ਰਣਜੀਤ ਲਹਿਰਾ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸਬੰਧੀ ਤਿੰਨ ਕਾਲ਼ੇ ਕਾਨੂੰਨਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਦਾ ਠਾਠਾਂ ਮਾਰਦਾ ਘੋਲ ਦਿੱਲੀ ਵਿਚ ਸਿਖਰਾਂ ਨੂੰ ਛੂਹ ਰਿਹਾ ਹੈ। ਸੰਘਰਸ਼ੀ ਕਿਸਾਨਾਂ-ਮਜ਼ਦੂਰਾਂ ਨੇ 25-26 ਨਵੰਬਰ ਨੂੰ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਦਿੱਲੀ ਨੂੰ ਜਾਂਦੇ ਕੌਮੀ ਸ਼ਾਹਰਾਹਾਂ ‘ਤੇ ਖੜ੍ਹੀਆਂ ਕੀਤੀਆਂ ਬੇਅੰਤ ਰੋਕਾਂ ਨੂੰ ਪਾਰ ਕਰਦਿਆਂ, ਅੱਥਰੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਬੁਛਾੜਾਂ ਨੂੰ ਟਿੱਚ ਜਾਣਦਿਆਂ ਜਿਹੜੇ ਹੌਸਲੇ, ਧੜੱਲੇ ਤੇ ਦਮਖਮ ਦਾ ਸਬੂਤ ਦਿੱਤਾ ਉਸਨੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨਾਂ ਤੇ ਮਿਹਨਤਕਸ਼ ਲੋਕਾਂ ਨੂੰ ਸੰਘਰਸ਼ ਦੀ ਅਜਿਹੀ ਜਾਗ ਲਾਈ ਕਿ ਹਰ ਪਾਸੇ ਤੋਂ ਕਿਸਾਨਾਂ ਦੇ ਜਥੇ ਵਹੀਰਾਂ ਘੱਤ ਕੇ ਦਿੱਲੀ ਨੂੰ ਤੁਰ ਪਏ।
ਅੱਜ ਕਿਸਾਨਾਂ ਦੇ ਜਿਸ ਅਦੁੱਤੀ ਸੰਘਰਸ਼ ਦੀ ਚਰਚਾ ਚਹੁੰ-ਕੂੰਟਾਂ ਵਿੱਚ ਹੋ ਰਹੀ ਹੈ, ਉਸ ਸੰਘਰਸ਼ ਨੂੰ ਤੂਫ਼ਾਨੀ ਵੇਗ ਦੇਣ ਪਿੱਛੇ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਅਨੇਕਾਂ ਆਗੂਆਂ, ਵਰਕਰਾਂ ਤੇ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਤੁਰੇ ਜੰਗਜੂਆਂ ਦੇ ਖੂਨ-ਪਸੀਨੇ ਦੀ ਖੁਸ਼ਬੋਈ ਹੈ, ਜਿਨ੍ਹਾਂ ਨੇ ਆਪਣੇ ਸਿਰੜ ਤੇ ਸਿਦਕ ਨਾਲ ਪੰਜਾਬ ਦੇ ਖੇਤਾਂ ਦੇ ਪੁੱਤਾਂ ਸਮੇਤ ਹੋਰਨਾਂ ਲੋਕਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਇਹ ਖੇਤੀ ਸਬੰਧੀ ਕਾਨੂੰਨ ਪੰਜਾਬ ਦੇ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਇਤਿਹਾਸ ਦੇ ਨਵੇਂ ਨਕਸ਼ ਘੜ ਰਹੇ ਇਸ ਲੋਕ ਘੋਲ ਦੀ ਅਨੇਕਾਂ ਪੱਖਾਂ ਤੋਂ ਚਰਚਾ ਕੀਤੀ ਜਾ ਰਹੀ ਹੈ ਅਤੇ ਕੀਤੀ ਵੀ ਜਾਣੀ ਚਾਹੀਦੀ ਹੈ। ਪਰ ਇਸ ਛੋਟੀ ਜਿਹੀ ਲਿਖਤ ਦਾ ਮਕਸਦ ਉਨ੍ਹਾਂ ਸੂਰਮੇ-ਜੁਝਾਰਾਂ ਨੂੰ ਅਕੀਦਤ ਭੇਟ ਕਰਨਾ ਹੈ ਜਿਹੜੇ ਇਸ ਲੋਕ ਘੋਲ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਨੀਹਾਂ ਦੇ ਰੋੜੇ ਬਣੇ। ਜਾਨ ਦੀ ਪ੍ਰਵਾਹ ਨਾ ਕਰਦਿਆਂ, ਪਿੱਛੇ ਰਹਿ ਜਾਣ ਵਾਲਿਆਂ ਦੀ ਚਿੰਤਾ ਨਾ ਕਰਦਿਆਂ, ਜਿਹੜੇ ਲੋਕ ਲਾੜੀ ਮੌਤ ਨੂੰ ਗਲ਼ੇ ਲਾਉਂਦੇ ਹਨ, ਉਨ੍ਹਾਂ ਸੂਰਮਿਆਂ ਦੇ ਸਿਰੜ ਤੇ ਸਿਰਾਂ ‘ਤੇ ਹੀ ਯੁੱਗ ਪਲਟਾਊ ਲਹਿਰਾਂ ਉੱਸਰਦੀਆਂ ਹਨ।
ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲ਼ੀ ਚਹਿਲਾਂ ਦਾ ਨੌਜਵਾਨ ਧੰਨਾ ਸਿੰਘ 26 ਨਵੰਬਰ ਨੂੰ ਰਤੀਆ ਬਾਰਡਰ ਰਾਹੀਂ ਦਿੱਲੀ ਵੱਲ ਕੂਚ ਕਰਨ ਵਾਲੇ 30 ਕਿਸਾਨ ਜਥੇਬੰਦੀਆਂ ਦੇ ਕਾਫ਼ਲੇ ਵਿੱਚ ਸ਼ਾਮਲ ਸੀ। ਬੈਰੀਕੇਡਾਂ ਨੂੰ ਤੋੜਦਿਆਂ ਉਹ ਧੰਨ-ਧੰਨ ਕਰਾਈ ਜਾਂਦਾ ਸੀ। 27 ਨਵੰਬਰ ਨੂੰ ਸਵੇਰੇ 4 ਵਜੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁੰਢਲ ਨੇੜੇ ਨਾਕਾ ਤੋੜ ਕੇ ਬਣਾਏ ਭੀੜੇ ਜਿਹੇ ਰਾਹ ‘ਚੋਂ ਟਰੈਕਟਰ ਲੰਘਾਉਂਦਿਆਂ ਟਰਾਲੇ ਵੱਲੋਂ ਮਾਰੀ ਟੱਕਰ ਵਿੱਚ ਜਾਨ ਕੁਰਬਾਨ ਕਰਕੇ ਉਹ ਦਿੱਲੀ ਚੱਲੋ ਮੋਰਚੇ ਦਾ ਪਹਿਲਾ ਸ਼ਹੀਦ ਬਣ ਗਿਆ, ਜਿਸ ਲਈ ਹੋਰ ਕੋਈ ਨਹੀਂ, ਹਰਿਆਣਾ ਸਰਕਾਰ ਜ਼ਿੰਮੇਵਾਰ ਹੈ। ਦੋ ਕੁ ਏਕੜ ਜ਼ਮੀਨ ਵਾਲਾ, ਦੋ ਬੱਚਿਆਂ ਦਾ ਪਿਉ ਧੰਨਾ ਸਿੰਘ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਪਿੰਡ ਇਕਾਈ ਦਾ ਸਕੱਤਰ ਸੀ ਅਤੇ ਸਾਂਝੇ ਕੰਮਾਂ ਵਿੱਚ ਮੋਹਰੀ ਰਹਿਣ ਵਾਲਾ ਨੌਜਵਾਨ ਸੀ।
ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਕਸਬੇ ਧਨੌਲੇ ਤੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਸੰਗ `ਦਿੱਲੀ ਚੱਲੋ’ ਅੰਦੋਲਨ ਵਿੱਚ ਆਪਣੇ ਦੋਸਤਾਂ ਨਾਲ ਟਰੈਕਟਰਾਂ ਦੀ ਮੁਰੰਮਤ ਲਈ ਗਿਆ ਜਨਕ ਰਾਜ ਖੁਦ ਕਿਸਾਨ ਨਹੀਂ, ਸਾਈਕਲ ਮਕੈਨਿਕ ਸੀ, ਪਰ ਅੱਧੀ ਰਾਤੀਂ ਕਾਰ ਨੂੰ ਲੱਗੀ ਅੱਗ ਵਿੱਚ ਸੜ ਕੇ ਕੁੰਦਨ ਹੋ ਗਿਆ। ਲੋਕ ਗੀਤਾਂ ‘ਚ ਭਾਵੇਂ ਅਸੀਂ “ਕਿਸੇ ਦੀ ਆਈ ਕੌਣ ਮਰਦਾ” ਵਰਗੇ ਬੋਲ ਅਕਸਰ ਸੁਣਦੇ ਹਾਂ ਜਨਕ ਰਾਜ ਨੇ ਕਿਸਾਨ ਘੋਲ ਵਿੱਚ ਜਾਨ ਦੇ ਦੱਸ ਦਿੱਤਾ ਕਿ “ਕਿਸੇ ਦੀ ਆਈ ਮਰਨ” ਵਾਲਿਆਂ ਦੀ ਵੀ ਇਸ ਦੁਨੀਆਂ ਵਿੱਚ ਤੋਟ ਨਹੀਂ।
