ਜਗਰੂਪ ਸਿੰਘ ਆਈ.ਆਰ.ਐੱਸ. (ਰਿਟਾ)
ਕੰਪਿਊਟਰ ਹਾਰਡਵੇਅਰ ਇੰਜੀਨੀਅਰ ਪੁੱਤਰ ਅਤੇ ਮੈਨੇਜਮੈਂਟ ਦੀ ਡਿਗਰੀ ਵਾਲੀ ਨੂੰਹ ਨੂੰ ਜਦ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਯੋਗਤਾ ਮੁਤਾਬਿਕ ਉਜਰਤ ਨਹੀਂ ਮਿਲ ਰਹੀ ਤਾਂ ਉਹ ਦੁਬਈ ਚਲੇ ਗਏ। ਤਨਖ਼ਾਹ ਤਾਂ ਭਾਵੇਂ ਚੋਖੀ ਮਿਲਦੀ ਸੀ, ਪਰ ਉੱਥੇ ਦੋਵਾਂ ਨੂੰ ਰਿਜ਼ਕਦਾਤਿਆਂ ਵੱਲੋਂ ਉਨ੍ਹਾਂ ਨਾਲ ਰੋਜ਼ਮੱਰਾ ਦੇ ਵਿਵਹਾਰ ਵਿਚ ਪੱਖਪਾਤੀ ਰਵੱਈਆ ਖਟਕਣ ਲੱਗਾ। ਇਸ ਕਾਰਨ ਉਨ੍ਹਾਂ ਕੈਨੇਡਾ ਪਰਵਾਸ ਕਰ ਲਿਆ। ਸੇਵਾਮੁਕਤੀ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਕੈਨੇਡਾ ਮਿਲਣ ਗਏ। ਪੁੱਤਰ ਨੇ ਦੱਸਿਆ, ‘‘ਡੈਡੀ! ਪੈਸੇ ਭਾਵੇਂ ਦੁਬਈ ਨਾਲੋਂ ਘੱਟ ਬਚਦੇ ਹਨ ਪਰ ਵਿਹਾਰਕ ਤੌਰ ’ਤੇ ਉੱਥੇ ਨਾਲੋਂ ਕਾਫ਼ੀ ਫ਼ਰਕ ਹੈ, ਪਰ ਕਦੇ ਕਦਾਈਂ ਇਹ ਲੋਕ ਵੀ ਮਹਿਸੂਸ ਕਰਵਾ ਹੀ ਦਿੰਦੇ ਹਨ ਕਿ ਅਸੀਂ ਆਖ਼ਰ ਇਮੀਗਰੈਂਟਸ ਹੀ ਹਾਂ।’’ ਇੰਨਾ ਕਹਿ ਕੇ ਉਹ ਉਦਾਸ ਜਿਹਾ ਦਿਖਾਈ ਦੇਣ ਲੱਗਾ ਸੀ। ਉਹ ਆਪਣੀ ਮਰਜ਼ੀ ਨਾਲ ਆਏ ਸਨ। ਇਸ ਲਈ ਅਸੀਂ ਵੀ ਕੁਝ ਕਹਿਣਾ ਵਾਜਬ ਨਾ ਸਮਝਿਆ।
