ਚੇਨੱਈ, 13 ਫਰਵਰੀ
ਮੁੱਖ ਮੰਤਰੀ ਕੇ.ਪਲਾਨੀਸਵਾਮੀ ਨੇ ਤਾਮਿਲ ਨਾਡੂ ਵਿੱਚ 16 ਲੱਖ ਤੋਂ ਵੱਧ ਕਿਸਾਨਾਂ ਲਈ 12,110 ਕਰੋੜ ਰੁਪਏ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦੀ ਸਕੀਮ ਦਾ ਆਗਾਜ਼ ਕਰਦਿਆਂ ਅੱਜ ਨੌਂ ਕਿਸਾਨਾਂ ਨੂੰ ਸਰਟੀਫਿਕੇਟ ਵੰਡੇ। ਸਰਟੀਫਿਕੇਟ ਮੁਤਾਬਕ ਮੁਆਫ਼ ਕੀਤਾ ਕਰਜ਼ਾ ਸਹਿਕਾਰੀ ਬੈਂਕਾਂ ਨਾਲ ਸਬੰਧਤ ਹੈ ਤੇ 31 ਜਨਵਰੀ 2021 ਤੱਕ ਬਕਾਇਆ ਕਰਜ਼ ਨੂੰ ਮੁਆਫ਼ ਕੀਤਾ ਜਾਂਦਾ ਹੈ। ਸਕੀਮ ਦੇ ਆਗਾਜ਼ ਲਈ ਸੂਬਾ ਸਕੱਤਰੇਤ ਵਿੱਚ ਰੱਖੇ ਸਮਾਗਮ ਵਿੱਚ ਉਪ ਮੁੱਖ ਮੰਤਰੀ ਓ.ਪਨੀਰਸੇਲਵਮ, ਖੇਤੀ ਮੰਤਰੀ ਕੇ.ਪੀ.ਅਨਬਲਾਗਨ ਤੇ ਮੁੱਖ ਸਕੱਤਰ ਰਾਜੀਵ ਰੰਜਨ ਦੀ ਅਗਵਾਈ ਵਿੱਚ ਸੀਨੀਅਰ ਅਧਿਕਾਰੀ ਮੌਜੂਦ ਸਨ। ਚੇਤੇ ਰਹੇ ਕਿ ਮੁੱਖ ਮੰਤਰੀ ਪਲਾਨੀਸਵਾਮੀ ਨੇ ਪਿਛਲੇ ਦਿਨੀਂ 16,43,347 ਕਿਸਾਨਾਂ ਵੱੱਲੋਂ ਸਹਿਕਾਰੀ ਬੈਂਕਾਂ ਤੋਂ ਲਏ 12,110.74 ਕਰੋੜ ਰੁਪਏ ਦੇ ਫ਼ਸਲੀ ਕਰਜ਼ੇ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਇਸ ਐਲਾਨ ਨਾਲ ਉਨ੍ਹਾਂ ਕਿਸਾਨਾਂ ਨੂੰ ਲਾਹਾ ਮਿਲੇਗਾ, ਜਿਨ੍ਹਾਂ ਦੀਆਂ ਫਸਲਾਂ ਨੂੰ ਪਿਛਲੇ ਸਾਲ ਚੱਕਰਵਾਤੀ ਤੂਫ਼ਾਨ ‘ਨਿਵਾਰ’ ਤੇ ‘ਬੁਵੇਰੀ’ ਕਰਕੇ ਵੱਡਾ ਨੁਕਸਾਨ ਪੁੱਜਾ ਸੀ। -ਪੀਟੀਆਈ