ਅਵਤਾਰ ਸਿੰਘ ਸੰਧੂ
ਪਿਤਾ ਜੀ ਮੱਧ ਪ੍ਰਦੇਸ਼ ’ਚ ਸ਼ਰਾਬ ਦੀ ਠੇਕੇਦਾਰੀ ਕਰਦੇ ਸਨ। 1968 ਵਿਚ ਮੈਟ੍ਰਿਕ ਦੇ ਪੇਪਰ ਦੇ ਕੇ ਵਿਹਲਾ ਹੋਇਆ ਤਾਂ ਪਿਤਾ ਜੀ ਦੀ ਚਿੱਠੀ ਆ ਗਈ- “ਅਵਤਾਰ ਨੂੰ ਮੇਰੇ ਕੋਲ ਭੇਜ ਦਿਓ, ਕੰਮਕਾਰ ਵਧ ਗਿਆ ਹੈ।” ਬਾਬਾ ਜੀ ਨੇ ਬੜਾ ਮਨ੍ਹਾ ਕੀਤਾ, ਮੁੰਡੇ ਨੂੰ ਅਜੇ ਹੋਰ ਪੜ੍ਹਨ ਦੇ ਪਰ ਪਿਤਾ ਜੀ ਦੀ ਜ਼ਿੱਦ ਅੱਗੇ ਸਾਰੇ ਬੇਵਸ ਸਨ। ਆਖਰ ਮੈਨੂੰ ਤੇ ਭੂਆ ਜੀ ਨੂੰ ਭੋਪਾਲ ਭੇਜ ਦਿੱਤਾ ਗਿਆ। ਨਵਾਂ ਇਲਾਕਾ, ਨਵੇਂ ਲੋਕ, ਨਵੀਂ ਭਾਸ਼ਾ; ਬੜਾ ਅਜੀਬ ਜਿਹਾ ਲੱਗਾ ਪਰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਆਪਣੇ ਮਾਂ-ਬਾਪ ਕੋਲ ਪਹੁੰਚ ਗਿਆ ਸੀ। ਪਿਤਾ ਜੀ ਨੇ ਆਪਣੇ ਨਾਲ ਮੈਨੂੰ ਠੇਕੇਦਾਰੀ ਵਿਚ ਪਾ ਲਿਆ। ਕੰਮ ਬੜਾ ਹੀ ਔਖਾ ਸੀ ਪਰ ਹੌਲੀ ਹੌਲੀ ਸਮਝ ਆ ਗਿਆ ਤੇ ਨਵੇਂ ਇਲਾਕੇ ਵਿਚ ਦਿਲ ਵੀ ਲੱਗ ਗਿਆ। ਦੋ ਸਾਲ ਪਿਤਾ ਜੀ ਨੇ ਇਸ ਕਾਰੋਬਾਰ ਬਾਰੇ ਸਾਰੀ ਜਾਣਕਾਰੀ ਮੈਨੂੰ ਦਿੱਤੀ। ਜਦੋਂ ਦੇਖਿਆ ਕਿ ਮੈਂ ਸਭ ਕੁਝ ਸਮਝ ਗਿਆ ਤਾਂ ਉਨ੍ਹਾਂ ਹੁਣ ਮੈਨੂੰ ਆਪਣੇ ਠੇਕੇ ਲੈ ਕੇ ਆਪ ਕੰਮ ਕਰਨ ਲਈ ਕਿਹਾ। 1970 ਤੋਂ ਲੈ ਕੇ 1975 ਤਕ ਮੈਂ ਸ਼ਰਾਬ ਦੀ ਠੇਕੇਦਾਰੀ ਕੀਤੀ। ਸਾਲ ਵਿਚ ਹੀ ਮੈਨੂੰ ਇਸ ਕਾਰੋਬਾਰ ਤੋਂ ਨਫਰਤ ਹੋਣ ਲੱਗ ਪਈ। ਜਦੋਂ ਦਿਨ ਭਰ ਮਿਹਨਤ ਕਰ ਕੇ ਮਜ਼ਦੂਰ ਆਪਣੀ ਸਾਰੀ ਕਮਾਈ ਸ਼ਰਾਬ ਦੇ ਲੇਖੇ ਲਾ ਦਿੰਦੇ ਤਾਂ ਬੜਾ ਦੁੱਖ ਹੁੰਦਾ। ਕਈ ਵਾਰ ਉਨ੍ਹਾਂ ਦੇ ਘਰਵਾਲੇ ਸ਼ਰਾਬੀਆਂ ਨੂੰ ਠੇਕੇ ਉੱਤੇ ਚੁੱਕਣ ਆਉਦੇ ਤਾਂ ਹੋਰ ਵੀ ਬੁਰਾ ਲਗਦਾ।
ਜੂਨ ਮਹੀਨੇ ਇੰਦੌਰ ’ਚ ਜ਼ਹਿਰੀਲੀ ਸ਼ਰਾਬ ਨਾਲ ਕਈ ਮੌਤਾਂ ਹੋ ਗਈਆਂ। ਇਹ ਖ਼ਬਰ ਜਦੋਂ ਅਖ਼ਬਾਰ ’ਚ ਪੜ੍ਹੀ ਤਾਂ ਰੂਹ ਕੰਬ ਗਈ। ਪੈਸੇ ਖਾਤਰ ਇਨਸਾਨਾਂ ਦਾ ਕਤਲ! ਮੈਂ ਆਪਣੇ ਆਪ ਨੂੰ ਲਾਹਨਤਾਂ ਪਾ ਰਿਹਾ ਸੀ। ਇਸ ਘਟਨਾ ਦਾ ਭਾਵੇਂ ਮੇਰੇ ਠੇਕੇ ਨਾਲ ਕੋਈ ਸਬੰਧ ਨਹੀਂ ਸੀ, ਫਿਰ ਵੀ ਬੜਾ ਦੁਖੀ ਸੀ। ਉਸੇ ਦਿਨ ਫੈਸਲਾ ਕਰ ਲਿਆ ਕਿ ਸ਼ਰਾਬ ਦੀ ਠੇਕੇਦਾਰੀ ਨਹੀਂ ਕਰਨੀ। ਇਸ ਫੈਸਲੇ ਨਾਲ ਘਰ ’ਚ ਭੁਚਾਲ ਆ ਗਿਆ; ਦੋ ਦਿਨ ਮਹਾਂਭਾਰਤ ਚਲਦਾ ਰਿਹਾ ਪਰ ਮੈਂ ਆਪਣੇ ਫੈਸਲੇ ਤੇ ਅੜਿਆ ਰਿਹਾ। ਆਖਰ ਪਿਤਾ ਜੀ ਮੈਨੂੰ ਛੱਡਣ ਪੰਜਾਬ ਆ ਗਏ। ਮੇਰੇ ਰਿਸ਼ਤੇਦਾਰ ਵੀ ਮੈਨੂੰ ਸਮਝਾਉਂਦੇ ਰਹੇ ਪਰ ਮੈਂ ਕਿਸੇ ਦੀ ਕੋਈ ਗੱਲ ਨਹੀਂ ਮੰਨੀ। ਆਖਰ ਪਿਤਾ ਜੀ ਮੈਨੂੰ ਛੱਡ ਕੇ ਵਾਪਸ ਭੁਪਾਲ ਚਲੇ ਗਏ। ਹੁਣ ਸਵਾਲ ਸੀ, ਇੱਥੇ ਮੈਂ ਕੀ ਕਰਦਾ? ਰਿਸ਼ਤੇਦਾਰ ਮਿਹਣੇ ਮਾਰਨ, ਟਿੱਚਰਾਂ ਕਰਨ- “ਮੁੰਡੇ ਦਾ ਤਾਂ ਦਿਮਾਗ ਖਰਾਬ ਹੋ ਗਿਆ, ਚੰਗਾ ਭਲਾ ਠੇਕੇਦਾਰੀ ਕਰਦਾ ਸੀ। ਹੁਣ ਠੋਕਰਾਂ ਖਾਊ ਸਾਰੀ ਉਮਰ।” ਪਿਤਾ ਜੀ ਨੇ ਵੀ ਭੁਪਾਲ ਤੋਂ ਤੁਰਨ ਵੇਲੇ ਮੇਰੀ ਮਾਂ ਨੂੰ ਮਿਹਣਾ ਮਾਰਿਆ ਸੀ- “ਤੇਰੇ ਇਸ ਪੂਰਨ ਭਗਤ ਨੇ ਹੁਣ ਸਾਰੀ ਉਮਰ ਭੁੱਖਾ ਮਰਨਾ।”