ਵਾਪਸੀ ’ਤੇ ਟੋਰਾਂਟੋ ਹਵਾਈ ਅੱਡੇ ’ਤੇ ਦੁਆਬੇ ਦੀ ਇਕ ਔਰਤ ਨਾਲ ਮੁਲਾਕਾਤ ਦਾ ਮੌਕਾ-ਮੇਲ ਹੋ ਗਿਆ। ਉਸ ਨੂੰ ਥੋੜ੍ਹੀ ਬਹੁਤ ਮੱਦਦ ਦੀ ਲੋੜ ਸੀ। ਗੱਲਾਂ ਕਰਦੇ ਕਰਦੇ ਉਸ ਨੇ ਬੜੀ ਖ਼ੁਸ਼ੀ ਨਾਲ ਦੱਸਿਆ ਕਿ ਹੁਣ ਉਸ ਦੇ ਦੋਵੇਂ ਪੁੱਤਰ ਟੋਰਾਂਟੋ ਆ ਗਏ ਹਨ। ਇੱਕ 25 ਸਾਲ ਦਾ ਹੈ ਅਤੇ ਦੂਸਰਾ 22 ਸਾਲ ਦਾ। ਉਨ੍ਹਾਂ ਦੀ ਰਿਹਾਇਸ਼ੀ ਕਲੋਨੀ ਵਿਚ ਜ਼ਿਆਦਾਤਰ ਅੰਗਰੇਜ਼ ਸਨ ਅਤੇ ਉਹ ਬੇਸਮੈਂਟ ਵਿਚ ਰਹਿੰਦੇ ਸਨ। ਉਸ ਕਿਹਾ, ‘‘ਜਦ ਮੈਂ ਜੂਨ ਵਿਚ ਆਈ, ਮੇਰਾ ਤਾਂ ਭਾਈ ਦਿਲ ਨਾ ਲੱਗੇ। ਨਾਲੇ ਇਹ ਸੋਚ ਵੱਢ ਵੱਢ ਖਾਈ ਜਾਵੇ ਕਿਤੇ ਨਿਆਣੇ ਇਨ੍ਹਾਂ ਬਾਂਦਰੀਆਂ ਵਿਚ ਨਾ ਉਲਝ ਕੇ ਰਹਿ ਜਾਣ। ਖ਼ੈਰ, ਮੇਰੇ ਕਹਿਣ ’ਤੇ ਬੇਸਮੈਂਟ ਬਰੈਂਪਟਨ ਵਿਚ ਲੈ ਲਈ। ਏਥੇ ਤਾਂ ਪੰਜਾਬੀਓ ਪੰਜਾਬੀ। ਮੇਰਾ ਤਾਂ ਬੜਾ ਦਿਲ ਲੱਗਣ ਲੱਗ ਪਿਆ। ਗੱਲ ਕਰਨ ਨੂੰ ਗੁਆਂਢਣਾਂ, ਖਾਣ ਨੂੰ ਲੱਡੂ, ਜਲੇਬੀਆਂ, ਸਮੋਸੇ -ਸਭ ਓਹੀ ਪੰਜਾਬ ਆਲਾ, ਮੱਥਾ ਟੇਕਣ ਨੂੰ ਗੁਰਦੁਆਰਾ। ਮੇਰਾ ਤਾਂ ਆਉਣ ਨੂੰ ਦਿਲ ਹੀ ਨਾ ਕਰੇ…।’’ ਉਹ ਬੋਲਦੀ ਜਾ ਰਹੀ ਸੀ। ਮੈਂ ਟੋਕ ਕੇ ਪੁੱਛਿਆ, ‘‘ਹੁਣ ਇਹ ਬੱਚੇ ਤਾਂ ਉਮਰ ਭਰ ਇੱਥੇ ਹੀ ਰਹਿਣਗੇ ਜਾਂ ਪੜ੍ਹ ਕੇ ਵਾਪਸ ਪੰਜਾਬ ਆ ਜਾਣਗੇ?’’
‘‘ਵੀਰ ਜੀ ਕੀ ਗੱਲਾਂ ਕਰਦੇ ਹੋ? ਕੈਨੇਡਾ ਕੀ ਜਵਾਕ ਪੜ੍ਹਨ ਆਉਂਦੇ ਨੇ? ਇੱਥੇ ਪੱਕੇ ਹੋਣ ਲਈ ਐਵੇਂ ਨੀ ਬੇਸਮੈਂਟਾਂ ’ਚ ਸੌਂਦੇ!’’
