ਨਵਦੀਪ ਸਿੰਘ ਗਿੱਲ
ਬਰਮਿੰਘਮ ਵਿਚ ਹਾਲ ਹੀ ’ਚ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂਆਂ ਦਾ ਵਤਨ ਪਰਤਣ ਉਤੇ ਨਿੱਘਾ ਸਵਾਗਤ ਹੋ ਰਿਹਾ ਹੈ। ਨਗਦ ਇਨਾਮਾਂ ਨਾਲ ਸਨਮਾਨ ਹੋ ਰਿਹਾ ਹੈ, ਤਰੱਕੀਆਂ ਦਿੱਤੀਆਂ ਜਾ ਰਹੀਆਂ, ਨੌਕਰੀਆਂ ਮਿਲ ਰਹੀਆਂ ਹਨ। ਅਜਿਹੇ ਵਰਤਾਰੇ ਨੂੰ ਦੇਖਦਿਆਂ ਰਾਸ਼ਟਰਮੰਡਲ ਖੇਡਾਂ ਵਿਚ ਦੋ ਤਗ਼ਮੇ ਜਿੱਤਣ ਵਾਲੇ ਭਾਰਤ ਦੇ ਮਹਾਨ ਅਥਲੀਟ
ਮਹਿੰਦਰ ਸਿੰਘ ਗਿੱਲ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਨਾਲ ਵਾਪਰਿਆ ਅਜੀਬ ਅਤੇ ਮੌਜੂਦਾ ਸਮਿਆਂ ਦੇ ਉਲਟ ਗੱਲ ਸਾਂਝੀ ਕੀਤੀ ਜੋ ਅਜੋਕੇ ਸਮੇਂ ਵਿਚ ਸੁਣਨ ਵਿਚ ਬਹੁਤ ਹੈਰਾਨ ਕਰਦੀ ਹੈ।
ਬਰਮਿੰਘਮ ਵਿਖੇ ਤੀਹਰੀ ਛਾਲ ਦੇ ਮੁਕਾਬਲਿਆਂ ਵਿਚ ਭਾਰਤ ਦੇ ਐਲੌਡਸ ਪਾਲ ਨੇ ਸੋਨੇ ਅਤੇ ਅਬਦੁੱਲਾ ਅਬੂਬਾਕਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਤੀਹਰੀ ਛਾਲ ਵਿਚ ਭਾਰਤ ਨੇ 48 ਸਾਲ ਬਾਅਦ ਚਾਂਦੀ ਦੇ ਤਗ਼ਮੇ ਤੋਂ ਉਪਰ ਜਿੱਤਿਆ। 1974 ਵਿਚ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਤੀਹਰੀ ਛਾਲ ਮੁਕਾਬਲੇ ਵਿਚ ਮਹਿੰਦਰ ਸਿੰਘ ਗਿੱਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਹਨੇ 1970 ਵਿਚ ਐਡਿਨਬਰਗ ਵਿਖੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਜਲੰਧਰ ਦੀ ਬੁੱਕਲ ਵਿਚ ਵਸੇ ਪਿੰਡ ਫੋਲੜੀਵਾਲ ਤੋਂ ਅਮਰੀਕਾ ਜਾ ਕੇ ਵਸੇ ਮਹਿੰਦਰ ਸਿੰਘ ਗਿੱਲ ਨੇ ਸਾਰੀ ਉਮਰ ਉਹ ਆਪਣੇ ਦਮ ’ਤੇ ਅਮਰੀਕਾ ਰਹਿ ਕੇ ਅਭਿਆਸ ਕੀਤਾ ਪਰ ਤਗ਼ਮਿਆਂ ਨਾਲ ਝੋਲੀ ਉਸ ਨੇ ਭਾਰਤ ਦੀ ਭਰੀ। ਏਸ਼ਿਆਈ ਖੇਡਾਂ ਦਾ ਚੈਂਪੀਅਨ, ਰਾਸ਼ਟਰਮੰਡਲ ਖੇਡਾਂ ਤੇ ਪ੍ਰੀ ਓਲੰਪਿਕਸ ਦੇ ਤਗ਼ਮੇ ਸਣੇ ਸੰਸਾਰ ਪੱਧਰ ਦੀਆਂ ਵੱਡੀਆਂ ਅਥਲੈਟਿਕਸ ਮੀਟਾਂ ਵਿਚ 52 ਸੋਨ ਤਗ਼ਮੇ ਜਿੱਤਣ ਵਾਲੇ ਮਹਿੰਦਰ ਨੇ 19 ਨਵੇਂ ਮੀਟ ਰਿਕਾਰਡ ਵੀ ਬਣਾਏ।
ਸੰਨ 1974 ਦੇ ਚੜ੍ਹਦੇ ਮਹੀਨੇ ਕ੍ਰਾਈਸਟਚਰਚ ਵਿਖੇ ਰਾਸ਼ਟਰਮੰਡਲ ਖੇਡਾਂ ਸਨ। ਮਹਿੰਦਰ ਭਾਰਤੀ ਟੀਮ ਲਈ ਚੁਣਿਆ ਤਾਂ ਗਿਆ ਸੀ ਪਰ ਉਸ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਟਿਕਟ ਨਹੀਂ ਮਿਲੀ ਸੀ। ਖੇਡਾਂ ਸ਼ੁਰੂ ਹੋਣ ਵਿਚ ਹਫਤਾ ਹੀ ਰਹਿ ਗਿਆ ਸੀ ਪਰ ਮਹਿੰਦਰ ਨੂੰ ਨਿਊਜ਼ੀਲੈਂਡ ਜਾਣ ਲਈ ਕੋਈ ਪ੍ਰੋਗਰਾਮ ਨਹੀਂ ਮਿਲਿਆ ਸੀ। ਮਹਿੰਦਰ ਨੇ ਆਪਣੇ ਜਾਣਕਾਰ ਭਾਰਤੀ ਹਵਾਈ ਸੈਨਾ ਦੇ ਏਅਰ ਵਾਈਸ ਮਾਰਸ਼ਲ ਚਮਨ ਲਾਲ ਮਹਿਤਾ ਨਾਲ ਫੋਨ ’ਤੇ ਗੱਲ ਕਰਕੇ ਸਲਾਹ ਮੰਗੀ। ਮਹਿੰਦਰ ਨੂੰ ਪਤਾ ਲੱਗਿਆ ਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ ਆਪਣੇ ਚਹੇਤੇ ਆਫੀਸ਼ਲਾਂ ਨੂੰ ਟੂਰ ਲਗਾਉਣ ਵਾਸਤੇ ਇਹ ਪ੍ਰਚਾਰ ਕਰ ਰਹੀ ਸੀ ਕਿ ਖੁਦ ਮਹਿੰਦਰ ਨੇ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ। ਮਹਿੰਦਰ ਵੱਲੋਂ ਭਾਰਤ ਸਰਕਾਰ ਕੋਲ ਮਾਮਲਾ ਜ਼ੋਰ ਨਾਲ ਉਠਾਉਣ ਕਰਕੇ ਤਿੰਨ ਦਿਨ ਬਾਅਦ ਮਹਿੰਦਰ ਨੂੰ ਅਮਰੀਕਾ ਸਥਿਤ ਭਾਰਤੀ ਕੌਂਸਲੇਟ ਜਨਰਲ ਤੋਂ ਫੋਨ ਆਇਆ ਅਤੇ ਫਿਲਮੀ ਸਟਾਈਲ ਵਿਚ ਸੁਨੇਹਾ ਲੱਗਿਆ ਕਿ ਦੋ ਦਿਨ ਬਾਅਦ ਉਹ ਲਾਸ ਏਂਜਲਸ ਹਵਾਈ ਅੱਡੇ ਤੋਂ ਆਪਣੀ ਟਿਕਟ ਹਾਸਲ ਕਰ ਲਏ।
