਖ ਹੀ ਲਿਆ ਹੋਵੇਗਾ ਪਾਰਟੀ ਨੇ ਕਿਸ ਨਾਲ ਮੀਟਿੰਗ ਕੀਤੀ ਹੈ। -ਪੀਟੀਆਈ