ਜਗਦੇਵ ਸ਼ਰਮਾ ਬੁਗਰਾ
ਧਰਤੀ ਉੱਤੇ ਮਨੁੱਖੀ ਪ੍ਰਜਾਤੀ ਸਮੇਤ ਸਾਰੀਆਂ ਪ੍ਰਜਾਤੀਆਂ ਦੀ ਆਪਣੀ ਪ੍ਰਜਾਤੀ ਪ੍ਰਤੀ ਇਕ ਮਿਕਨਾਤੀਸੀ ਖਿੱਚ ਹੁੰਦੀ ਹੈ। ਜੇਕਰ ਇਕ ਕਾਂ ਮਰ ਜਾਵੇ ਤਾਂ ਸੈਂਕੜੇ ਕਾਵਾਂ ਦਾ ਝੁੰਡ ਇੱਕਠਾ ਹੋ ਜਾਂਦਾ ਹੈ ਵਿਰਲਾਪ ਕਰਨ ਲਈ।
ਨਹੁੰ ਮਾਸ ਦਾ ਰਿਸ਼ਤਾ, ਆਪਣਾ ਮਾਰੂ ਛਾਵੇਂ ਸੁੱਟੂ ਜਿਹੀਆਂ ਗੱਲਾਂ ਐਵੇਂ ਹੀ ਨਹੀਂ ਕਹੀਆਂ ਗਈਆਂ। ਇਹ ਸੱਚਾਈ ਹੈ ਅਤੇ ਇਸ ਸੱਚਾਈ ਨੂੰ ਮੇਰੇ ਪਰਿਵਾਰ ਵਿਚ ਵਾਪਰੀ ਇਕ ਘਟਨਾ ਸਹੀ ਸਿੱਧ ਕਰਦੀ ਹੈ।
ਗੱਲ 2003 ਦੀ ਹੈ। ਜੂਨ ਦੀਆਂ ਛੁੱਟੀਆਂ ਦੌਰਾਨ ਮੈਂ ਅਤੇ ਮੇਰੇ ਪਰਿਵਾਰ ਨੇ ਹਰਿਦੁਆਰ ਤੀਰਥ ਇਸ਼ਨਾਨ ਕਰਨ ਜਾਣ ਦਾ ਮਨ ਬਣਾਇਆ। ਮੇਰੇ ਪਰਿਵਾਰ ਵਿਚ ਮੈਂ, ਮੇਰੀ ਜੀਵਨ ਸਾਥਣ, ਮੇਰੇ ਬੱਚੇ, ਮੇਰੀ ਨੂੰਹ, ਮੇਰੇ ਪੋਤਾ ਪੋਤੀ ਅਤੇ ਮੇਰੇ ਮਾਤਾ ਜੀ ਸ਼ਾਮਲ ਸਨ। ਅਸੀਂ ਸਰਕਾਰੀ ਮਹਿਕਮੇ ਤੋਂ ਸੇਵਾਮੁਕਤ ਹੋ ਚੁੱਕੇ ਮੇਰੇ ਸਹੁਰਾ ਸਾਹਿਬ ਨੂੰ ਵੀ ਨਾਲ ਲਿਜਾਣ ਦੀ ਤਜਵੀਜ਼ ਰੱਖੀ ਜੋ ਉਨ੍ਹਾਂ ਨੇ ਝੱਟ ਸਵੀਕਾਰ ਕਰ ਲਈ।
ਸਾਡੇ ਸ਼ਹਿਰ ਤੋਂ ਰੇਲਗੱਡੀ ਰਾਹੀਂ ਅੱਠ ਕੁ ਵਜੇ ਚੱਲ ਕੇ ਅਸੀਂ ਦੁਪਹਿਰ ਦੋ ਢਾਈ ਵਜੇ ਹਰਿਦੁਆਰ ਪਹੁੰਚ ਗਏ। ਦੋ ਕੁ ਘੰਟੇ ਧਰਮਸ਼ਾਲਾ ਵਿਚ ਸੁਸਤਾਉਣ ਤੋਂ ਬਾਅਦ ਹਰ ਕੀ ਪਉੜੀ ’ਤੇ ਇਸ਼ਨਾਨ ਵਾਸਤੇ ਚਲੇ ਗਏ। ਵਾਪਸ ਆ ਕੇ ਰਾਤ ਦਾ ਖਾਣਾ ਖਾਧਾ ਅਤੇ ਸੌਂ ਗਏ। ਤਿੰਨ ਦਿਨ ਦਾ ਟੂਰ ਸੀ। ਅਗਲੇ ਦਿਨ ਸਵੇਰੇ ਹੀ ਹਰ ਕੀ ਪਉੜੀ ਤੋਂ ਨਹਾ ਕੇ ਰਿਸ਼ੀਕੇਸ਼ ਜਾਣ ਦਾ ਪ੍ਰੋਗਰਾਮ ਸੀ। ਸਭ ਜਾਣਦੇ ਹਨ ਕਿ ਸਵੇਰੇ ਨੌਂ ਦਸ ਵਜੇ ਅਤੇ ਸ਼ਾਮੀ ਪੰਜ ਛੇ ਵਜੇ ਹਰ ਕੀ ਪਉੜੀ ਉੱਪਰ ਅੰਤਾਂ ਦੀ ਭੀੜ ਹੁੰਦੀ ਹੈ। ਸਵੇਰੇ ਨੌਂ ਵਜੇ ਨਾਸ਼ਤਾ ਕਰ ਕੇ ਅਸੀਂ ਹਰ ਕੀ ਪਉੜੀ ਵੱਲ ਚੱਲ ਪਏ ਜੋ ਕਿ ਸਾਡੀ ਠਾਹਰ ਤੋਂ ਪੈਦਲ ਹੀ ਦਸ ਕੁ ਮਿੰਟ ਦਾ ਰਸਤਾ ਸੀ। ਸਾਰਿਆਂ ਨੂੰ, ਖ਼ਾਸ ਤੌਰ ’ਤੇ ਬੱਚਿਆਂ ਨੂੰ, ਪਰਿਵਾਰ ਦੇ ਨਾਲ ਹੀ ਧਿਆਨ ਨਾਲ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਸਨ। ਹਰ ਕੀ ਪਉੜੀ ਉੱਪਰ ਨਹਾਉਣ ਦੀ ਤਿਆਰੀ ਕਰ ਰਹੇ ਸਾਂ, ਇਕਦਮ ਧਿਆਨ ਵਿਚ ਆਇਆ ਕਿ ਬੱਚਿਆਂ ਦੀ ਮਾਤਾ ਯਾਨੀ ਕਿ ਮੇਰੀ ਜੀਵਨ ਸਾਥਣ ਸਾਡੇ ਨਾਲ ਨਹੀਂ ਸੀ। ਸਾਰੇ ਏਧਰ ਓਧਰ ਦੇਖਣ ਲੱਗੇ ਪਰ ਕਿਧਰੇ ਨਜ਼ਰ ਨਹੀਂ ਆਈ। ਸਾਰੇ ਫ਼ਿਕਰਾਂ ਵਿਚ ਸਾਂ। ਇਕ ਕੁਝ ਕਹਿ ਰਿਹਾ ਸੀ ਅਤੇ ਦੂਸਰਾ ਕੁਝ।
ਹੁਣ ਜ਼ਰਾ ਦੇਖਣਾ ਤਾਰ ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਖੜਕਦੀ ਹੈ।
‘‘ਓਹਦੇ ਤਾਂ ਡੁੱਬੜੀ ਦੇ ਕੰਨਾਂ ’ਚ ਸੋਨੇ ਦੀਆਂ ਵਾਲੀਆਂ ਨੇ। ਹੋਰ ਈ ਨਾ ਕੋਈ ਵਾਲੀਆਂ ਖਿੱਚ ਕੇ ਲੈ ਜਾਏ।’’
ਮੇਰੇ ਮਾਤਾ ਜੀ ਨੂੰ ਆਪਣੀ ਨੂੰਹ ਅਤੇ ਉਸ ਦੇ ਕੁੱਛੜ ਚੁੱਕੀ ਹੋਈ ਸਾਲ ਕੁ ਦੀ ਸਾਡੀ ਪੋਤੀ ਨਾਲੋਂ ਜ਼ਿਆਦਾ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਦਾ ਫ਼ਿਕਰ ਵੱਢ ਵੱਢ ਖਾ ਰਿਹਾ ਸੀ।
