ਲਖਨਊ, 1 ਅਗਸਤ
ਉੱਤਰ ਪ੍ਰਦੇਸ਼ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਦਸ ਸਾਲਾ ਬੱਚੇ ਨੇ 79 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਰਾਸ਼ਟ੍ਰਮ ਅਦਿੱਤਿਆ ਸ੍ਰੀ ਕ੍ਰਿਸ਼ਨਾ ਨੇ ਵਿਸ਼ੇਸ਼ ਪ੍ਰਵਾਨਗੀ ਨਾਲ ਦਸਵੀਂ ਜਮਾਤ ਦੇ ਪੇਪਰ ਦਿੱਤੇ ਹਨ।ਅਦਿੱਤਿਆ ਇਸ ਸਾਲ 17 ਅਕਤੂਬਰ ਨੂੰ 11 ਸਾਲਾਂ ਦਾ ਹੋਵੇਗਾ। ਉਸ ਨੇ ਹਿੰਦੀ ਵਿਸ਼ੇ ਵਿਚੋਂ 82 ਫ਼ੀਸਦੀ, ਅੰਗਰੇਜ਼ੀ ਵਿਚ 83 ਫ਼ੀਸਦੀ, ਗਣਿਤ ਵਿਚੋਂ 64, ਵਿਗਿਆਨ ’ਚੋਂ 76 ਅਤੇ ਸਮਾਜ ਸਾਸਤਰ ਵਿਚੋਂ 84 ਫ਼ੀਸਦੀ ਅੰਕ ਹਾਸਲ ਕੀਤੇ ਹਨ। ਜ਼ਿਲ੍ਹਾ ਅਧਿਕਾਰੀ ਮੁਕੇਸ਼ ਕੁਮਾਰ ਸਿੰਘ ਨੇ ਕਿਹਾ ਕਿ ਇਹ ਕ੍ਰਿਸ਼ਨਾ ਆਪਣੀ ਅਤੇ ਆਪਣੇ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪੜ੍ਹਾਈ ਦੇ ਵਿਲੱਖਣ ਗੁਣ ਨੂੰ ਦੇਖਦਿਆਂ ਯੂਪੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਉਸ ਨੂੰ ਵਿਸ਼ੇਸ਼ ਪ੍ਰਵਾਨਗੀ ਦੇ ਕੇ ਸਾਲ 2019 ਵਿਚ ਲਖਨਊ ਦੇ ਐਮਡੀ ਸ਼ੁਕਲਾ ਇੰਟਰ ਕਾਲਜ ਵਿਚ ਦਾਖ਼ਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੁਸ਼ਮਾ ਵਰਮਾ ਨੂੰ ਪੰਜ ਸਾਲ ਦੀ ਉਮਰ ਵਿਚ ਨੌਵੀਂ ਜਮਾਤ ਵਿਚ ਦਾਖ਼ਲਾ ਦਿੱਤਾ ਗਿਆ ਸੀ। ਉਹ ਸਾਲ 2007 ਵਿਚ ਮੁਲਕ ਦੀ ਸਭ ਤੋਂ ਛੋਟੀ ਉਮਰ ਦੀ ਦਸਵੀਂ ਜਮਾਤ ਪਾਸ ਕਰਨ ਵਾਲੀ ਵਿਦਿਆਰਥਣ ਬਣ ਗਈ ਸੀ। -ਆਈਏਐਨਐਸ