ਮਨਜਿੰਦਰ ਕੌਰ
ਮੈਂ ਸਕੂਲ ਗਿਆ ਹੋਇਆ ਸੀ। ਜਦੋਂ ਮੈਨੂੰ ਸਕੂਲੋਂ ਵਾਪਸ ਘਰ ਆਉਣ ਲਈ ਕਿਹਾ ਗਿਆ ਤਾਂ ਮੈਂ ਆਉਣਾ ਨਹੀਂ ਸੀ ਚਾਹੁੰਦਾ। ਉਸ ਸਮੇਂ ਮੈਂ ਨੌਵੀਂ ਕਲਾਸ ਵਿਚ ਪੜ੍ਹਦਾ ਸਾਂ। ਮੇਰਾ ਪਿਤਾ ਜੀ ਨਾਲ ਬਹੁਤ ਪਿਆਰ ਸੀ। ਹੁਣ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਰੋ ਪੈਂਦਾ ਹਾਂ, ਤੇ ਮੇਰਾ ਦਿਲ ਘਰੋਂ ਭੱਜਣ ਨੂੰ ਜੀਅ ਕਰਦਾ। ਪੜ੍ਹਾਈ ਵਿਚ ਮੇਰੀ ਰੁਚੀ ਖ਼ਤਮ ਹੋ ਗਈ ਹੈ।…
ਇਹ ਸਤਰਾਂ ਗਗਨਦੀਪ (19 ਸਾਲ) ਦੀਆਂ ਹਨ ਜਿਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ; ਅਤੇ ਉਸ ਨੂੰ ਅੱਧ ਵਾਟਿਓਂ ਹੀ ਆਪਣੀ ਪੜ੍ਹਾਈ ਛੱਡਣੀ ਪਈ ਸੀ। ਅਜਿਹੀਆਂ ਤਰਾਸਦੀਆਂ ਜਿਨ੍ਹਾਂ ਵਿਚ ਸਕੂਲ ਪੜ੍ਹਦੇ ਜਾਂ ਸਕੂਲ ਵਿਚੋਂ ਪੜ੍ਹਾਈ ਛੱਡ ਗਏ 187 ਬੱਚਿਆਂ ਨੂੰ ਮੈਂ ਆਪਣੇ ਖੋਜ ਕਾਰਜ ਦੌਰਾਨ ਨੇੜਿਓਂ ਦੇਖਿਆ ਹੀ ਨਹੀਂ ਬਲਕਿ ਉਨ੍ਹਾਂ ਦੇ ਵਿੱਦਿਅਕ ਖੱਪਿਆਂ ਨੂੰ ਵੀ ਸਮਝਿਆ ਹੈ। ਕਿਸ ਤਰ੍ਹਾਂ ਖ਼ੁਦਕੁਸ਼ੀ ਵਾਲੇ ਪਰਿਵਾਰਾਂ ਦੇ ਬੱਚੇ ਸਿੱਖਿਆ ਤੋਂ ਤਾਂ ਵਾਂਝੇ ਹੋ ਹੀ ਰਹੇ ਹਨ, ਵੱਡੇ ਮਾਨਸਿਕ ਤਣਾਅ ਵਿਚੋਂ ਵੀ ਗੁਜ਼ਰ ਰਹੇ ਹਨ। ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਸੀ- “ਮੁਲਕ ਦਾ ਸਭ ਤੋਂ ਵੱਡਾ ਸਰਮਾਇਆ ਉਸ ਮੁਲਕ ਦੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਸੰਭਾਲਣਾ ਤੇ ਵਿਕਸਿਤ ਕਰਨਾ ਸਰਕਾਰਾਂ ਦੀ ਜਿ਼ੰਮੇਵਾਰੀ ਹੁੰਦੀ ਹੈ।” ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਅਜੇ ਵੀ ਆਪਣੇ ਬੱਚਿਆਂ ਨੂੰ ਪੁਰਾਣੇ ਚੌਖਟਿਆਂ, ਧਰਮਾਂ, ਜਾਤਾਂ, ਅਮੀਰੀ-ਗ਼ਰੀਬੀ ਦੇ ਪਾੜੇ ਵਿਚੋਂ ਬਾਹਰ ਨਹੀਂ ਕੱਢ ਸਕੇ।
ਇਹ ਤ੍ਰਾਸਦਿਕ ਪਹਿਲੂ ਅੱਜ ਵੀ ਵਿੱਦਿਅਕ ਖੇਤਰ ਵਿਚ ਕਾਰਜਸ਼ੀਲ ਹਨ। ਕੋਵਿਡ-19 ਦੇ ਅਸਰ ਨੇ ਬੱਚਿਆਂ ਦੀ ਪੜ੍ਹਨ ਲਿਖਣ ਦਾ ਰੁਝਾਨ ਬਹੁਤ ਕਮਜ਼ੋਰ ਕਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਦੀ ਪੜ੍ਹਨ ਲਿਖਣ ਅਤੇ ਬੌਧਿਕ ਵਿਕਾਸ ਦੀ ਸਮਰੱਥਾ ਕਾਫ਼ੀ ਕਮਜ਼ੋਰ ਹੋ ਗਈ ਹੈ। ਬਹੁਗਿਣਤੀ ਬੱਚੇ ਜਜ਼ਬਾਤੀ ਤੌਰ ਤੇ ਵੱਡੇ ਦਬਾਅ ਵਿਚੋਂ ਗੁਜ਼ਰੇ ਹਨ। ਅਜਿਹੇ ਹਾਲਾਤ ਨਾਲ ਦੋ-ਚਾਰ ਹੋਣਾ ਅਤੇ ਹੁਣ ਬੱਚਿਆਂ ਨੂੰ ਲੀਹ ਤੇ ਲੈ ਕੇ ਆਉਣਾ ਮਾਪਿਆਂ ਅਤੇ ਅਧਿਆਪਕਾਂ ਲਈ ਵੱਡਾ ਕਾਰਜ ਹੈ ਪਰ ਜੋ ਪੀੜਾ ਅਤੇ ਦਰਦ ਕਿਸਾਨ ਖੁਦਕੁਸ਼ੀ ਪਰਿਵਾਰ ਦੇ ਬੱਚਿਆਂ ਵਿਚ ਵਿੱਦਿਅਕ ਪੱਖ ਤੋਂ ਦੇਖਿਆ, ਉਸ ਨੂੰ ਦੂਰ ਕਰਨਾ ਉਸ ਪ੍ਰਤੀ ਸੰਵੇਦਨ ਹੋਣਾ ਅਤੇ ਉਨ੍ਹਾਂ ਦੀ ਬਾਂਹ ਫੜਨਾ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ।
ਇਕ ਬੱਚੇ ਦੀ ਮਾਤਾ ਇੰਦਰਜੀਤ ਕੌਰ (45 ਸਾਲ) ਦਾ ਕਹਿਣਾ ਸੀ, “ਮੇਰੇ ਸਿਰ ਦਾ ਸਾਈਂ ਤਾਂ ਚਲਾ ਗਿਆ ਪਰ ਜਿਸ ਤਰ੍ਹਾਂ ਮੈਂ ਆਪਣੀ ਧੀ ਤੇ ਪੁੱਤਰ ਨੂੰ ਘੱਟ ਪੜ੍ਹਨ ਕਰਕੇ ਨਾਲਾਇਕ ਹੁੰਦਿਆਂ ਦੇਖ ਰਹੀ ਹਾਂ, ਉਸ ਨਾਲ ਮੈਨੂੰ ਆਪਣਾ ਭਵਿੱਖ ਵੀ ਹਨੇਰਾ ਲੱਗਦਾ ਹੈ। ਬਸ ਮੇਰੀ ਇਕੋ ਚਾਨ੍ਹਾਂ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੋ ਸਕੇ।”