‘‘ਚਲੋ ਠੀਕ ਐ, ਐਥੇ ਈ ਰਹਿਣਗੇ ਪਰ ਇਹ ਤਾਂ ਆਪਣਾ ਪੰਜਾਬੀ ਸੱਭਿਆਚਾਰ ਬਿਲਕੁਲ ਭੁੱਲ ਹੀ ਜਾਣਗੇ।’’ ਮੈਂ ਹੁਣ ਤੱਕ ਜਾਣ ਚੁੱਕਿਆ ਸਾਂ ਕਿ ਉਹ ਅਧਿਆਪਕ ਸੀ ਅਤੇ ਇਸ ਨਾਤੇ ਹੀ ਉਸ ਨੂੰ ਇਹ ਸਵਾਲ ਕੀਤਾ ਸੀ। ਉਹ ਚੁੱਪ ਹੋ ਗਈ ਅਤੇ ਥੋੜ੍ਹਾ ਰੁਕ ਕੇ ਬੋਲੀ, ‘‘ਲੈ ਭਾਈ! ਜੁਆਕਾਂ ਵਾਸਤੇ ਕੀ ਕੀ ਨ੍ਹੀਂ ਕਰਦੇ ਲੋਕ, ਇਹ ਤਾਂ ਸੁਖੀ ਵਸਣਗੇ।’’
‘‘ਹਾਂ! ਪੈਸੇ ਧੇਲੇ ਤੋਂ ਜ਼ਰੂਰ ਸੌਖੇ ਹੋ ਜਾਣਗੇ, ਪਰ ਪੰਜਾਬੀ ਜੀਵਨ ਸ਼ੈਲੀ ਤੋਂ ਵਾਂਝੇ ਹੋਈ ਜਾਣਗੇ। ਆਪਣੀ ਸੱਭਿਅਤਾ ਦਾ ਕੀ ਬਣੇਗਾ?’’ ਮੈਂ ਫੇਰ ਕਿਹਾ।
ਉਹ ਇਧਰ ਉਧਰ ਦੇਖਣ ਲੱਗ ਪਈ। ਕੋਈ ਜਵਾਬ ਨਾ ਦਿੰਦੀ ਦੇਖ ਕੇ ਮੈਂ ਵੀ ਚੁੱਪ ਹੋ ਗਿਆ। ਮੈਂ ਸੋਚੀਂ ਪੈ ਗਿਆ ਕਿ ਅਸੀਂ ਆਪਣੇ ਦੇਸ਼ ਵਿਚ ਅਜਿਹੇ ਹਾਲਾਤ ਪੈਦਾ ਕਿਉਂ ਨਹੀਂ ਕਰ ਸਕੇ ਕਿ ਸਾਡੇ ਬੱਚਿਆਂ ਨੂੰ ਢੁੱਕਵੇਂ ਰੁਜ਼ਗਾਰ ਲਈ ਪਰਵਾਸ ਨਾ ਕਰਨਾ ਪਵੇ ਅਤੇ ਮਾਪਿਆਂ ਨੂੰ ਇਕੱਲ ਵਿਚ ਬੁਢਾਪਾ ਨਾ ਕੱਟਣਾ ਪਵੇ। ਸਾਰਾ ਪੰਜਾਬ ਹੀ ਬਾਹਰਲੇ ਮੁਲਕਾਂ ਨੂੰ ਕਿਉਂ ਦੌੜਨਾ ਚਾਹੁੰਦਾ ਹੈ? ਲੋਕ ਦਿਨਕਟੀ ਕਰ ਰਹੇ ਮਹਿਸੂਸ ਕਿਉਂ ਕਰਨ ਲੱਗ ਪਏ ਹਨ? ਮੌਕੇ ਦੀ ਤਾੜ ’ਚ ਰਹਿੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਕਦ ਕੈਨੇਡਾ ਭੇਜਣ ਅਤੇ ਬਾਕੀਆਂ ਨੂੰ ਕਹਿ ਸਕਣ, ‘‘ਸਾਡੇ ਨਿਆਣੇ ਤਾਂ ਬਾਹਰ ਸੈਟਲਡ ਨੇ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਉਨ੍ਹਾਂ ਕੋਲ ਹੀ ਚਲੇ ਜਾਈਏ। ਏਥੇ ਕੀ ਰੱਖਿਐ!’’ ਫਲਾਈਟ ਦੀ ਅਨਾਊਂਸਮੈਂਟ ਨੇ ਸਾਨੂੰ ਜਹਾਜ਼ ਵੱਲ ਤੋਰ ਦਿੱਤਾ।
