ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਨਵੀਂ ਦਿੱਲੀ, 18 ਜੂਨ
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਦੇ ਕਈ ਸੂਬਿਆਂ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਸਵੇਰੇ ਟਵੀਟ ਕਰਦਿਆਂ ਐਲਾਨ ਕੀਤਾ ਕਿ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ ਕਿ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣ ਵਾਲੇ ਅਗਨੀਵੀਰਾਂ ਲਈ ਕੇਂਦਰੀ ਹਥਿਆਰਬੰਦ ਪੁਲੀਸ ਫੋਰਸਿਜ਼ (ਸੀਏਪੀਐੱਫ) ਅਤੇ ਆਸਾਮ ਰਾਈਫਲਜ਼ ਵਿੱਚ 10 ਫੀਸਦ ਅਸਾਮੀਆਂ ਰਾਖਵੀਆਂ ਰੱਖੀਆਂ ਜਾਣਗੀਆਂ। ਇਸੇ ਦੌਰਾਨ ਅਗਨੀਵੀਰਾਂ ਨੂੰ ਉਪਰਲੀ ਉਮਰ ਹੱਦ ਵਿੱਚ ਤਿੰਨ ਵਰ੍ਹਿਆਂ ਦੀ ਛੋਟ ਦਿੱਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਐਲਾਨ ਕੀਤਾ ਹੈ ਕਿ ਅਗਨੀਵੀਰਾਂ ਨੂੰ ਸੇਵਾ-ਮੁਕਤੀ ਮਗਰੋਂ ਸਸਤੇ ਕਰਜ਼ੇ ਦਿੱਤੇ ਜਾਣਗੇ ਤੇ ਸਰਕਾਰੀ ਨੌਕਰੀਆਂ ਵਿੱਚ ਤਰਜੀਹ ਦਿੱਤੀ ਜਾਵੇਗੀ। ਅਗਨੀਪਥ ਸਕੀਮ ਤਹਿਤ ਭਾਰਤੀ ਹਵਾਈ ਫੌਜ ਵਿੱਚ ਭਰਤੀ 24 ਜੂਨ ਤੋਂ ਹੋਵੇਗੀ ਜਦੋਂਕਿ ਜਲ ਤੇ ਥਲ ਸੈਨਾ ਵਿੱਚ ਵੀ ਇਸ ਯੋਜਨਾ ਤਹਿਤ ਜਲਦੀ ਹੀ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।