ਇਸ ਹਾਲਾਤ ਅੰਦਰ ਇਨ੍ਹਾਂ ਬੱਚਿਆਂ ਦੀ ਜੋ ਮਨੋਅਵਸਥਾ ਬਣੀ ਹੈ, ਜੇ ਵਿੱਦਿਅਕ ਸੰਸਥਾਵਾਂ, ਸਮਾਜ ਤੇ ਹੋਰ ਕਾਰਜਸ਼ੀਲ ਹਿੱਸਿਆਂ ਸਮੇਤ ਸਰਕਾਰ ਸਹੀ ਰੂਪ ਵਿਚ ਇਨ੍ਹਾਂ ਬੱਚਿਆਂ ਦੀ ਮਦਦ ਨਹੀਂ ਕਰਨਗੇ ਤਾਂ ਇਹ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ। ਇਨ੍ਹਾਂ ਪਰਿਵਾਰਾਂ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦੇ ਧੀਆਂ ਪੁੱਤਾਂ ਦੀ ਯੋਗ ਵਿੱਦਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪਹਿਲਾਂ ਹੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਖੜੋਤ ਵਿਚ ਆਏ ਪਰਿਵਾਰ ਨੂੰ ਸਹਾਇਤਾ ਮਿਲ ਸਕੇ। ਬਹੁਗਿਣਤੀ ਮਾਪੇ ਅਨਪੜ੍ਹ ਸਨ/ਹਨ। ਹੁਣ ਤਾਂ ਇਹ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਆ ਰਹੀ ਸਮੱਸਿਆ ਕਿਸੇ ਅੱਗੇ ਰੱਖਣ ਤੋਂ ਵੀ ਘਬਰਾ ਰਹੇ ਹਨ।
ਬੇਹੱਦ ਸੰਵੇਦਨਸ਼ੀਲ ਅਤੇ ਹੁਸ਼ਿਆਰ ਬੱਚੇ ਅਰਸ਼ਦੀਪ (16 ਸਾਲ) ਦਾ ਦਰਦ ਸੁਣੋ: “ਮੈਂ ਦੇਰ ਰਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਡੈਡੀ ਨਾਲ ਸੌਂ ਜਾਂਦਾ ਸੀ, ਉਹ ਮੈਨੂੰ ਹੱਲਾਸ਼ੇਰੀ ਦਿੰਦੇ ਕਿ ਤੂੰ ਇੰਨਾ ਵਧੀਆ ਪੜ੍ਹਦਾ ਹੈਂ, ਇਕ ਦਿਨ ਵੱਡਾ ਅਫਸਰ ਬਣੇਂਗਾ ਪਰ ਜਿਸ ਰਾਤ ਪਿਤਾ ਨੇ ਖੁਦਕੁਸ਼ੀ ਕੀਤੀ, ਮੈਂ ਆਪਣੇ ਕਮਰੇ ਵਿਚ ਸਕੂਲ ਦੇ ਟੈਸਟ ਦੀ ਤਿਆਰੀ ਕਰ ਰਿਹਾ ਸੀ ਕਿ ਉਨ੍ਹਾਂ ਖੁਦਕੁਸ਼ੀ ਕਰ ਲਈ। ਉਹ ਤਾਂ ਚਲੇ ਗਏ ਪਰ ਉਸ ਦਿਨ ਤੋਂ ਬਾਅਦ ਮੇਰਾ ਕਿਤਾਬਾਂ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਪੜ੍ਹਾਈ ਜਾਰੀ ਕਰਨ ਲਈ ਉਤਸ਼ਾਹਿਤ ਕੀਤਾ। ਹੁਣ ਮੈਂ ਲਾਚਾਰ ਹੋਇਆ ਪਿਆ ਹਾਂ।”
ਪੰਜਾਬ ਦੇ ਮਾਲਵਾ ਖੇਤਰ ਵਿਚ ਜਿਵੇਂ ਖੁਦਕੁਸ਼ੀਆਂ ਦਾ ਵਰਤਾਰਾ ਵਾਪਰਿਆ ਹੈ, ਉਹ ਬਹੁਤ ਹੌਲਨਾਕ ਹੈ। ਇਨ੍ਹਾਂ ਪਰਿਵਾਰਾਂ ਦੇ ਤ੍ਰਾਸਦਿਕ ਹਾਲਾਤ ਤੁਹਾਨੂੰ ਉਸ ਮਾਨਸਿਕ ਪੀੜ ਦੇ ਸਨਮੁਖ ਵੀ ਕਰਦੇ ਹਨ ਜਿਸ ਵਿਚੋਂ ਇਨ੍ਹਾਂ ਨੂੰ ਨਿੱਤ ਦਿਨ ਗੁਜ਼ਰਨਾ ਪਿਆ ਅਤੇ ਹੁਣ ਵੀ ਹਾਲਾਤ ਉਹੀ ਹਨ। ਜਾਪ ਰਿਹਾ ਸੀ, ਮੇਰੀਆਂ ਅੱਖਾਂ ਸਾਹਮਣੇ ਹੋਣਹਾਰ ਬੱਚਿਆਂ ਦਾ ਭਵਿੱਖ ਖ਼ਤਮ ਹੋ ਰਿਹਾ ਹੈ। ਦਰਜਨਾਂ ਘਟਨਾਵਾਂ ਅਤੇ ਬਿਰਤਾਂਤ ਅਕਸਰ ਘੇਰੀ ਰੱਖਦੇ ਹਨ; ਜਿਵੇਂ ਗੁਰਬਖਸ਼ੀਸ਼ (15 ਸਾਲ) ਦੀ ਹੀ ਮਿਸਾਲ ਹੈ। ਉਸ ਦਾ ਕਹਿਣਾ ਸੀ: “ਮੇਰਾ ਸੁਪਨਾ ਅੱਜ ਵੀ ਇਹ ਹੈ ਕਿ ਮੈਂ ਪੜ੍ਹ ਲਿਖ ਕੇ ਹੀ ਕੁਝ ਬਣ ਸਕਦਾ ਹਾਂ, ਕਿਉਂਕਿ ਮੈਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਲਾਸ ਵਿਚ ਪੜ੍ਹਦਿਆਂ ਸੁਣੀਆਂ ਹਨ ਕਿ ਸਾਰੇ ਵੱਡੇ ਬੰਦੇ ਪੜ੍ਹਾਈ ਰਾਹੀਂ ਹੀ ਬਣੇ ਹਨ ਪਰ ਮੈਨੂੰ ਅਜੇ ਕੋਈ ਵੀ ਅਜਿਹਾ ਦੋਸਤ ਨਹੀਂ ਮਿਲਿਆ ਜਿਹੜਾ ਮੇਰੀ ਇਸ ਚਾਹਤ ਵਿਚ ਮੇਰਾ ਸਹਿਯੋਗੀ ਬਣ ਸਕੇ।”
ਇਸ ਤਰ੍ਹਾਂ ਜਦੋਂ ਅਸੀਂ ਪਿੰਡ ਪਿੰਡ, ਘਰ ਘਰ ਇਨ੍ਹਾਂ ਪਰਿਵਾਰਾਂ ਦੇ ਅੰਗ ਸੰਗ ਵਿਚਰ ਰਹੇ ਸਾਂ ਤਾਂ ਸਾਨੂੰ ਜਾਪਿਆ ਕਿ ਪੰਜਾਬ ਦੀ ਜ਼ਮੀਨੀ ਹਕੀਕਤ ਜਿਹੜੀ ਵਿਸ਼ੇਸ਼ ਕਰਕੇ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਹੈ, ਉਸ ਨੂੰ ਗੌਰ ਨਾਲ ਸਮਝੀਏ ਅਤੇ ਇਸ ਪ੍ਰਸੰਗ ਵਿਚ ਕੋਈ ਪਹਿਲਕਦਮੀ ਕਰੀਏ। ਇੰਨੀ ਵੱਡੀ ਅਤੇ ਭਿਆਨਕ ਤ੍ਰਾਸਦਿਕ ਪਹਿਲੂਆਂ ਵਾਲੇ ਹਾਲਾਤ ਵਿਚ ਸਾਡੀ ਨੈਤਿਕ ਜਿ਼ੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਸਕੂਲ ਤੋਂ ਕਾਲਜ ਯੂਨੀਵਰਸਿਟੀ ਤੱਕ ਵਿੱਦਿਆ ਮੁਹੱਈਆ ਕਰਨ ਲਈ ਕਾਰਜ ਕਰੀਏ। ਪੰਜਾਬ ਵਿਚ ਹਜ਼ਾਰਾਂ ਸਕੂਲ ਅਧਿਆਪਕ ਅਤੇ ਹੋਰ ਪੜ੍ਹੇ ਲਿਖੇ ਹਿੱਸੇ ਹਨ ਜਿਹੜੇ ਇਸ ਕਾਰਜ ਵਿਚ ਪਹਿਲਕਦਮੀ ਕਰਕੇ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇ ਸਕਦੇ ਹਨ।