ਸਮਰਾਲਾ ਇਲਾਕੇ ਦੇ ਪਿੰਡ ਖੱਟਰਾਂ ਦਾ ਗੱਜਣ ਸਿੰਘ ਰਾਜਧਾਨੀ ਦੇ ਟਿੱਕਰੀ ਬਾਰਡਰ ‘ਤੇ ਕਹਿਰਾਂ ਦੀ ਠੰਢ ਵਿੱਚ ਸੜਕ ‘ਤੇ ਪਿਆ ਰਾਤ ਨੂੰ ਠੰਢ ਦਾ ਸ਼ਿਕਾਰ ਹੋ ਗਿਆ ਅਤੇ ਹਸਪਤਾਲ ਵਿੱਚ ਦਮ ਤੋੜ ਗਿਆ। ਉਹ 24 ਨਵੰਬਰ ਨੂੰ ਘੁਲਾਲ ਟੌਲ ਪਲਾਜ਼ੇ ਤੋਂ ਜਥੇਬੰਦੀ ਦੇ ਪਹਿਲੇ ਜਥੇ ਵਿੱਚ ਦਿੱਲੀ ਗਿਆ ਸੀ। ਗੱਜਣ ਸਿੰਘ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਸਰਗਰਮ ਕਾਰਕੁਨ ਸੀ। ਇੰਝ ਹੀ ਮੋਗਾ ਜ਼ਿਲ੍ਹੇ ਦੇ ਭਿੰਡਰ ਖੁਰਦ ਦਾ ਕਿਸਾਨ ਗੁਰਬਚਨ ਸਿੰਘ ਦਿੱਲੀ ਧਰਨੇ ਤੋਂ ਵਾਪਸ ਆਉਂਦਿਆਂ ਦਿਲ ਦੇ ਦੌਰੇ ਨਾਲ ਕਾਫ਼ਲੇ ਵਿੱਚੋਂ ਸਦਾ ਲਈ ਵਿੱਛੜ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣੇ ਦਾ ਕਿਸਾਨ ਗੁਰਜੰਟ ਸਿੰਘ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਕੁਰਬਾਨ ਹੋ ਗਿਆ। ਝੁੱਮਟ ਪਿੰਡ ਦਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਉਂ-ਜਿਉਂ ਮੋਰਚਾ ਲੰਮਾ ਹੋ ਰਿਹਾ ਹੈ ਤਿਉਂ-ਤਿਉਂ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਜੁਝਾਰੂ ਕਿਸਾਨਾਂ ਦੀ ਕਤਾਰ ਵੀ ਲੰਮੀ ਹੋਈ ਜਾ ਰਹੀ ਹੈ।
ਜੇ ਕੇਂਦਰ ਵੱਲੋਂ 5 ਜੂਨ ਨੂੰ ਖੇਤੀ ਸਬੰਧੀ ਤਿੰਨ ਕਾਲ਼ੇ ਕਾਨੂੰਨ ਲਿਆਂਦੇ ਜਾਣ ਤੋਂ ਬਾਅਦ ਆਰੰਭ ਹੋਏ ਸੰਘਰਸ਼ ਦੀ ਗੱਲ ਕਰੀਏ ਤਾਂ ਇਸ ਸਾਰੇ ਸੰਘਰਸ਼ ਦੌਰਾਨ ਦੋ ਦਰਜਨ ਤੋਂ ਵਧੇਰੇ ਕਿਸਾਨ ਕਾਰਕੁਨ ਮੋਰਚੇ ਵਿੱਚ ਜਾਨ ਕੁਰਬਾਨ ਕਰ ਚੁੱਕੇ ਹਨ। ਇਹ ਸਾਰੇ ਕਿਸਾਨ ਕਾਰਕੁਨ ਜੋ ਕਿਸਾਨ ਮੋਰਚੇ ਦੀ ਬਲੀ ਵੇਦੀ ‘ਤੇ ਕੁਰਬਾਨ ਹੋਏ ਹਨ, ਇਸ ਇਤਿਹਾਸਕ ਕਿਸਾਨ ਤੇ ਲੋਕ ਘੋਲ ਦੇ ਸ਼ਹੀਦ ਹਨ। ਉਹ ਕੋਈ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖਣ ਨਹੀਂ ਸਨ ਗਏ ਸਗੋਂ ਪੂਰੀ ਪ੍ਰਤੀਬੱਧਤਾ ਤੇ ਦ੍ਰਿੜ੍ਹਤਾ ਨਾਲ ਮੋਰਚੇ ਵਿੱਚ ਜੂਝਣ ਲਈ ਗਏ ਸਨ। ਉਹ ਨੀਹਾਂ ਦੇ ਰੋੜਿਆਂ ਵਾਂਗ ਇਸ ਇਤਿਹਾਸਕ ਘੋਲ ਵਿੱਚ ਚਿਣੇ ਗਏ ਹਨ।
ਐਸ.ਪੀ. ਨਗਰ, ਲਹਿਰਾਗਾਗਾ (ਸੰਗਰੂਰ)।
ਸੰਪਰਕ: 94175-88616