ਨਵੀਂ ਦਿੱਲੀ(ਟਨਸ): ਰੂਸ ਵੱਲੋਂ ਗੜਬੜਜ਼ਦਾ ਬਗ਼ਲਾਨ ਸੂਬੇ ਤੇ ਪੰਜਸ਼ੀਰ ਵਾਦੀ ਦੀਆਂ ਸਰਹੱਦਾਂ ਨਾਲ ਲਗਦੇ ਤਾਜਿਕਿਸਤਾਨ ਵਿੱਚ ਹੋਰ ਫੌਜੀ ਸਾਜ਼ੋ-ਸਾਮਾਨ ਭੇਜੇ ਜਾਣ ਕਰਕੇ ਕਰੈਮਲਿਨ ਤੇ ਤਾਲਿਬਾਨ ਦਰਮਿਆਨ ਵਧਦੀਆਂ ਦੂਰੀਆਂ ਨੂੰ ਘਟਾਉਣ ਲਈ ਕਤਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਰੂਸ ਦੇ ਸਾਬਕਾ ਪ੍ਰਧਾਨ ਮੰਤਰੀ ਦਮਿਤਰੀ ਮੈਦਵੇਦੇਵ ਨੇ ਕੇਂਦਰੀ ਏਸ਼ਿਆਈ ਮੁਲਕਾਂ ਦੀਆਂ ਸਰਹੱਦਾਂ ਨਾਲ ਲਗਦੇ ਸੂਬਿਆਂ ਵਿੱਚ ਹਜ਼ਾਰਾਂ ਇਸਲਾਮਿਕ ਲੜਾਕਿਆਂ ਦੀ ਮੌਜੂਦਗੀ ’ਤੇ ਵੱਡੀ ਫ਼ਿਕਰਮੰਦੀ ਜਤਾਈ ਹੈ। ਰੱਖਿਆ ਮੰਤਰੀ ਮੈਦਵੇਦੇਵ ਨੇ ਇਕ ਮਜ਼ਮੂਨ ’ਚ ਲਿਖਿਆ, ‘‘ਅਮਰੀਕੀ ਫੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਬਾਹਰ ਨਿਕਲਣ ਨਾਲ ਦਹਿਸ਼ਤੀ ਜਥੇਬੰਦੀ ਦੀਆਂ ਸਰਗਰਮੀਆਂ ਹੀ ਵਧਣਗੀਆਂ, ਜੋ ਕਿ ਏਸ਼ੀਆ, ਅਫ਼ਰੀਕਾ, ਮੱਧ ਪੂਰਬ ਤੇ ਯੂਰੋਪ ਲਈ ਵੱਡਾ ਖ਼ਤਰਾ ਹੈ।’’ ਮੈਦਵੇਦੇਵ ਨੇ ਕਿਹਾ ਕਿ ਚੇਚਨੀਆ ਤੇ ਕਸ਼ਮੀਰ ਦੀ ਸੁਰੱਖਿਆ ਨੂੰ ਕੱਟੜਵਾਦੀ ਇਸਲਾਮਾਂ ਤੋਂ ਦਰਪੇਸ਼ ਖ਼ਤਰੇ ਕਰਕੇ ਰੂਸ ਤੇ ਭਾਰਤ ਦੇ ਫ਼ਿਕਰ ਇਕੋ ਜਿਹੇ ਹਨ।