ਵੰਡ ਤੋਂ ਬਾਅਦ ਸਰਕਾਰੀ ਡੀਪੂ ਸਾਡੇ ਕੋਲ ਸਨ। ਸਾਡੀ ਅੱਲ ਵੀ ‘ਡੀਪੂ ਵਾਲੇ’ ਪਈ ਹੋਈ ਸੀ। ਮੈਂ ਅਰਜ਼ੀ ਦਿੱਤੀ ਅਤੇ ਮੈਨੂੰ ਤੇਲ, ਖੰਡ ਤੇ ਆਟੇ ਦਾ ਡੀਪੂ ਮਿਲ ਗਿਆ। ਚਾਰ ਕੁ ਮਹੀਨੇ ਕੰਮ ਵਧੀਆ ਚਲਿਆ, ਫਿਰ ਉਪਰਲੇ ਅਫਸਰ ਮਹੀਨਾ ਮੰਗਣ ਲੱਗ ਪਏ। ਡੀਪੂ ਛੱਡ ਦਿੱਤਾ। ਉਨ੍ਹਾਂ ਦਿਨਾਂ ਵਿਚ ਮੇਰੀਆਂ ਕਹਾਣੀਆਂ ਅਖਬਾਰਾਂ ਵਿਚ ਛਪਦੀਆਂ ਸਨ। 1970 ਤੋਂ ਅਖਬਾਰਾਂ ਵਿਚ ਛਪਣ ਲੱਗ ਪਿਆ ਸੀ। ਮੇਰੇ ਇੱਕ ਦੋਸਤ ਨੇ ਸਲਾਹ ਦਿੱਤੀ, ਤੈਨੂੰ ਸਾਹਿਤ ਲਿਖਣ ਦਾ ਸ਼ੌਕ ਹੈ, ਤੂੰ ਗਿਆਨੀ ਕਰ। ਲੇਟ ਫੀਸ ਭਰੀ, ਗਿਆਨੀ ਦਾ ਦਾਖਲਾ ਭੇਜ ਦਿੱਤਾ ਪਰ ਜੋ ਸੁਣਦਾ, ਉਹੀ ਟਿੱਚਰਾਂ ਕਰਦਾ। “ਇਹ ਤੇਰੇ ਵਸ ਦਾ ਕੰਮ ਨਹੀਂ, ਤੂੰ ਅੱਠ ਸਾਲ ਭੁਪਾਲ ਰਿਹਾ, ਤੈਨੂੰ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਆਉਦੀ।” ਕੋਈ ਆਖੇ, ਜੋਗਿੰਦਰ ਦੇ ਜਰਨੈਲ ਨੇ ਤਿੰਨ ਵਾਰ ਪੇਪਰ ਦਿੱਤੇ, ਉਹ ਪਾਸ ਨਹੀਂ ਹੋਇਆ।” ਬੱਸ, ਜਿੰਨੇ ਮੂੰਹ ਓਨੀਆਂ ਗੱਲਾਂ। ਇਧਰ ਬਾਬੇ ਜੀ ਨੇ ਗਿਆਨੀ ਵਾਲੇ ਪੇਪਰਾਂ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਲਿਆ- “ਪੁੱਤਰਾ! ਕੁਝ ਵੀ ਹੋਵੇ, ਹੁਣ ਤੂੰ ਗਿਆਨੀ ਤਾਂ ਜ਼ਰੂਰ ਪਾਸ ਕਰਨੀ।”
