ਮੁੰਬਈ, 26 ਮਾਰਚ
ਇਥੇ ਭਾਂਡੁਪ ਖੇਤਰ ਵਿਚਲੇ ਡਰੀਮਜ਼ ਮਾਲ ਦੀ ਚੌਥੀ ਮੰਜ਼ਿਲ ’ਤੇ ਚੱਲਦੇ ਸਨਰਾਈਜ਼ ਹਸਪਤਾਲ ਵਿੱਚ ਵੀਰਵਾਰ ਤੇ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਅੱਗ ਲੱਗਣ ਕਰਕੇ ਕਰੋਨਾਵਾਇਰਸ ਪੀੜਤ ਦਸ ਮਰੀਜ਼ਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਹਸਪਤਾਲ ’ਚੋਂ ਸੁਰੱਖਿਅਤ ਕੱਢੇ ਮਰੀਜ਼ਾਂ ਨੂੰ ਦੂਜੇ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਹਾਦਸੇ ਲਈ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹਦਾਇਤ ਕੀਤੀ ਹੈ। ਉਨ੍ਹਾਂ ਮਰਨ ਵਾਲਿਆਂ ਦੇ ਵਾਰਸਾਂ ਤੋਂ ਮੁਆਫ਼ੀ ਮੰਗਦਿਆਂ ਉਨ੍ਹਾਂ ਲਈ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਹੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ।
ਡੀਸੀਪੀ ਪ੍ਰਸ਼ਾਂਤ ਕਦਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਅੱਗ ’ਚ ਝੁਲਸਣ ਕਰ ਕੇ ਮਾਰੇ ਗਏ ਸਾਰੇ 10 ਵਿਅਕਤੀ ਕਰੋਨਾਵਾਇਰਸ ਦੇ ਮਰੀਜ਼ ਸਨ।’ ਕਾਬਿਲੇਗੌਰ ਹੈ ਕਿ ਅੱਗ ਕਰਕੇ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਜਦੋਂ ਦੋ ਦੱਸੀ ਜਾ ਰਹੀ ਸੀ ਤਾਂ ਉਸ ਮੌਕੇ ਹਸਪਤਾਲ ਨੇ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਦੋਵੇਂ ਕਰੋਨਾਵਾਇਰਸ ਦੇ ਮਰੀਜ਼ ਸਨ, ਜੋ ਅੱਗ ਲੱਗਣ ਦੀ ਘਟਨਾ ਤੋਂ ਪਹਿਲਾਂ ਹੀ ਦਮ ਤੋੜ ਚੁੱਕੇ ਸੀ। ਹਸਪਤਾਲ ਨੇ ਹੋਰਨਾਂ ਅੱਠ ਮੌਤਾਂ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ। ਇਸ ਦੌਰਾਨ ਉਪ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਦੁਪਹਿਰੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਗ ਬੁਝਾਉਣ ਲਈ 35 ਫਾਇਰ ਇੰਜਣਾਂ ਤੇ ਪਾਣੀ ਵਾਲੇ 20 ਟੈਂਕਰਾਂ ਦੀ ਮਦਦ ਲਈ ਗਈ। ਉਧਰ ਮੁੰਬਈ ਦੇ ਮੇਅਰ ਕਿਸ਼ੋਰੀ ਪੇਫਨੇਕਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਮਾਲ ਅੰਦਰ ਹੀ ਹਸਪਤਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ, ‘ਮੈਂ ਪਹਿਲੀ ਵਾਰ ਕਿਸੇ ਮਾਲ ਵਿੱਚ ਹਸਪਤਾਲ ਵੇਖਿਆ ਹੈ। ਜੇਕਰ ਕੋਈ ਬੇਨਿਯਮੀ ਪਾਈ ਗਈ ਤਾਂ ਸਬੰਧਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਧਰ ਹਸਪਤਾਲ ਨੇ ਇਕ ਬਿਆਨ ਵਿੱਚ ਕਿਹਾ ਕਿ ਅੱਗ ਡਰੀਮਜ਼ ਮਾਲ ਦੀ ਪਹਿਲੀ ਮੰਜ਼ਿਲ ਨੂੰ ਲੱਗੀ ਸੀ ਤੇ ਅੱਗ ਦਾ ਧੂੰਆਂ ਮਾਲ ਦੀ ਚੌਥੀ ਮੰਜ਼ਿਲ ’ਤੇ ਸਨਰਾਈਜ਼ ਹਸਪਤਾਲ ਤੱਕ ਪੁੱਜ ਗਿਆ। ਜਦੋਂ ਫਾਇਰ ਅਲਾਰਮ ਵੱਜਾ ਤਾਂ ਸਾਰੇ ਮਰੀਜ਼ਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। -ਪੀਟੀਆਈ