‘‘ਮੰਮੀ ਦੀ ਗੋਦੀ ਤਾਂ ਅੰਸ਼ਿਕਾ ਚੱਕੀ ਹੋਈ ਐ। ਭੀੜ ’ਚ ਕਿਤੇ ਅੰਸ਼ਿਕਾ ਉਨ੍ਹਾਂ ਦੇ ਹੱਥੋਂ ਨਾ ਛੁੱਟ ਜਾਵੇ ਅਤੇ ਡਿੱਗ ਪਵੇ। ਕਿਤੇ ਮੇਰੀ ਕੁੜੀ ਦੀ ਜਾਹ ਜਾਂਦੀ ਹੀ ਨਾ ਹੋ ਜਾਵੇ।’’
ਸਾਡੀ ਨੂੰਹ ਨੂੰ ਆਪਣੀ ਸੱਸ ਨਾਲੋਂ ਆਪਣੀ ਛੋਟੀ ਬੱਚੀ ਦਾ ਜ਼ਿਆਦਾ ਫ਼ਿਕਰ ਸੀ ਅਤੇ ਬੀ.ਪੀ. ਵਧਣ ਨਾਲ ਉਸ ਦਾ ਮੂੰਹ ਲਾਲ ਹੋਇਆ ਪਿਆ ਸੀ।
‘‘ਬੇਵਕੂਫ਼! ਅਨਪੜ੍ਹ! ਜਾਹਲ ਔਰਤ!! ਚੰਗਾ ਭਲਾ ਕਿਹਾ ਸੀ ਕਿ ਮੇਰੀ ਪੱਗ ਵਾਲੇ ਦੀ ਨਿਸ਼ਾਨੀ ਰੱਖੀਂ ਅਤੇ ਪਿੱਛੇ ਪਿੱਛੇ ਚਲੀ ਆਈਂ। ਐਨੀ ਅਕਲ ਕਿੱਥੇ?’’
ਮੈਂ ਮੇਰੇ ਸਹੁਰਾ ਸਾਹਿਬ ਵੱਲ ਪਿੱਠ ਕਰ ਕੇ ਜੋ ਵੀ ਮੂੰਹ ਵਿਚ ਆ ਰਿਹਾ ਸੀ, ਬੋਲੀ ਜਾ ਰਿਹਾ ਸਾਂ। ਮੇਰਾ ਤਿਲਮਿਲਾਇਆ ਚਿਹਰਾ ਦੇਖ ਕੇ ਬੱਚੇ ਅੱਡ ਡੱਡਰਿਆਂ ਵਾਂਗੂੰ ਝਾਕ ਰਹੇ ਸਨ।
‘‘ਕੋਹੜਨ! ਪਤਾ ਨਹੀਂ ਕਿੱਧਰ ਨੂੰ ਲੰਘ ਗਈ। ਐਨੀ ਭੀੜ ਵਿਚੋਂ ਉਸ ਨੂੰ ਕਿਵੇਂ ਲੱਭਾਂਗੇ? ਗੰਗਾ ਅੱਡ ਕਿਨਾਰਿਆਂ ਉੱਪਰੋਂ ਉਛਲ ਉਛਲ ਕੇ ਵਗ ਰਹੀ ਹੈ। ਕਿਧਰੇ ਉਸ ਦਾ ਪੈਰ ਹੀ ਨਾ ਤਿਲ੍ਹਕ ਗਿਆ ਹੋਵੇ। ਉਸ ਦੇ ਗੋਦੀ ਤਾਂ ਕੁੜੀ ਵੀ ਚੁੱਕੀ ਹੋਈ ਹੈ। ਊਂ ਓਹ ਕਿਹੜਾ ਨਿਆਣੀ ਐ, ਆਪਣਾ ਆਪ ਤਾਂ ਸੰਭਾਲ ਈ ਸਕਦੀ ਐ।’’