ਮਹਿੰਦਰ ਦੇ ਰਾਹ ਵਿਚ ਔਕੜਾਂ ਅਜੇ ਹੱਲ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅਮਰੀਕਾ ਵਿਚ ਇਕ ਪ੍ਰਾਈਵੇਟ ਕੰਪਨੀ ਦੀ ਨਵੀਂ ਨਵੀਂ ਨੌਕਰੀ ਕਰਕੇ ਉਸ ਨੂੰ ਖੇਡਾਂ ਵਿਚ ਹਿੱਸਾ ਲੈਣ ਵਾਸਤੇ ਛੁੱਟੀ ਮਿਲਣ ਦੀ ਬਿਲਕੁਲ ਸੰਭਾਵਨਾ ਨਹੀਂ ਸੀ। ਮਹਿੰਦਰ ਨੇ ਬਹਾਨਾ ਬਣਾਇਆ ਕਿ ਜੌਗਿੰਗ ਕਰਦਿਆਂ ਉਸ ਦੇ ਸੱਟ ਲੱਗ ਗਈ ਜਿਸ ਲਈ ਉਸ ਨੇ ਕੁਝ ਦਿਨ ਲਈ ਇਲਾਜ ਕਰਵਾਉਣ ਜਾਣਾ ਹੈ। ਮਹਿੰਦਰ ਨੇ ਲਾਸ ਏਂਜਲਸ ਤੋਂ ਫਲਾਈਟ ਫੜੀ ਅਤੇ ਸਿਡਨੀ ਜਾ ਪੁੱਜਾ। ਸਿਡਨੀ ਤੋਂ ਅਗਾਂਹ ਨਿਊਜ਼ੀਲੈਂਡ ਲਈ ਉਸ ਨੂੰ ਫਲਾਈਟ ਨਹੀਂ ਮਿਲ ਰਹੀ ਸੀ। ਏਅਰਲਾਈਨ ਸਟਾਫ ਅੱਗੇ ਵਾਸਤਾ ਪਾਇਆ ਕਿ ਅਗਲੇ ਦਿਨ ਉਸ ਨੇ ਮੁਕਾਬਲੇ ਵਿਚ ਹਿੱਸਾ ਲੈਣ ਜਿਸ ਕਾਰਨ ਉਸ ਦਾ ਜਾਣਾ ਬਹੁਤ ਜ਼ਰੂਰੀ ਹੈ। ਏਅਰਲਾਈਨਜ਼ ਵਾਲਿਆਂ ਨੇ ਜਿਵੇਂ ਕਿਵੇਂ ਕਰਕੇ ਉਸ ਲਈ ਇਕ ਸੀਟ ਦਾ ਪ੍ਰਬੰਧ ਕੀਤਾ, ਫਿਰ ਕਿਤੇ ਜਾ ਕੇ ਉਹ ਖੇਡਾਂ ਦੀ ਨਗਰੀ ਪੁੱਜਿਆ। ਕਈ ਦਿਨਾਂ ਦੀ ਟਿਕਟ ਲਈ ਜਦੋ-ਜਹਿਦ ਅਤੇ ਫਿਰ 20 ਘੰਟਿਆਂ ਦੀ ਫਲਾਈਟ ਤੋਂ ਬਾਅਦ ਥੱਕਿਆ ਟੁੱਟਿਆ ਮਹਿੰਦਰ ਮੁਕਾਬਲੇ ਤੋਂ ਪਹਿਲੀ ਰਾਤ ਚੈਨ ਨਾਲ ਸੁੱਤਾ। ਕ੍ਰਾਈਸਟਚਰਚ ਦੱਖਣੀ ਧਰੁਵ ਦੇ ਨੇੜੇ ਹੋਣ ਕਰਕੇ ਉਥੇ ਜਨਵਰੀ ਮਹੀਨੇ ਅੱਧੀ ਰਾਤ ਨੂੰ ਵੀ ਦਿਨ ਵਰਗਾ ਚਾਨਣ ਸੀ। ਮਹਿੰਦਰ ਸਵੇਰ ਹੋਈ ਸਮਝ ਕੇ ਜਾਗ ਪਿਆ ਪਰ ਘੜੀ ਉਤੇ ਰਾਤ ਦੇ ਢਾਈ ਵਜੇ ਸਨ।
ਤੀਹਰੀ ਛਾਲ ਦੇ ਮੁਕਾਬਲੇ ਵਿਚ ਮਹਿੰਦਰ ਸਿੰਘ ਗਿੱਲ ਨੇ ਪੌਣੇ 54 ਫੁੱਟ ਤੋਂ ਵੱਧ ਛਾਲ ਲਗਾਈ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿਚ ਦੋ ਤਗ਼ਮੇ ਜਿੱਤਣ ਵਾਲਾ ਭਾਰਤ ਦਾ ਇਕਲੌਤਾ ਅਥਲੀਟ ਬਣ ਗਿਆ। ਉਸ ਵੇਲੇ ਭਾਰਤੀ ਅਥਲੈਟਿਕਸ ਇਤਿਹਾਸ ਦੇ ਚਾਰ ਤਮਗਿਆਂ ਵਿਚੋਂ ਦੋ ਇਕੱਲੇ ਮਹਿੰਦਰ ਨੇ ਜਿੱਤੇ ਸਨ, ਇਹ ਰਿਕਾਰਡ 2010 ਦੀਆਂ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਤੱਕ ਉਸ ਦੇ ਨਾਂ ਰਿਹਾ।
ਕ੍ਰਾਈਸਟਰਚਰਚ ਵਿਚ ਤਗ਼ਮਾ ਜਿੱਤਣ ਤੋਂ ਬਾਅਦ ਵਾਪਸ ਨੌਕਰੀ ਜੁਆਇਨ ਕਰਨ ਲਈ ਉਸ ਨੂੰ ਸਮਾਪਤੀ ਸਮਾਰੋਹ ਤੋਂ ਪਹਿਲਾਂ ਹੀ ਅਮਰੀਕਾ ਪਰਤਣ ਦੀ ਕਾਹਲੀ ਸੀ। ਦੋ ਦਿਨ ਵਿਚ ਤਗ਼ਮਾ ਜਿੱਤ ਕੇ ਉਹ ਵਾਪਸ ਪਰਤ ਆਇਆ। ਅਮਰੀਕਾ ਪੁੱਜਦਿਆਂ ਹੀ ਉਹ ਆਪਣੀ ਲੱਤ ਉਤੇ ਪੱਟੀ ਬੰਨ੍ਹ ਕੇ ਦਫਤਰ ਹਾਜ਼ਰ ਹੋਇਆ। ਅਖਬਾਰਾਂ ਦੀਆਂ ਸੁਰਖੀਆਂ ਕਾਰਨ ਉਸ ਦੇ ਤਗ਼ਮੇ ਦੀ ਧੁੰਮ ਪੈ ਚੁੱਕੀ ਸੀ। ਬੌਸ ਨੇ ਮਹਿੰਦਰ ਨੂੰ ਕਿਹਾ ਕਿ ਉਸ ਨੇ ਝੂਠ ਬੋਲਿਆ ਅਤੇ ਸੱਟ ਦਾ ਬਹਾਨਾ ਲਗਾ ਕੇ ਨਿਊਜ਼ੀਲੈਂਡ ਜਾ ਕੇ ਖੇਡਾਂ ਵਿਚ ਹਿੱਸਾ ਲਿਆ ਜਿਸ ਕਰਕੇ ਕੰਪਨੀ ਨੂੰ ਉਸ ਦੀ ਕੋਈ ਲੋੜ ਨਹੀਂ। ਮਹਿੰਦਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਉਹ ਕੰਪਨੀ ਦੇ ਦਫਤਰ ਤੋਂ ਸਿੱਧਾ ਸਟੇਡੀਅਮ ਗਿਆ ਜਿੱਥੇ ਜਾ ਕੇ ਉਹ ਟਰੈਕ ਉਤੇ ਲੇਟ ਗਿਆ। ਮਹਿੰਦਰ ਦੱਸਦਾ ਹੈ ਕਿ ਉਸ ਦਿਨ ਉਸ ਨੇ ਸੁੱਖ ਦਾ ਸਾਹ ਲਿਆ ਜਦੋਂ ਉਹ ਨੌਕਰੀ ਦੇ ਬੰਧਨਾਂ ਤੋਂ ਮੁਕਤ ਹੋਇਆ। ਹੁਣ ਉਸ ਲਈ ਅਥਲੈਟਿਕਸ ਫੀਲਡ ਹੀ ਸਭ ਕੁਝ ਸੀ।
ਸੰਪਰਕ: 97800-36216