ਨਵੀਂ ਦਿੱਲੀ, 19 ਅਗਸਤ
ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ’ਚ ਤਾਇਨਾਤ ਨੀਮ ਫ਼ੌਜੀ ਬਲਾਂ ਦੇ ਕਰੀਬ 10 ਹਜ਼ਾਰ ਜਵਾਨਾਂ ਨੂੰ ਉਥੋਂ ‘ਫੌਰੀ’ ਵਾਪਸ ਸੱਦਣ ਦੇ ਹੁਕਮ ਦਿੱਤੇ ਹਨ। ਵਾਪਸ ਸੱਦੇ ਗਏ ਜਵਾਨਾਂ ਦੀ ਇਹ ਸਭ ਤੋਂ ਵੱਡੀ ਨਫ਼ਰੀ ਹੈ। ਧਾਰਾ 370 ਖ਼ਤਮ ਕਰਨ ਤੋਂ ਪਹਿਲਾਂ ਵਧੇਰੇ ਸੁਰੱਖਿਆ ਬਲਾਂ ਨੂੰ ਜੰਮੂ ਕਸ਼ਮੀਰ ’ਚ ਤਾਇਨਾਤ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫ) ਦੀ ਯੂਟੀ ’ਚ ਤਾਇਨਾਤੀ ਬਾਰੇ ਨਜ਼ਰਸਾਨੀ ਮਗਰੋਂ ਇਹ ਫ਼ੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ ’ਚ ਜੰਮੂ ਕਸ਼ਮੀਰ ’ਚੋਂ ਸੀਏਪੀਐੱਫ ਦੀਆਂ 10 ਕੰਪਨੀਆਂ ਨੂੰ ਹਟਾਇਆ ਸੀ ਜਦਕਿ ਪਿਛਲੇ ਸਾਲ ਦਸੰਬਰ ’ਚ 72 ਯੂਨਿਟਾਂ ਵਾਪਸ ਸੱਦੀਆਂ ਗਈਆਂ ਸਨ। ਇਕ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੀਏਪੀਐੱਫ ਦੀਆਂ 100 ਕੰਪਨੀਆਂ ਨੂੰ ਤੁਰੰਤ ਵਾਪਸ ਸੱਦਣ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਨੂੰ ਮੁਲਕ ’ਚ ਆਪਣੇ ਟਿਕਾਣਿਆਂ ’ਤੇ ਜਾਣ ਲਈ ਕਿਹਾ ਗਿਆ ਹੈ। ਹਦਾਇਤਾਂ ਮੁਤਾਬਕ ਸੀਆਰਪੀਐੱਫ ਦੀਆਂ 40, ਸੀਆਈਐੱਸਐੱਫ, ਬੀਐੱਸਐੱਫ ਅਤੇ ਐੱਸਐੈੱਸਬੀ ਦੀਆਂ 20-20 ਕੰਪਨੀਆਂ ਇਸ ਹਫ਼ਤੇ ਜੰਮੂ ਕਸ਼ਮੀਰ ਤੋਂ ਬਾਹਰ ਕੱਢੀਆਂ ਜਾਣਗੀਆਂ। ਸੀਆਰਪੀਐੱਫ ਨੂੰ ਇਨ੍ਹਾਂ ਯੂਨਿਟਾਂ ਨੂੰ ਜੰਮੂ ਕਸ਼ਮੀਰ ’ਚੋਂ ਕੱਢਣ ਲਈ ਹਵਾਈ ਸੇਵਾ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਸੀਏਪੀਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਵਾਨਾਂ ਨੂੰ ਆਰਾਮ ਦੇਣ ਅਤੇ ਆਉਂਦੇ ਸਰਦੀਆਂ ਦੇ ਮੌਸਮ ਨੂੰ ਦੇਖਦਿਆਂ ਉਨ੍ਹਾਂ ਦੀ ਵਾਪਸੀ ਦਾ ਫ਼ੈਸਲਾ ਲਿਆ ਗਿਆ ਹੈ।
-ਪੀਟੀਆਈ