ਅਲੀਗੜ੍ਹ, 28 ਮਈ
ਇਥੇ ਨਕਲੀ ਸ਼ਰਾਬ ਪੀਣ ਨਾਲ 15 ਜਣਿਆਂ ਦੀ ਮੌਤ ਹੋ ਗਈ ਤੇ ਕਈਆਂ ਦੀ ਹਾਲਤ ਗੰਭੀਰ ਹੈ। ਰਾਜ ਸਰਕਾਰ ਨੇ ਇਸ ਮਾਮਲੇ ਸਬੰਧੀ ਜ਼ਿਲ੍ਹਾ ਆਬਕਾਰੀ ਅਧਿਕਾਰੀ ਸਣੇ ਤਿੰਨ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੁਲੀਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਅਲੀਗੜ੍ਹ ਐਚਪੀ ਗੈਸ ਪਲਾਂਟ ਦਾ ਟਰੱਕ ਡਰਾਈਵਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਲੋਧਾ ਖੇਤਰ ਦੇ ਕਰਸੂਆ, ਨਿਮਾਨਾ, ਹੈਬਤਪੁਰ ਤੇ ਆਂਡਲਾ ਪਿੰਡਾਂ ਵਿਚ ਰਹਿਣ ਵਾਲਿਆਂ ਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਪ੍ਰਸ਼ਾਸਨ ਦੋਸ਼ੀਆਂ ਖਿਲਾਫ਼ ਕੌਮੀ ਸੁਰੱਖਿਆ ਐਕਟ ਲਗਾ ਸਕਦਾ ਹੈ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਜੇ ਸ਼ਰਾਬ ਸਰਕਾਰੀ ਠੇਕਿਆਂ ਤੋਂ ਖਰੀਦੀ ਗਈ ਹੈ ਤਾਂ ਠੇਕਿਆਂ ਨੂੰ ਸੀਲ ਕਰ ਦਿਓ ਤੇ ਦੋਸ਼ੀਆਂ ਦੀ ਸੰਪਤੀ ਕੁਰਕ ਕੀਤੀ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਸੱਤ ਜਣਿਆਂ ਦੀ ਮੌਤ ਸਵੇਰੇ ਜਦਕਿ ਚਾਰ ਜਣਿਆਂ ਦੀ ਹਸਪਤਾਲ ਵਿੱਚ ਹੋਈ ਹੈ।-ਪੀਟੀਆਈ