ਸ੍ਰੀਨਗਰ, 22 ਦਸੰਬਰ
ਇੱਥੇ ਕ੍ਰਿਸਮਸ ਤੋਂ ਮਹਿਜ਼ ਕੁਝ ਦਿਨ ਪਹਿਲਾਂ ਲਗਪਗ 120 ਵਰ੍ਹੇ ਪੁਰਾਣੀ ਸੇਂਟ ਲਿਊਕਜ਼ ਚਰਚ 30 ਸਾਲਾਂ ਮਗਰੋਂ ਮੁੜ ਖੁੱਲ੍ਹ ਗਈ ਹੈ। ਅੱਜ ਇੱਥੇ ਘੰਟੀਆਂ ਦੀ ਗੂੰਜ ’ਚ ਜੁੜੇ ਸ਼ਰਧਾਲੂਆਂ ਨੇ ਇਕੱਠਿਆਂ ਮਿਲ ਕੇ ਪ੍ਰਾਰਥਨਾ ਕੀਤੀ। ਇਸ ਚਰਚ ਨੂੰ ਸਾਲ 1990 ਵਿੱਚ ਘਾਟੀ ਵਿੱਚ ਅਤਿਵਾਦ ਦੀ ਸ਼ੁਰੂਆਤ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਰਚ ਸ਼ਹਿਰ ਦੇ ਡਲ ਗੇਟ ਇਲਾਕੇ ਵਿੱਚ ਸ਼ੰਕਰਾਚਾਰੀਆ ਪਹਾੜੀ ਨੇੜੇ ਸਥਿਤ ਛਾਤੀ ਦੀਆਂ ਬਿਮਾਰੀਆਂ ਸਬੰਧੀ ਹਸਪਤਾਲ ਦੇ ਨੇੜੇ ਸਥਿਤ ਹੈ ਜਿੱਥੇ ਅੱਜ ਪ੍ਰਾਰਥਨਾ ਕੀਤੀ ਗਈ ਜਦਕਿ ਆਮ ਲੋਕਾਂ ਲਈ ਇਹ ਚਰਚ ਭਲਕੇ ਵੀਰਵਾਰ ਨੂੰ ਖੋਲ੍ਹ ਦਿੱਤੀ ਜਾਵੇਗੀ। ਇਸ ਚਰਚ ਦੀ ਨਵ-ਉਸਾਰੀ ਦਾ ਕੰਮ ਜੰਮੂ ਕਸ਼ਮੀਰ ਦੇ ਸੈਰ ਸਪਾਟਾ ਵਿਭਾਗ ਵੱਲੋਂ ‘ਸਮਾਰਟ ਸਿਟੀ ਪ੍ਰਾਜੈਕਟ’ ਤਹਿਤ ਕੀਤਾ ਗਿਆ ਹੈ। -ਪੀਟੀਆਈ