ਇੰਝ ਕਹਿ ਕੇ ਮੇਰੇ ਸਹੁਰਾ ਸਾਹਿਬ ਆਪਣੇ ਆਪ ਨੂੰ ਅਤੇ ਸਾਨੂੰ ਧਰਵਾਸਾ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਸਨ ਪਰ ਉਨ੍ਹਾਂ ਦੇ ਮਨ ਵਿਚ ਭੈੜੇ ਭੈੜੇ ਖ਼ਿਆਲ ਵੀ ਆ ਰਹੇ ਸਨ। ਉਨ੍ਹਾਂ ਦੀਆਂ ਕੋਇਆਂ ਤੱਕ ਭਰੀਆਂ ਹੋਈਆਂ ਬੁੱਢੀਆਂ ਅੱਖਾਂ, ਉਨ੍ਹਾਂ ਦੇ ਮਨ ਦਾ ਅਸਲੀ ਦਰਦ ਬਿਆਨ ਕਰ ਰਹੀਆਂ ਸਨ। ਸ਼ਾਇਦ ਦੁਨੀਆਂ ਦੇ ਅਜਿਹੇ ਵਰਤਾਰੇ ਤੋਂ ਹੀ ਕਹਾਵਤ ‘ਆਪਣਾ ਆਪਣਾ, ਪਰਾਇਆ ਪਰਾਇਆ’ ਹੋਂਦ ਵਿਚ ਆਈ ਹੋਵੇ।
ਥੋੜ੍ਹੀ ਦੇਰ ਬਾਅਦ ਅਸੀਂ ਅਨਾਊਂਸਮੈਂਟ ਵਾਲੇ ਸਪੀਕਰ ਤੋਂ ਬੁਲਵਾਇਆ ਅਤੇ ਉਸ ਨੂੰ ਅਨਾਉਂਸਮੈਂਟ ਵਾਲਿਆਂ ਦੇ ਦਫ਼ਤਰ ਵਿਚ ਪਹੁੰਚਣ ਦੀ ਹਦਾਇਤ ਵੀ ਕੀਤੀ। ਪੰਜ ਕੁ ਮਿੰਟਾਂ ਪਿੱਛੋਂ ਸਾਨੂੰ ਉਹ ਬੱਚੀ ਸਮੇਤ ਦਿਖਾਈ ਦਿੱਤੀ। ਸਾਰਿਆਂ ਦੇ ਸਾਹ ਵਿਚ ਸਾਹ ਆਇਆ। ਸਾਡੇ ਪੁੱਛਣ ’ਤੇ ਉਸ ਨੇ ਦੱਸਿਆ, ‘‘ਮੈਂ ਤਾਂ ਤੁਹਾਡੇ ਕਹੇ ਮੁਤਾਬਿਕ ਤੁਹਾਡੀ ਪੱਗ ਦੀ ਨਿਸ਼ਾਨੀ ਰੱਖ ਕੇ ਹੀ ਚੱਲ ਰਹੀ ਸੀ। ਉਹ ਤਾਂ ਕੁਦਰਤੀ ਜਦੋਂ ਉਸ ਪੱਗ ਵਾਲੇ ਭਾਈ ਨੇ ਪਿੱਛੇ ਮੁੜ ਕੇ ਦੇਖਿਆ, ਦੇਖਦਿਆਂ ਹੀ ਮੇਰੇ ਤਾਂ ਖਾਨਿਓਂ ਗਈ ਕਿ ਉਹ ਤੁਸੀਂ ਨਹੀਂ, ਤੁਹਾਡੇ ਵਰਗੀ ਪੱਗ ਬੰਨ੍ਹੀ ਕੋਈ ਹੋਰ ਸੀ।’’
ਉਹ ਵਿਚਾਰੀ ਆਪਣੇ ਥਾਂ ਸੱਚੀ ਸੀ।
‘‘ਜਾਨ ਬਚੀ ਤੋ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਨੂੰ ਆਏ।’’ ਮਾਹੌਲ ਨੂੰ ਥੋੜ੍ਹਾ ਖੁਸ਼ਗਵਾਰ ਬਣਾਉਣ ਲਈ ਮੈਂ ਕਿਹਾ ਸੀ।
ਸੰਪਰਕ: 98727-87243