ਮੁਲਖ ਸਿੰਘ
ਉੱਨੀ ਸੌ ਅਠਾਸੀ ਦਾ ਮਾਘ ਮਹੀਨਾ ਪੂਰੇ ਜੋਬਨ ’ਤੇ ਸੀ। ਵਿਆਹਾਂ ਦਾ ਜ਼ੋਰ ਸੀ। ਪਿੰਡਾਂ ਵਿਚ ਹੁਣ ਵਾਂਗ ਵਿਆਹਾਂ ਲਈ ਮੈਰਿਜ ਪੈਲੇਸ ਦੀ ਸਹੂਲਤ ਨਹੀਂ ਸੀ ਹੁੰਦੀ। ਘਰਾਂ ਦੇ ਵਿਹੜਿਆਂ ’ਚ ਹੀ ਟੈਂਟ-ਕਨਾਤਾਂ ਲਾ ਕੇ ਆਨੰਦ ਕਾਰਜ ਹੁੰਦਾ ਤੇ ਘਰੋਂ ਹੀ ਡੋਲੀ ਤੁਰਦੀ। ਬਰਾਤਾਂ ਲੇਟ ਤਾਂ ਹੋਣ ਲੱਗੀਆਂ ਸਨ, ਪਰ ਅੱਜਕੱਲ੍ਹ ਵਾਂਗ ਨਹੀਂ ਕਿ ਪਿਛਲੇ ਪਹਿਰ ਨਾਸ਼ਤਾ ਹੋਵੇ। ਖਾੜਕੂ ਲਹਿਰ ਜ਼ੋਰਾਂ ’ਤੇ ਸੀ ਅਤੇ ਉਨ੍ਹਾਂ ਵੱਲੋਂ ਦਾਜ ਮੰਗਣ ’ਤੇ ਪਾਬੰਦੀ ਸੀ। ਭਾਵੇਂ ਅੰਦਰਖਾਤੇ ਲੈਣ-ਦੇਣ ਰੋਕਿਆ ਨਹੀਂ ਜਾ ਸਕਦਾ ਸੀ। ‘ਹੁਕਮ-ਅਦੂਲੀ’ ਕਰਨ ਵਾਲੇ ਨੂੰ ‘ਸੋਧ’ ਦਿੱਤਾ ਜਾਂਦਾ ਸੀ। ਦਾਜ ਦੀ ਮੰਗ ਕਾਰਨ ਉਸ ਸਮੇਂ ਕਾਫ਼ੀ ਮੌਤਾਂ ਹੁੰਦੀਆਂ ਸਨ। ਇਹ ਮੌਤਾਂ ਨਹੀਂ ਸਗੋਂ ਕਤਲ ਹੁੰਦੇ ਸਨ। ਮਿੱਟੀ ਦੇ ਤੇਲ ਵਾਲੇ ਸਟੋਵ ਫਟ ਜਾਂਦੇ ਅਤੇ ਨੂੰਹਾਂ ਬੁਰੀ ਤਰ੍ਹਾਂ ਝੁਲਸ ਜਾਂਦੀਆਂ। ਇਸ ਗੱਲ ਨੂੰ ਉਭਾਰਨ ਲਈ ਮਾਲਵੇ ਦੇ ਇਕ ਕਵੀਸ਼ਰ ਨੇ ਦਾਜ ਦੀ ਹੋਰ ਮੰਗ ਕਰਦੇ ਸਹੁਰਿਆਂ ਵੱਲੋਂ ਕਤਲ ਕੀਤੀ ਗਈ ਕਲਪਿਤ ਕੁੜੀ ਨਿੰਦੋ ਦੀ ਕਹਾਣੀ ਬਿਆਨ ਕੀਤੀ ਸੀ। ਉਸ ਸਮੇਂ ਕਵੀਸ਼ਰ ਦੀ ਤੁਕ ‘ਚਾੜ੍ਹ ਦਿੱਤੀ ਦਾਜ ਦੀ ਬਲੀ, ਨਿੰਦੋ ਫੂਕ‘ਤੀ ਮਿੱਟੀ ਦਾ ਤੇਲ ਪਾ ਕੇ’ ਬੱਚੇ-ਬੱਚੇ ਦੀ ਜ਼ਬਾਨ ’ਤੇ ਸੀ।