ਅੱਜ ਹਰ ਸਿਆਸੀ ਪਾਰਟੀ 2022 ਵਿਚ ਸੱਤਾ ਉੱਪਰ ਕਾਬਜ਼ ਹੋਣ ਲਈ ਆਪਣੀ ਪੈਂਠ ਬਣਾਉਣ ਵਾਸਤੇ ਵਾਅਦਿਆਂ, ਲਾਰਿਆਂ, ਦਾਅਵਿਆਂ ਅਤੇ ਨਾਅਰਿਆਂ ਦੀ ਝੜੀ ਲਗਾ ਰਹੀ ਹੈ। ਹਰ ਕੋਈ ਛੋਟੀ ਮੋਟੀ ਰਿਆਇਤ ਦੀ ਗੱਲ ਕਰ ਰਿਹਾ ਹੈ ਜਾਂ ਵਾਅਦੇ ਕਰ ਰਿਹਾ ਹੈ ਪਰ ਅਜੇ ਤੱਕ ਕਿਸੇ ਵੀ ਧਿਰ ਨੇ ਕਈ ਵਰ੍ਹਿਆਂ ਤੋਂ ਤ੍ਰਾਸਦਿਕ ਪੀੜ ਵਿਚੋਂ ਲੰਘ ਰਹੇ ਇਨ੍ਹਾਂ ਬੱਚਿਆਂ ਦੀ ਸਾਰ ਨਹੀਂ ਲਈ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਇਹ ਸਰਕਾਰ ਤੁਰੰਤ ਇਨ੍ਹਾਂ ਪਰਿਵਾਰਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਜਾਂ ਜੋ ਜਾਣਕਾਰੀ ਵੱਖ-ਵੱਖ ਰਿਪੋਰਟਾਂ ਵਿੱਚ ਦਰਜ ਹੈ, ਘੱਟੋ-ਘੱਟ ਉਸ ਦੇ ਆਧਾਰ ਉੱਤੇ ਹੀ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਨ ਦਾ ਇੰਤਜ਼ਾਮ ਕਰੇ। ਪੰਡਿਤ ਜਵਾਹਰ ਲਾਲ ਨਹਿਰੂ ਦੇ ਇਹ ਸੁਪਨਾ ਵੀ ਲਿਆ ਸੀ ਕਿ ਜਿਸ ਤਰ੍ਹਾਂ ਜਪਾਨ ਦੇ ਬੱਚੇ ਆਪਣੇ ਘਰ, ਪਰਿਵਾਰ ਅਤੇ ਸਮਾਜ ਬਾਰੇ ਸੋਚਦੇ ਹਨ, ਉਸੇ ਤਰ੍ਹਾਂ ਸਾਡੇ ਮੁਲਕ ਦੇ ਬੱਚੇ ਵੀ ਸੋਚਣ ਅਤੇ ਅੱਗੇ ਵਧਣ। ਇਹ ਤਦ ਹੀ ਸੰਭਵ ਹੈ ਜੇ ਅਸੀਂ ਸੰਵੇਦਨਸ਼ੀਲ ਹੋ ਕੇ ਉਨ੍ਹਾਂ ਨੂੰ ਸਿੱਖਿਆ ਖੇਤਰ ਵਿਚੋਂ ਬਾਹਰ ਧੱਕਣ ਦੀ ਥਾਂ ਉਨ੍ਹਾਂ ਨੂੰ ਮੁੜ ਸਕੂਲਾਂ ਵਿਚ ਲੈ ਆਈਏ ਤਾਂ ਕਿ ਉਹ ਮੁਲਕ ਦੇ ਨਿਰਮਾਣ ਵਿਚ ਆਪੋ-ਆਪਣਾ ਹਿੱਸਾ ਪਾ ਸਕਣ ਅਤੇ ਅਗਲੀਆਂ ਪੀੜ੍ਹੀਆਂ ਲਈ ਰਾਹ ਬਣਾ ਸਕਣ।
ਸੰਪਰਕ: 90236-79208