ਹਵਾਈ ਜਹਾਜ਼ ਵਿਚ ਬੈਠਣਸਾਰ ਮੇਰੇ ਖਿਆਲਾਂ ਦੀ ਲੜੀ ਫਿਰ ਉੱਥੇ ਹੀ ਜਾ ਜੁੜੀ, ਜਦ ਪਤਾ ਲੱਗਿਆ ਕਿ ਜਹਾਜ਼ ਵਿਚ ਵੀ ਵੱਖ ਵੱਖ ਸ਼੍ਰੇਣੀਆਂ ਹਨ ਅਤੇ ਅਸੀਂ ਉਸ ਸ਼੍ਰੇਣੀ ਵਿਚ ਬੈਠਾਂਗੇ ਜਿਸ ਨੂੰ ਅਮੀਰ ਆਦਮੀ ਅੱਜਕੱਲ੍ਹ ‘ਕੈਟਲ ਕਲਾਸ’ ਭਾਵ ‘ਡੰਗਰ ਸ਼੍ਰੇਣੀ’ ਕਹਿੰਦੇ ਹਨ। ਇਸ ਸ਼੍ਰੇਣੀ ਵਿਚ ਜ਼ਿਆਦਾਤਰ ਪਰਵਾਸੀ ਕਾਮੇ ਅਤੇ ਉਨ੍ਹਾਂ ਦੇ ਮਾਂ-ਬਾਪ ਹੀ ਹੁੰਦੇ ਹਨ। ਅਮੀਰ ਅਤੇ ਵਪਾਰੀ ਤਬਕਾ ਤਾਂ ਐਗਜ਼ੀਕਿਊਟਿਵ ਸ਼੍ਰੇਣੀ ਵਿਚ ਝੂਟੇ ਲੈਂਦਾ ਹੈ। ਨਾਲ ਵਾਲੀ ਸੀਟ ’ਤੇ ਬੈਠਾ ਸੱਜਣ ਵੀ ਕਾਫ਼ੀ ਪੜ੍ਹਿਆ ਲਿਖਿਆ ਜਾਪਦਾ ਸੀ। ਵਾਰਤਾਲਾਪ ਦੌਰਾਨ ਕਹਿਣ ਲੱਗਾ, “ਮੈਨੂੰ ਸਾਡੀ ਸਮੂਹਿਕ ਮਾਨਸਿਕਤਾ ਵਿਚ ਕੋਈ ਮੌਲਿਕ ਖ਼ਾਮੀ ਨਜ਼ਰ ਆਉਂਦੀ ਹੈ। ਆਪਣੇ ਦੇਸ਼ ਵਿਚ ਬੰਦੇ ਦੇ ਹੁਨਰ ਦੀ ਕਦਰ ਨਹੀਂ, ਧਨ-ਮਾਲ ਅਤੇ ਸਮਾਜਿਕ ਰੁਤਬੇ ਦੀ ਸਰਦਾਰੀ ਹੈ। ਸਾਡੇ ਵਰਗਿਆਂ ਨੂੰ ਕੈਟਲ ਕਲਾਸ ਦਾ ਖਿਤਾਬ ਦੇਣ ਵਾਲੇ ਖ਼ੁਦ ਵੀ ਤਾਂ ਵਿਦੇਸ਼ ਵਿਚ ਬੌਣੇ ਮਨੁੱਖਾਂ ਦੀ ਤਰ੍ਹਾਂ ਹੀ ਵਿਚਰਦੇ ਹਨ- ਦੋਇਮ ਦਰਜੇ ਦੇ ਸ਼ਹਿਰੀ। ਪੈਦਲ ਚੱਲਦੇ ਮਨੁੱਖ ਉਨ੍ਹਾਂ ਨੂੰ ਕੀੜੇ-ਮਕੌੜੇ ਨਜ਼ਰ ਆਉਣੇ ਕੋਈ ਹੈਰਾਨ ਕਰਨ ਵਾਲਾ ਨਹੀਂ ਹੈ,’’ ਉਸ ਨੇ ਆਪਣੇ ਲੰਮੇ ਤਜ਼ਰਬੇ ਤੋਂ ਦੱਸਿਆ।
ਖ਼ੈਰ! ਦਿੱਲੀ ਹਵਾਈ ਅੱਡੇ ’ਤੇ ‘ਕੈਟਲ ਕਲਾਸ’ ਆਪਣੇ ਆਪ ਨੂੰ ਇਕਦਮ ‘ਵੀਆਈਪੀ’ ਸਮਝਣ ਲੱਗ ਪਈ ਸੀ।
ਸੰਪਰਕ: 98888-28406