ਜਗਦੀਸ਼ ਕੌਰ ਮਾਨ
ਉਸ ਪਰਿਵਾਰ ਨਾਲ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਪਰ ਵਰਤ-ਵਰਤਾਵਾ ਤੇ ਪਿਆਰ-ਸਤਿਕਾਰ ਸਕਿਆਂ ਤੋਂ ਵੀ ਵੱਧ ਹੈ। ਪੂਰਾ ਪਰਿਵਾਰ ਕੈਨੇਡਾ ਰਹਿੰਦਾ ਹੈ। ਜਦੋਂ ਇਧਰ ਆਉਂਦੇ ਹਨ, ਸਾਡਾ ਤਾਂ ਜਾਣੀ ਚਾਅ ਨਹੀਂ ਚੁੱਕਿਆ ਜਾਂਦਾ। ਕੋਈ ਲਾਲਚ ਨਹੀਂ, ਕੋਈ ਸਵਾਰਥ ਨਹੀਂ, ਬੱਸ ਪਿਆਰ ਵਾਲਾ ਪਿਆਰਾ ਤੇ ਲਾਡਲਾ ਜਿਹਾ ਰਿਸ਼ਤਾ ਹੈ। ਜਦੋਂ ਵੀ ਬਾਹਰੋਂ ਆਉਂਦੇ ਹਨ, ਸਾਨੂੰ ਆਪਣੇ ਸਕਿਆਂ ਤੋਂ ਵੀ ਪਹਿਲਾਂ ਮਿਲਣ ਆਉਂਦੇ ਹਨ। ਘਰ ਦਾ ਸਾਰਾ ਦੁੱਖ ਸੁੱਖ ਕਰਦੇ ਹਨ। ਪਿੱਛੇ ਜਿਹੇ ਉਨ੍ਹਾਂ ਦਾ ਵੱਡਾ ਪੁੱਤਰ ਪੰਜਾਬ ਵਿਚ ਨਵੀਂ ਕੋਠੀ ਬਣਾਉਣ ਲਈ ਆਇਆ ਸੀ। ਕੋਠੀ ਦਾ ਨਕਸ਼ਾ ਅਤੇ ਉਸਾਰੀ ਦਾ ਸਾਰਾ ਕਾਰਜ ਸਾਡੇ ਪਰਿਵਾਰ ਦੀ ਸਲਾਹ ਨਾਲ ਹੀ ਵਿਉਂਤਿਆ ਗਿਆ। ਜਾਣ ਤੋਂ ਪਹਿਲਾਂ ਕੋਠੀ ਦੀ ਸਾਂਭ ਸੰਭਾਲ ਦੀ ਜਿ਼ਮੇਵਾਰੀ ਵੀ ਉਹ ਸਾਨੂੰ ਹੀ ਸੌਂਪ ਗਿਆ, ਭਾਵੇਂ ਇਸ ਬਦਲੇ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੀ ਨਾਰਾਜ਼ਗੀ ਵੀ ਝੱਲਣੀ ਪਈ ਪਰ ਉਹ ਅਲਬੇਲਾ ਬੰਦਾ ਹੈ, ਅਜਿਹੀਆਂ ਨਿਗੂਣੀਆਂ ਗੱਲਾਂ ਦੀ ਘੱਟ ਹੀ ਪ੍ਰਵਾਹ ਕਰਦਾ ਹੈ।
ਚਾਹ ਅਤੇ ਰੋਟੀ ਪਾਣੀ ਉਹ ਸਾਡੇ ਘਰੋਂ ਬਿਨਾਂ ਕਿਸੇ ਉਚੇਚ ਤੋਂ ਹੀ ਖਾ ਪੀ ਜਾਂਦੇ ਹਨ। ਜੇ ਉਚੇਚ ਕਰਨ ਦੀ ਕੋਸਿ਼ਸ਼ ਵੀ ਕਰੀਏ ਤਾਂ ਬੁਰਾ ਮਨਾਉਂਦੇ ਹਨ। ਇਉਂ ਰਚਮਿਚ ਜਾਂਦੇ ਹਨ, ਜਿਵੇਂ ਸਾਡੇ ਟੱਬਰ ਦੇ ਹੀ ਜੀਅ ਹੋਣ। ਇਕ ਦਿਨ ਉਹ ਮੁੰਡਾ ਮੈਨੂੰ ਕਹਿਣ ਲੱਗਾ, “ਇਧਰ ਬੈਠੇ ਹਰ ਪੰਜਾਬੀ ਨੂੰ ਵਹਿਮ ਹੈ ਕਿ ਕੈਨੇਡਾ ਵਿਚ ਡਾਲਰਾਂ ਦੇ ਦਰਖਤ ਲੱਗੇ ਹੋਏ ਹਨ, ਬੜਾ ਹੀ ਸੁਖਾਲਾ ਕੰਮ ਹੈ। ਬੱਸ ਸੋਟੀ ਨਾਲ ਡਾਲਰ ਝਾੜ ਕੇ ਪੰਡ ਬੰਨ੍ਹ ਕੇ ਘਰ ਲੈ ਆਉਣੀ ਹੈ ਪਰ ਉਥੇ ਪਹੁੰਚ ਕੇ ਹੀ ਪਤਾ ਲੱਗਦਾ ਕਿ ਉਥੋਂ ਦੀ ਕਮਾਈ ਕਿੰਨੀ ਔਖੀ ਹੈ। ਉਥੇ ਕੋਈ ਵੀ ਕੰਮ ਸੌਖਾ ਨਹੀਂ, ਹਰ ਕੰਮ ਭਾਰਾ ਤੇ ਅਕਾਊ ਹੈ। ਡਾਲਰ ਕਮਾਉਣ ਵਾਸਤੇ ਜਾਨ ਹੂਲਵੇਂ ਕੰਮ ਕਰਨੇ ਪੈਂਦੇ, ਆਪਣਿਆਂ ਤੇ ਪਰਾਇਆਂ ਹੱਥੋਂ ਜਲਾਲਤ ਝੱਲਣੀ ਪੈਂਦੀ ਹੈ। ਅਣਖ ਤੇ ਮੜ੍ਹਕ ਨੂੰ ਮਿੰਨਤ ਕਰਕੇ ਵਾਪਸ ਇੰਡੀਆ ਭੇਜਣਾ ਪੈਂਦਾ ਹੈ, ਇਹ ਸਮਝਾ ਕੇ ਬਈ ਤੂੰ ਚੱਲ ਉਥੇ ਈ! ਤੈਨੂੰ ਨਾਲ ਰੱਖ ਕੇ ਨਹੀਂ ਇਥੇ ਕੰਮ ਚੱਲਣਾ। ਬਰਫ਼ਬਾਰੀ ਵਿਚ ਤੁਰਨਾ ਪੈਂਦਾ ਹੈ। ਬੇਸਮੈਟਾਂ ਵਿਚ ਰਹਿਣਾ ਪੈਂਦਾ ਹੈ। ਹੱਡ ਚੀਰਵੀਂ ਠੰਢ ਨਾਲ ਹੱਥ ਸੁੰਨ ਹੋ ਕੇ ਝੜਨ ਵਾਲੇ ਹੋ ਜਾਂਦੇ ਹਨ ਤਾਂ ਵੀ ਉਵੇਂ ਹੀ ਕੰਮ ਕਰਦੇ ਰਹਿੰਦੇ ਹਾਂ। ਸੌ ਤਰ੍ਹਾਂ ਦੀਆਂ ਕਿਰਸਾਂ ਕਰਨੀਆਂ ਪੈਂਦੀਆਂ, ਰੀਝਾਂ ਮਾਰਨੀਆਂ ਪੈਂਦੀਆਂ। ਅੰਦਰ ਮਚਲਦੇ ਚਾਅ ਜੇਠ ਹਾੜ੍ਹ ਦੀ ਧੁੱਪ ਵਿਚ ਸੁੱਕਣੇ ਪਾਉਣੇ ਪੈਂਦੇ ਹਨ। ਦਿਨ ਰਾਤ ਕੰਮ ਹੀ ਕੰਮ। ਨਾ ਦਿਨੇ ਘੜੀ ਪਲ ਦਾ ਆਰਾਮ, ਨਾ ਰਾਤ ਨੂੰ ਰੱਜਵੀਂ ਨੀਂਦ। ਰਿਸ਼ਤੇਦਾਰਾਂ ਨਾਲ ਕੋਰੇ ਹੋਣਾ ਪੈਂਦਾ ਹੈ। ਵਤਨ ਆਉਣ ਨੂੰ ਤਰਸ ਜਾਈਦਾ ਤਾਂ ਕਿਤੇ ਜਾ ਕੇ ਚਾਰ ਛਿੱਲੜ ਜੁੜਦੇ ਹਨ ਤੇ ਘਰ ਮਕਾਨ ਬਣਦੇ ਹਨ, ਉਹ ਵੀ ਸਾਰੀ ਉਮਰ ਦੀਆਂ ਕਿਸ਼ਤਾਂ ਤੇ।” ਉਹ ਲਗਾਤਾਰ ਆਪਣੇ ਦੁਖੜੇ ਸੁਣਾ ਰਿਹਾ ਸੀ ਤੇ ਮੇਰਾ ਕੈਨੇਡਾ ਗੇੜਾ ਮਾਰਨ ਦਾ ਚਾਅ ਪੇਤਲਾ ਪੈ ਰਿਹਾ ਸੀ।
ਦੋ ਕੁ ਮਿੰਟ ਰੁਕ ਕੇ ਉਹ ਫਿਰ ਸ਼ੁਰੂ ਹੋ ਗਿਆ, “ਹੁਣ ਦੇਖੋ ਨਾ, ਇਥੇ ਆ ਕੇ ਰਹਿਣ ਲਈ ਵੀ ਤਾਂ ਬੰਦੇ ਨੂੰ ਘਰ ਚਾਹੀਦਾ ਹੁੰਦਾ, ਤਾਂ ਹੀ ਕੋਠੀ ਬਣਾਉਣ ਦਾ ਹੂਲਾ ਫੱਕਿਐ। ਮੈਂ ਤਾਂ ਚਾਲੀ ਕੁ ਲੱਖ ਦਾ ਐਸਟੀਮੇਟ ਲਾ ਕੇ ਆਇਆ ਸੀ, ਸੱਠ ਲੱਖ ਨੂੰ ਥੁੱਕ ਲੱਗ ਚੁੱਕਾ ਪਰ ਕੋਠੀ ਦਾ ਕੰਮ ਮੁਕੰਮਲ ਅਜੇ ਵੀ ਨਹੀਂ ਹੋਇਆ। ਉਧਰ ਬਹੁਤਾ ਚਿਰ ਕੰਮ ਛੱਡਿਆਂ ਵੀ ਨ੍ਹੀਂ ਸਰਦਾ। ਕੰਮ ਦਾ ਤੇ ਉਥੋਂ ਦੇ ਘਰ ਬਾਰ ਦਾ ਫਿ਼ਕਰ ਅੱਡ ਵੱਢ ਵੱਢ ਖਾਂਦਾ ਰਹਿੰਦਾ, ਸਾਡੀ ਵੀ ਕੋਈ ਜੂਨ ਐ!” ਉਸ ਨੇ ਠੰਢਾ ਹਉਕਾ ਭਰਿਆ, “ਜਦੋਂ ਉਥੇ ਹੁੰਦੇ ਆਂ, ਉਦੋਂ ਇਧਰਲੇ ਘਰ ਤੇ ਜਾਇਦਾਦ ਦੀ ਚਿੰਤਾ ਲੱਗੀ ਰਹਿੰਦੀ ਹੈ, ਤੇ ਜਦੋਂ ਇੰਡੀਆ ਆ ਜਾਂਦੇ ਹਾਂ ਤਾਂ ਉਥੇ ਬੜੀ ਹੀ ਮੁਸ਼ਕਿਲ ਨਾਲ ਬਣਾਏ ਘਰਾਂ ਦਾ ਫਿ਼ਕਰ ਖਹਿੜਾ ਨਹੀਂ ਛੱਡਦਾ; ਜਾਣੀ ਉਥੇ ਵੀ ਟੈਂਸ਼ਨ, ਇਥੇ ਵੀ ਟੈਂਸ਼ਨ। ਫਿਰ ਆਂਟੀ ਜੀ! ਸਾਡਾ ਘਰ ਤਾਂ ਕੋਈ ਵੀ ਨਾ ਹੋਇਆ! ਕਾਹਦੇ ਬਾਹਰਲੇ ਦੇਸ਼ ਨੇ, ਬੰਦਾ ਬੇਵਤਨਾ ਤਾਂ ਹੁੰਦਾ ਹੀ ਹੁੰਦਾ ਹੈ, ਨਾਲ ਬੇਘਰਾ ਵੀ ਹੋ ਜਾਂਦਾ। ਕਈ ਵਾਰੀ ਸੋਚੀਦਾ, ਬਈ ਸਾਡਾ ਘਰ ਕਿੱਥੇ ਹੈ?
ਗੱਲਾਂ ਉਸ ਦੀਆਂ ਸਾਰੀਆਂ ਸੱਚੀਆਂ ਸਨ ਪਰ ਮੁੰਡੇ ਕੁੜੀਆਂ ਦੀ ਬਾਹਰਲੇ ਮੁਲਕਾਂ ਨੂੰ ਰਵਾਨਗੀ ਕੀ ਬੇਰੁਜ਼ਗਾਰੀ ਦੀ ਉਪਜ ਨਹੀਂ? ਜੇ ਪੜ੍ਹ ਲਿਖ ਕੇ ਆਪਣੇ ਮੁਲਕ ਵਿਚ ਹੀ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਏ ਤਾਂ ਕੀਹਦਾ ਜੀਅ ਕਰਦਾ ਆਪਣਾ ਵਤਨ ਤੇ ਘਰ ਬਾਰ ਛੱਡ ਕੇ ਜਾਣ ਨੂੰ!
ਬਹੁਤ ਸਾਰੇ ਲੋਕਾਂ ਦੇ ਇਕਲੌਤੇ ਪੁੱਤਰ ਧੀਆਂ ਰਿਜ਼ਕ ਦੇ ਮਾਰੇ ਬਾਹਰਲੇ ਮੁਲਕੀਂ ਗਏ ਹੋਏ ਹਨ, ਪਿੱਛੋਂ ਉਨ੍ਹਾਂ ਦੇ ਮਾਪੇ ਲਾਵਾਰਸਾਂ ਵਾਂਗ ਸ਼ਰੀਕਾਂ ਜਾਂ ਨੌਕਰਾਂ ਦੇ ਹੱਥਾਂ ਵਿਚ ਰੁਲ ਖੁਲ ਕੇ ਆਪਣੇ ਬੱਚਿਆਂ ਨੂੰ ਉਡੀਕਦੇ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ। ਦੇਰ ਬਾਅਦ ਆਏ ਧੀਆਂ ਪੁੱਤਰ ਸਿਵਿਆਂ ਵਿਚ ਜਾ ਜਾ ਰੋਂਦੇ ਹਨ ਪਰ ਉਥੇ ਤਾਂ ਉਦੋਂ ਤੱਕ ਕੁਝ ਵੀ ਨਹੀਂ ਹੁੰਦਾ।
ਸੰਪਰਕ: 78146-98117