ਸ਼ਿਮਲਾ, 11 ਅਗਸਤ
ਮੁੱਖ ਅੰਸ਼
- 60 ਜਣੇ ਲਾਪਤਾ; 13 ਜ਼ਖ਼ਮੀਆਂਂਂ ਨੂੰ ਮਲਬੇ ਹੇਠੋਂ ਕੱਢਿਆ
- ਜ਼ਖ਼ਮੀਆਂਵਿੱਚ ਫ਼ਤਿਹਗੜ੍ਹ ਸਾਹਿਬ ਦਾ ਡਰਾਈਵਰ ਵੀ ਸ਼ਾਮਲ
-
ਪ੍ਰਧਾਨ ਮੰਤਰੀ ਨੇ ਮਿ੍ਰਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਅੱਜ ਬੱਸ ਤੇ ਹੋਰਨਾਂ ਵਾਹਨਾਂ ਦੇ ਢਿੱਗਾਂ ਦੀ ਲਪੇਟ ਵਿੱਚ ਆਉਣ ਕਰ ਕੇ ਪੰਜ ਔਰਤਾਂ ਤੇ ਇਕ ਬੱਚੇ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 60 ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਸੂਤਰਾਂ ਮੁਤਾਬਕ ਇਹ ਗਿਣਤੀ ਵੱਧ ਵੀ ਹੋ ਸਕਦੀ ਹੈ। ਐੱਨਡੀਆਰਐੱਫ, ਨੀਮ ਫੌਜੀ ਬਲਾਂ ਤੇ ਸਥਾਨਕ ਪੁਲੀਸ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਕਮਾਨ ਆਪਣੇ ਹੱਥਾਂ ਵਿੱਚ ਲੈਂਦਿਆਂ ਰਾਹਤ ਕਾਰਜ ਵਿੱਢ ਦਿੱਤੇ ਹਨ। ਹੁਣ ਤੱਕ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 13 ਵਿਅਕਤੀਆਂ ਨੂੰ ਮਲਬੇ ਹੇਠੋਂ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ ਹੈ। ਜ਼ਖ਼ਮੀਆਂ ’ਚੋਂ ਇਕ ਦੀ ਪਛਾਣ ਫਤਿਹਗੜ੍ਹ ਸਾਹਿਬ ਦੇ ਨਲਿਨੀ ਕਲਾਂ ਪਿੰਡ ਦੇ ਚਰਨਜੀਤ ਸਿੰਘ ਵਜੋਂ ਦੱਸੀ ਗਈ ਹੈ, ਜੋ ਸ਼ੋਰਾਂਗ ਪ੍ਰਾਜੈਕਟ ਵਿੱਚ ਡਰਾਈਵਰ ਹੈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਦੋਂਕਿ ਲਾਸ਼ਾਂ ਪੋੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਫੋਨ ਕਰਕੇ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿੰਨੌਰ ਜ਼ਿਲ੍ਹੇ ਵਿੱਚ ਹਾਈਵੇਅ ਨੰਬਰ 5 ’ਤੇ ਪੈਂਦੇ ਪਿੰਡ ਚੌਰਾ ਨੇੜੇ ਢਿੱਗਾਂ ਡਿੱਗਣ ਦਾ ਸਿਲਸਿਲਾ ਸਵੇਰੇ 11:50 ਵਜੇ ਦੇ ਕਰੀਬ ਸ਼ੁਰੂ ਹੋਇਆ। ਘਟਨਾ ਤੋਂ ਫੌਰੀ ਮਗਰੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸੂਬਾਈ ਅਸੈਂਬਲੀ ਨੂੰ ਦੱਸਿਆ ਕਿ ਮਲਬੇ ਹੇਠ 50 ਤੋਂ 60 ਵਿਅਕਤੀਆਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਹਨ, ਪਰ ਅਜੇ ਤੱਕ ਅਸਲ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਉਨ੍ਹਾਂ ਤੋਂ ਇਸ ਹਾਦਸੇ ਬਾਰੇ ਜਾਣਕਾਰੀ ਲਈ ਹੈ। ਠਾਕੁਰ ਨੇ ਕਿਹਾ ਕਿ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਰ ਸੰਭਵ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਸਿਖਰਲੀ ਤਰਜੀਹ ਰਹੇਗੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਠਾਕੁਰ ਨੂੰ ਫੋਨ ਕਰਕੇ ਹਾਦਸੇ ਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਸ੍ਰੀ ਮੋਦੀ ਨੇ ਰਾਹਤ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਅਸੈਂਬਲੀ ਨੂੰ ਦੱਸਿਆ ਕਿ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚਆਰਟੀਸੀ) ਦੀ ਬੱਸ ਤੇ ਕੁਝ ਹੋਰ ਵਾਹਨ ਢਿੱਗਾਂ ਹੇਠ ਦੱਬੇ ਗਏ ਹਨ। ਉਨ੍ਹਾਂ ਕਿਹਾ ਕਿ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ, ਪਰ ਉਹ ਜ਼ਖ਼ਮੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਦੋਵੇਂ ਅਜੇ ਇਹ ਦੱਸਣ ਦੀ ਹਾਲਤ ਵਿੱਚ ਨਹੀਂ ਹਨ ਕਿ ਬੱਸ ਵਿੱਚ ਕਿੰਨੇ ਮੁਸਾਫ਼ਰ ਸਵਾਰ ਸਨ। ਠਾਕੁਰ ਨੇ ਕਿਹਾ ਕਿ ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਡੀਆਰਐੱਫ), ਆਈਟੀਬੀਪੀ, ਸੀਆਈਐੱਸਐੱਫ ਤੇ ਸਥਾਨਕ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਵਿੱਢ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਦਦ ਲਈ ਫੌਜੀ ਅਧਿਕਾਰੀਆਂ ਨੂੰ ਵੀ ਸੱਦ ਲਿਆ ਗਿਆ ਹੈ। ਰਾਹਤ ਕਾਰਜਾਂ ਲਈ ਹੈਲੀਕੌਪਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। –ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋਂ ਮੌਤਾਂ ’ਤੇ ਦੁਖ ਦਾ ਇਜ਼ਹਾਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿੰਨੌਰ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਕਿੰਨੌਰ ਵਿੱਚ ਢਿੱਗਾਂ ਡਿੱਗਣ ਕਰਕੇ ਗਈਆਂ ਜਾਨਾਂ ਦੁਖਦਾਈ ਹਨ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹੈ, ਜਿਨ੍ਹਾਂ ਆਪਣੇ ਨੇੜਲਿਆਂ ਨੂੰ ਗੁਆਇਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖ਼ਮੀ ਛੇਤੀ ਸਿਹਤਯਾਬ ਹੋਣ। ਰਾਹਤ ਕਾਰਜ ਜਾਰੀ ਹਨ ਤੇ ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ।’ -ਪੀਟੀਆਈ
ਸੂਮੋ ਸਵਾਰ 8 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ
ਸੂਬਾਈ ਆਫ਼ਤ ਪ੍ਰਬੰਧਨ ਬਲ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਮਲਬੇ ਹੇਠ ਇਕ ਟਾਟਾ ਸੂਮੋ ਦਾ ਪਤਾ ਲੱਗਾ ਹੈ, ਜਿਸ ਵਿੱਚ ਸਵਾਰ ਅੱਠ ਵਿਅਕਤੀ ਮ੍ਰਿਤ ਮਿਲੇ ਹਨ। ਉਨ੍ਹਾਂ ਕਿਹਾ ਕਿ ਰੈੱਕੌਂਗ ਤੋਂ ਵਾਇਆ ਸ਼ਿਮਲਾ ਹਰਿਦੁਆਰ ਜਾ ਰਹੀ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅਜੇ ਵੀ ਮੁਸਾਫ਼ਰਾਂ ਦੇ ਨਾਲ ਮਲਬੇ ਹੇਠ ਦੱਬੀ ਹੋਈ ਹੈ। ਇਕ ਕਾਰ ਅੰਸ਼ਕ ਤੌਰ ’ਤੇ ਜਦੋਂਕਿ ਦੂਜੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਰਾਹਤ ਟੀਮਾਂ ਵੱਲੋਂ ਇਨ੍ਹਾਂ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਕ ਟਰੱਕ ਢਿੱਗਾਂ ਕਰਕੇ ਨਦੀ ਵਾਲੇ ਪਾਸੇ ਨੂੰ ਰਿੜ ਗਿਆ ਸੀ ਤੇ ਇਸ ਦੇ ਡਰਾਈਵਰ ਦੀ ਲਾਸ਼ ਬਰਾਮਦ ਹੋ ਗਈ ਹੈ।