ਨਵੀਂ ਦਿੱਲੀ, 27 ਜੁਲਾਈ
ਮੁਲਕ ਭਰ ਵਿੱਚੋਂ 117 ਲੁਪਤ ਹੋ ਰਹੀਆਂ ਭਾਸ਼ਾਵਾਂ ਅਤੇ ਮਾਤ ਭਾਸ਼ਾਵਾਂ ਨੂੰ ਪਹਿਲ ਦੇ ਆਧਾਰ ‘ਤੇ ਅਧਿਐਨ ਅਤੇ ਡਾਕੂਮੈਂਟੇਸ਼ਨ ਲਈ ਚੁਣਿਆ ਗਿਆ ਹੈ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਭਾਰਤ ਵਿੱਚ ਖ਼ਤਮ ਹੋਣ ਕੰਢੇ ਪੁੱਜੀਆਂ ਭਾਸ਼ਾਵਾਂ ਦੀ ਗਿਣਤੀ ਬਾਰੇ ਕੋਈ ਕੇਂਦਰੀਕ੍ਰਿਤ ਅੰਕੜਾ ਨਹੀਂ ਹੈ। ਸਰਕਾਰ ਨੇ ‘ਸਕੀਮ ਫਾਰ ਪ੍ਰੋਟੈਕਸ਼ਨ ਐਂਡ ਪ੍ਰੀਜ਼ਰਵੇਸ਼ਨ ਆਫ ਇੰਡੀਅਨ ਲੈਂਗੂਏਜਿਜ਼ ਆਫ ਇੰਡੀਆ (ਐੱਸ.ਪੀ.ਪੀ.ਈ.ਐੱਲ.) ਨਾਂ ਹੇਠ ਇਕ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਭਾਰਤੀ ਭਾਸ਼ਾਵਾਂ ਦੀ ਕੇਂਦਰੀ ਸੰਸਥਾ ਮੈਸੂਰ, ਉਨ੍ਹਾਂ ਸਾਰੀਆਂ ਭਾਸ਼ਾਵਾਂ ਅਤੇ ਮਾਤ ਭਾਸ਼ਾਵਾਂ ਦੀ ਸੁਰੱਖਿਆ, ਸੰਭਾਲ ਤੇ ਡਾਕੂਮੈਂਟੇਸ਼ਨ ਦਾ ਕੰਮ ਕਰਦੀ ਹੈ, ਜੋ 10,000 ਤੋਂ ਘੱਟ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ ਤੇ ਖਤਮ ਹੋ ਰਹੀਆਂ ਹਨ। -ਏਜੰਸੀ