ਗਿਰਡੀਹ: ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਵਿੱਚ ਸੀਆਰਪੀਐੱਫ ਦੇ ਜਵਾਨਾਂ ਨੂੰ ਲਿਜਾ ਰਹੀ ਇੱਕ ਗੱਡੀ ਖੱਡ ਵਿੱਚ ਡਿੱਗਣ ਕਾਰਨ ਗਿਆਰਾਂ ਜਵਾਨ ਜ਼ਖ਼ਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਬਾਅਦ ਦੁਪਹਿਰ ਕਰੀਬ 3 ਵਜੇ ਮਧੂਬਨ ਪੁਲੀਸ ਥਾਣੇ ਅਧੀਨ ਪੈਂਦੇ ਲਤਕਾਟੋ ਜੰਗਲ ਵਿੱਚ ਦੁਮਰਾ ਮਾਰਗ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਸੀਆਰਪੀਐੱਫ ਜਵਾਨਾਂ ਨੂੰ ਲਿਜਾ ਰਹੀ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਖੱਡ ਵਿੱਚ ਡਿੱਗ ਪਈ। ਮਧੂਬਨ ਪੁਲੀਸ ਥਾਣੇ ਦੇ ਮੁਖੀ ਮ੍ਰਿਤੁੰਜਯ ਸਿੰਘ ਨੇ ਕਿਹਾ ਕਿ ਇਹ ਗੱਡੀ ਸੀਆਰਪੀਐੱਫ ਜਵਾਨਾਂ ਨੂੰ ਮਧੂਬਨ ਤੋਂ ਛਤਰਾ ਲਿਜਾ ਰਹੀ ਸੀ ਕਿ ਰਾਹ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਜ਼ਖ਼ਮੀ ਹੋਏ ਜਵਾਨਾਂ ਨੂੰ ਇਲਾਜ ਲਈ ਦੁਮਰੀ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। -ਪੀਟੀਆਈ