ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਆਮਦ ਦਾ ਖਦਸ਼ਾ ਜਤਾਉਂਦਿਆਂ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ (ਲੌਕਡਾਊਨ) 20 ਸਤੰਬਰ ਤੱਕ ਵਧਾ ਦਿੱਤਾ ਹੈ। ਸੂਬੇ ’ਚ ਸਥਿਤ ਰਿਹਾਇਸ਼ੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ 15 ਅਕਤੂਬਰ ਤੱਕ ਆਨਲਾਈਨ ਕਲਾਸਾਂ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੋਰ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆ ਵਿੱਚ ਧਾਰਾ 144 ਲਗਾਉਣ ਦੀ ਹਦਾਇਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਸੂਬੇ ਦੇ ਕਾਲਜ/ਯੂਨੀਵਰਸਿਟੀਆਂ ਨੂੰ ਅਗਲੇ ਸੈਸ਼ਨ ਤੋਂ ਆਫ਼ਲਾਈਨ ਕਲਾਸਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੁਣ ਸੂਬੇ ਦੀਆਂ ਰਿਹਾਇਸ਼ੀ ਯੂਨੀਵਰਸਿਟੀਆਂ ’ਚ 15 ਅਕਤੂਬਰ ਤੱਕ ਕਲਾਸਾਂ ਆਨਲਾਈਨ ਲਗਾਉਣ ਦੇ ਆਦੇਸ਼ ਦਿੱਤੇ ਹਨ। ਅਗਲੇ ਹੁਕਮ 15 ਅਕਤੂਬਰ ਤੋਂ ਬਾਅਦ ਹਾਲਾਤ ਨੂੰ ਵੇਖਦੇ ਹੋਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਵਿਦਿਆਰਥੀ, ਅਧਿਆਪਕ ਅਤੇ ਹੋਰ ਸਟਾਫ਼ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸੂਬਾ ਸਰਕਾਰ ਨੇ ਕਿਹਾ ਕਿ ਕਾਲਜਾਂ ’ਚ ਲੈਬਾਰਟਰੀ ਦੀਆਂ ਕਲਾਸਾਂ ਤੇ ਪ੍ਰੀਖਿਆਵਾਂ ਆਫ਼ਲਾਈਨ ਲਾਈਆਂ ਜਾ ਸਕਦੀਆਂ ਹਨ।
ਦੱਸਣਯੋਗ ਹੈ ਕਿ ਸੂਬੇ ਵਿੱਚ ਸਿਨੇਮਾ ਘਰ 50 ਫ਼ੀਸਦ ਸਮਰੱਥਾ ਨਾਲ, ਕੋਚਿੰਗ ਇੰਸਟੀਚਿਊਟ ਤੇ ਸਵਿਮਿੰਗ ਪੂਲ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਖੋਲ੍ਹੇ ਗਏ ਹਨ। ਸਪੋਰਟਸ ਕੰਪਲੈਕਸ ਦੇ ਨਾਲ ਨਾਲ ਕਾਰਪੋਰੇਟ ਦਫ਼ਤਰਾਂ ਨੂੰ ਵੀ ਪੂਰਾ ਸਟਾਫ਼ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਦਕਿ ਧਾਰਮਿਕ ਥਾਵਾਂ ’ਤੇ 50 ਜਣੇ ਹੀ ਇਕ ਸਮੇਂ ’ਤੇ ਦਾਖਲ ਹੋ ਸਕਣਗੇ। ਦੁਕਾਨਾਂ, ਸ਼ਾਪਿੰਗ ਮਾਲ ਅਤੇ ਹੋਰ ਵਪਾਰਕ ਅਦਾਰੇ ਪਹਿਲਾਂ ਵਾਂਗ ਖੋਲ੍ਹੇ ਜਾਣਗੇ।