ਰਾਤ ਦਿਨ ਇੱਕ ਕਰ ਦਿੱਤਾ। ਸਾਰਾ ਸਾਰਾ ਦਿਨ ਪੜ੍ਹਨਾ, ਰੋਟੀ ਪਾਣੀ ਦਾ ਕੋਈ ਖਿਆਲ ਨਾ ਰਹਿਣਾ। ਆਖਰ ਚੰਗੇ ਨੰਬਰਾਂ ਨਾਲ ਗਿਆਨੀ ਪਾਸ ਕਰ ਲਈ। ਪਿੰਡ ਵਿਚ ਟੌਹਰ ਬਣ ਗਈ। ਫਿਰ ਮਾਹਿਲਪੁਰ ਓਟੀ ਵਿਚ ਦਾਖਲਾ ਮਿਲ ਗਿਆ। ਪ੍ਰੋæ ਸੰਧੂ ਵਰਿਆਣਵੀ, ਕਹਾਣੀਕਾਰ ਬਲਦੇਵ ਸਿੰਘ ਢੀਂਡਸਾ, ਡਾæ ਮਨਮੋਹਨ ਸਿੰਘ ਤੀਰ ਮੇਰੇ ਜਮਾਤੀ ਸਨ। ਅਜੇ ਇੱਕ ਮਹੀਨਾ ਹੀ ਹੋਇਆ ਸੀ ਕਿ ਨਵੀਂ ਮੁਸੀਬਤ ਆਣ ਖੜ੍ਹੀ ਹੋਈ। ਮੇਰੇ ਹੋਣ ਵਾਲੇ ਸਹੁਰੇ ਵਿਆਹ ਲਈ ਜ਼ੋਰ ਪਾਉਣ ਲੱਗ ਪਏ- “ਵਿਆਹ ਕਰੋ ਜਾਂ ਰਿਸ਼ਤਾ ਛੱਡੋ।” ਮੇਰੇ ਦਾਦੀ ਜੀ ਅੜ ਗਏ। ਅਸੀਂ ਮੰਗ ਨਹੀਂ ਛੱਡਣੀ। ਕੋਈ ਗੱਲ ਨਹੀਂ, ਤੁਸੀਂ ਦਿਨ ਦਿਓ। ਪੰਦਰਾਂ ਦਿਨ ਬਾਅਦ ਵਿਆਹ ਰੱਖ ਦਿੱਤਾ। ਜਿਸ ਦਿਨ ਮੈਨੂੰ ਮਾਈਆਂ ਲੱਗਣਾ ਸੀ, ਮੈਂ ਆਪਣੀ ਕਲਾਸ ਵਿਚ ਬੈਠਾ ਪੀਰੀਅਡ ਲਾ ਰਿਹਾ ਸੀ। ਕੁੜੀਆਂ ਨੇ ਮੈਨੂੰ ਜ਼ਬਰਦਸਤੀ ਘਰ ਭੇਜਿਆ। ਵੀਰਵਾਰ ਵਿਆਹ ਸੀ ਤੇ ਸ਼ਨਿਚਰਵਾਰ ਮੁੜ ਕਲਾਸ ਵਿਚ ਬੈਠਾ ਸੀ। ਮੇਰੇ ਪ੍ਰੋਫੈਸਰ ਪਾਖਰ ਸਿੰਘ ਬੋਲੇ, “ਕਾਕਾ ਤੇਰਾ ਵਿਆਹ ਹੋ ਗਿਆ ਜਾਂ ਕੁੜੀ ਵਾਲਿਆਂ ਜਵਾਬ ਦੇ ਦਿੱਤਾ।” ਖੈਰ, ਸ਼ਗਨ ਵਿਚ ਮਿਲੇ ਪੈਸਿਆਂ ਨਾਲ ਸਾਰੀ ਕਲਾਸ ਨੂੰ ਪਾਰਟੀ ਦਿੱਤੀ।
ਵਿਆਹ ਤੋਂ ਹਫਤਾ ਬਾਅਦ ਘਰਵਾਲੀ ਦਾ ਚੂੜਾ ਲੁਹਾ ਕੇ ਹੁਸ਼ਿਆਰਪੁਰ ਗਿਆਨੀ ਕਾਲਜ ’ਚ ਦਾਖਲ ਕਰਾ ਦਿੱਤਾ। ਅਸੀਂ ਦੋਵੇਂ ਪੜ੍ਹਨ ਜਾਂਦੇ। ਲੋਕ ਟਿੱਚਰਾਂ ਕਰਦੇ, ਮਿਹਣੇ ਮਾਰਦੇ- “ਮੁੰਡੇ ਦੀ ਅਕਲ ਦੇਖੋ, ਘੱਟੋ-ਘਟ ਸਵਾ ਮਹੀਨਾ ਤਾਂ ਬਹੂ ਦੇ ਚੂੜਾ ਪਾਇਆ ਰਹਿਣ ਦਿੰਦਾ। ਵੱਡੇ ਪੜਾਕੂ ਬਣੀ ਫਿਰਦੇ।” ਅਸੀਂ ਦੋਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ। ਅਸੀਂ ਦੋਵੇਂ ਚੰਗੇ ਨੰਬਰਾਂ ਨਾਲ ਪਾਸ ਹੋ ਗਏ। ਇੱਕ ਮਹੀਨਾ ਬਾਅਦ ਹੀ ਮੈਨੂੰ ਸਰਕਾਰੀ ਨੌਕਰੀ ਮਿਲ ਗਈ। ਹੁਣ 32 ਸਾਲ ਬਾਅਦ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹਾਂ। ਹੁਣ ਸੋਚਦਾ ਹਾਂ, ਜੇ ਸ਼ਰਾਬ ਦੀ ਠੇਕੇਦਾਰੀ ਕਰਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੇ ਨਿਰਦੋਸ਼ਾਂ ਦੇ ਕਤਲ ਮੇਰੇ ਨਾਮ ਪੈਂਦੇ, ਕਿੰਨੀਆਂ ਸੁਹਾਗਣਾਂ ਦੇ ਸੰਦੂਰ ਉਜੜਦੇ, ਕਿੰਨੇ ਬੱਚੇ ਯਤੀਮ ਹੁੰਦੇ! ਹੋ ਸਕਦਾ, ਮੇਰੀ ਮਹਿਲਾਂ ਵਰਗੀ ਕੋਠੀ ਹੁੰਦੀ, ਬੈਂਕ ਵਿਚ ਕਾਫੀ ਧਨ ਹੁੰਦਾ। ਇਹ ਵੀ ਹੋ ਸਕਦਾ, ਹੁਣ ਕਿਸੇ ਜੇਲ੍ਹ ਵਿਚ ਨਰਕ ਹੀ ਭੋਗ ਰਿਹਾ ਹੁੰਦਾ। ਜਵਾਨੀ ਵੇਲੇ ਮੇਰੇ ਇੱਕ ਹੀ ਫੈਸਲੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਜ਼ਿੰਦਗੀ ਵਿਚ ਇਹੀ ਇਕ ਸਬਕ ਸਿੱਖਿਆ- ਸਹੀ ਫੈਸਲਾ ਕਰੋ, ਖੂਬ ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ।
ਸੰਪਰਕ: 99151-82971