ਦਾਜ ਦੇ ਨਾਲ ਨਾਲ ਵੱਧ ਬਰਾਤ ਲੈ ਕੇ ਜਾਣ ’ਤੇ ਵੀ ਰੋਕ ਸੀ। ‘ਹੁਕਮ’ ਸੀ ਕਿ ਗਿਆਰਾਂ ਤੋਂ ਵੱਧ ਬੰਦੇ ਬਰਾਤ ਨਾ ਜਾਣ, ਪਰ ਸਮਾਜਿਕ ਰਿਸ਼ਤਿਆਂ-ਨਾਤਿਆਂ ਕਰਕੇ ਬਰਾਤੀਆਂ ਦੀ ਗਿਣਤੀ ਅਕਸਰ ਹੀ ਵਧ ਜਾਂਦੀ। ਪਰਿਵਾਰ ਸੋਚਦਾ ਬਈ ‘ਕੀਹਨੂੰ ਲਿਜਾਈਏ ਤੇ ਕੀਹਨੂੰ ਛੱਡੀਏ। ਜਦੋਂ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ ਭੇਜਿਆ ਹੈ ਤਾਂ ਉਨ੍ਹਾਂ ਨੂੰ ਘਰ ਕੀ ਬਿਠਾਵਾਂਗੇ। ਇਕ ਨੂੰ ਛੱਡਾਂਗੇ ਤਾਂ ਚਾਰ ਗੁੱਸੇ ਹੋਣਗੇ। ਸਾਰਾ ਸ਼ਰੀਕਾ-ਕਬੀਲਾ ਵੀ ਨੱਕ ਵੱਢੂ ਕਿ ਆਏ ਵੱਡੇ ਬਰਾਤੀ, ਚੋਰਾਂ ਵਾਂਗ ਨੂੰ ਘਰੋਂ ਨਿਕਲ ਤੁਰੇ।’ ਅਸੀਂ ਵੀ ਮਾਘ ਮਹੀਨੇ ਦੀ ਸਰਦ ਸਵੇਰ ਨੂੰ ਮਾਮਾ ਜੀ ਦੇ ਲੜਕੇ ਦੀ ਜੰਞ ਚੜ੍ਹੇ। ਸੁਵਖਤੇ ਹੀ ਨ੍ਹਾਈ-ਧੋਈ ਹੋ ਗਈ ਅਤੇ ਲਾੜੇ ਦੇ ਸਿਹਰਾ ਬੰਨ੍ਹ ਕੇ ਸੁਰਮਾ ਪਾ ਦਿੱਤਾ ਗਿਆ। ਹੋਰ ਰਸਮਾਂ ਪੂਰੀਆਂ ਕਰ ਕੇ ਜੰਞ ਚੜ੍ਹਨ ਦਾ ਵੇਲਾ ਆ ਗਿਆ। ਪਰਿਵਾਰ ਨੇ ਪਹਿਲਾਂ ਸਲਾਹ ਕੀਤੀ ਸੀ ਕਿ ਦਸ-ਗਿਆਰਾਂ ਬੰਦੇ ਹੀ ਜਾਣ, ਪਰ ਇਕ-ਇਕ ਕਰ ਕੇ ਬਰਾਤੀ ਪੰਝੀ ਤੋਂ ਵੱਧ ਹੋ ਗਏ।
ਬਰਾਤ ਤੁਰਨ ਵੇਲੇ ਗਿਣਤੀ ਚਾਲੀ ਤੋਂ ਘੱਟ ਨਾ ਰਹੀ। ਧੁੰਦ ਅਜੇ ਲੱਥੀ ਨਹੀਂ ਸੀ। ਪਿੰਡਾਂ ਦੀਆਂ ਲਿੰਕ ਸੜਕਾਂ ਉੱਤੋਂ ਦੀ ਜਾ ਰਹੀ ਬਰਾਤ ਲਾੜੀ ਦੇ ਘਰ ਪਹੁੰਚਣ ਦੀ ਕਾਹਲੀ ’ਚ ਸੀ। ਸਾਰਿਆਂ ਦੇ ਦਿਲਾਂ ’ਚ ਬਰਾਤੀ ਹੋਣ ਦਾ ਚਾਅ ਵੀ ਸੀ ਅਤੇ ਕੋਈ ਅਣਦਿਸਦਾ ‘ਖ਼ੌਫ਼’ ਵੀ। ਸੂਰਜ ਨੇ ਕੰਨੀ ਵਿਖਾਈ ਤਾਂ ਥੋੜ੍ਹਾ ਨਿੱਘ ਆਉਣ ਲੱਗਾ। ਬਾਹਰ ਹਰੀਆਂ-ਕਚੂਰ ਕਣਕਾਂ ਨੇ ਖੇਤਾਂ ਨੂੰ ਢਕ ਲਿਆ ਸੀ। ਕਿਧਰੇ ਕੋਈ ਸਰ੍ਹੋਂ ਦਾ ਖੇਤ ਕੋਹਰੇ ਦੀ ਮਾਰ ਹੇਠ ਆਇਆ ਲਿਫਿਆ ਖੜ੍ਹਾ ਸੀ। ਸਾਡੇ ਢਿੱਡਾਂ ’ਚ ਵੀ ਭੁੱਖ ਚਮਕੀ ਅਤੇ ਮਠਿਆਈ ਦੀ ਵਾਸ਼ਨਾ ਦੂਰੋਂ ਆਉਂਦੀ ਮਹਿਸੂਸ ਹੋਈ, ਪਰ ‘ਹੋਣੀ’ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਕ ਪਿੰਡ ਦੇ ਬਾਹਰ ਸੜਕ ਉੱਤੇ ਦੋ ਮੋਟਰਸਾਈਕਲ ਸਵਾਰ ਖੜ੍ਹੇ ਸਨ। ਉਨ੍ਹਾਂ ਨੇ ਕਾਲੀਆਂ ਲੋਈਆਂ ਦੀ ਬੁੱਕਲ ਮਾਰੀ ਹੋਈ ਅਤੇ ਹੱਥ ਲੋਈਆਂ ’ਚ ਹੀ ਕਿਧਰੇ ਲੁਕਾ ਰੱਖੇ ਸਨ। ਉਨ੍ਹਾਂ ਨੂੰ ਅੱਗੇ ਖੜ੍ਹੇ ਵੇਖ ਕੇ ਸਾਰੇ ਬਰਾਤੀਆਂ ਦੇ ਹੋਸ਼-ਹਵਾਸ ਗੁੰਮ ਗਏ। ਇਸ਼ਾਰਾ ਹੋਣ ’ਤੇ ਬਰਾਤ ਵਾਲੀਆਂ ਜੀਪਾਂ-ਕਾਰਾਂ ਲਾਈਨ ’ਚ ਲੱਗ ਕੇ ਖੜ੍ਹ ਗਈਆਂ। ਸਾਨੂੰ ਸਾਰਿਆਂ ਨੂੰ ਹੇਠਾਂ ਉਤਾਰ ਲਿਆ ਗਿਆ ਤੇ ਪੰਗਤ ’ਚ ਖੜ੍ਹਾ ਕੇ ਗਿਣਤੀ ਕੀਤੀ ਗਈ। ‘ਪ੍ਰਵਾਨਤ’ ਗਿਣਤੀ, ਗਿਆਰਾਂ ਨਾਲੋਂ ਤੀਹ ਵੱਧ।
ਉਨ੍ਹਾਂ ਨੇ ਮਾਮਾ ਜੀ ਨੂੰ ਤਾੜਨਾ ਕੀਤੀ ਕਿ ਲਾੜੇ ਸਮੇਤ ਕੋਈ ਸੱਤ ਜਣੇ, ਕਿਸੇ ਕਾਰ-ਜੀਪ ’ਤੇ ਚੜ੍ਹ ਜਾਓ। ਉਨ੍ਹਾਂ ਦਾ ‘ਹੁਕਮ’ ਮੰਨ ਲੈਣ ’ਚ ਹੀ ਖ਼ੈਰ ਸੀ। ਬਾਕੀ ਸਾਰਿਆਂ ਨੂੰ ਆਪਣੇ ਅੰਜਾਮ ਦਾ ਪਤਾ ਸੀ। ਕੋਲ ਹੀ ਇਕ ਟੋਭਾ ਸੀ। ਪਿੰਡ ਵਾਲਿਆਂ ਨੇ ਕਦੇ ਚੀਕਣੀ ਮਿੱਟੀ ਕੱਢ ਕੇ ਪਸ਼ੂਆਂ ਦੇ ਨਹਾਉਣ ਲਈ ਪੁੱਟਿਆ ਸੀ। ਉਨ੍ਹਾਂ ਵਿਚੋਂ ਇਕ ਨੇ ਹੱਥ ਦੂਜੇ ਪੱਤਣ ਵੱਲ ਕਰ ਦਿੱਤਾ। ਦੂਜੇ ਨੇ ਚਿਤਾਵਨੀ ਦੇ ਸੁਰ ’ਚ ਆਖਿਆ, ‘‘ਜੀਹਨੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ, ਛੱਪੜ ’ਚ ਹੀ ਡੋਬ ਦਿਆਂਗੇ।” ਛੋਟੇ ਬੱਚਿਆਂ ਨੂੰ ਉੱਥੇ ਹੀ ਖੜ੍ਹੇ ਰਹਿਣ ਦਿੱਤਾ ਗਿਆ। ਅਸੀਂ ਡਰਦੇ ਮਾਰੇ ਇੱਕ-ਦੂਜੇ ਤੋਂ ਮੂਹਰੇ ਹੋ ਕੇ ਟੋਭੇ ਵੱਲ ਵਧੇ। ਡੱਡੂਆਂ ਦੀ ਗੜੈਂ-ਗੜੈਂ ਨਾਲ ਗੂੰਜਣ ਵਾਲਾ ਪੱਤਣ ਸ਼ਾਂਤ ਸੀ। ਕਿਨਾਰੇ ’ਤੇ ਨਾ ਕੋਈ ਡੱਡੂ ਸੀ ਅਤੇ ਨਾ ਹੀ ਪਾਣੀ ’ਚੋਂ ਕੋਈ ਮੱਛੀ ਮੂੰਹ ਕੱਢਦੀ ਸੀ। ਬਰਾਤੀ ਕੱਪੜਿਆਂ ਸਣੇ ਛੱਪੜ ’ਚ ਲਹਿ ਪਏ। ਜੁੱਤੀਆਂ ਪੱਤਣ ’ਤੇ ਲਾਹ ਦਿੱਤੀਆਂ, ਪੈਸਿਆਂ ਨਾਲ ਭਰੇ ਬਟੂਏ ਪੱਗਾਂ ’ਚ ਟੰਗ ਲਏ। ਠੰਢਾ-ਸੀਤ ਪਾਣੀ ਖ਼ੂਨ ਜਮਾ ਰਿਹਾ ਸੀ। ਅੰਦਰੋਂ ਡਰਦਿਆਂ ਨੂੰ ਕਾਂਬਾ ਚੜ੍ਹਿਆ ਪਿਆ ਸੀ। ਪਾਣੀ ਗਲ਼ ਤੋਂ ਉਤਾਂਹ ਹੋਇਆ ਤਾਂ ਬਰਾਤੀ ਤਾਰੀਆਂ ਲਾਉਣ ਲੱਗੇ। ਬਹੁਤੇ ਕੁੱਦ-ਕੁੱਦ ਕੇ ਨਾਲ ਦਿਆਂ ਤੋਂ ਅੱਗੇ ਲੰਘਣਾ ਚਾਹੁੰਦੇ ਸਨ, ਪਰ ਕਿਨਾਰੇ ’ਤੇ ਜਾਣ ਤੋਂ ਵੀ ਡਰਦੇ ਸਨ। ਪਤਾ ਨਹੀਂ ਅੱਗੇ ਉਨ੍ਹਾਂ ਨੇ ਚਿੱਤ ’ਚ ਕੀ ਧਾਰ ਰੱਖੀ ਹੋਵੇ। ਸਾਰਿਆਂ ਦੇ ਬਾਹਰ ਆਉਣ ’ਤੇ ਦੋਵਾਂ ਨੇ ਤਾੜਨਾ ਕੀਤੀ ਅਤੇ ਮੋਟਰਸਾਈਕਲ ਲੈ ਕੇ ਪਹਿਲਾਂ ਗਏ ਬਰਾਤੀਆਂ ਮਗਰੇ ਹੀ ਸੜਕ ਪੈ ਗਏ। ਪਾਣੀ ਨਾਲ ਭਿੱਜੇ ਅਤੇ ਠੰਢ ਨਾਲ ਕੜਕਦੇ ਹੱਡਾਂ ਨੂੰ ਸੰਭਾਲਦੇ ਅਸੀਂ ਪਿੱਛੇ ਹੀ ਮੁੜ ਪਏ। ਰਾਹ ’ਚ ਕਿਸੇ ਨੂੰ ਕੋਈ ਗੱਲ ਨਾ ਸੁੱਝੀ। ਸਭ ਨੂੰ ਬਰਾਤ ’ਚੋਂ ਰਹਿ ਜਾਣ ਦਾ ਝੋਰਾ ਘੱਟ ਅਤੇ ‘ਸੁੱਕੇ’ ਬਚ ਕੇ ਨਿਕਲ ਆਉਣ ਦੀ ਖ਼ੁਸ਼ੀ ਵੱਧ ਸੀ। ਹੁਣ ਉਨ੍ਹਾਂ ਗੱਲਾਂ ਨੂੰ ਤੇਤੀ-ਚੌਂਤੀ ਵਰ੍ਹੇ ਬੀਤ ਚੁੱਕੇ ਹਨ। ਸਮੇਂ ਦੇ ਗੇੜ ਨਾਲ ਜ਼ਮਾਨਾ ਬਦਲ ਗਿਆ ਹੈ। ਹੁਣ ਦਾਜ-ਦਹੇਜ, ਬਰਾਤਾਂ ਤੇ ਫਜ਼ੂਲਖਰਚੀ ਦੀ ਕੋਈ ਹੱਦ ਨਹੀਂ ਰਹੀ।
ਵਿਆਹ ਅਤੇ ਮਰਨੇ-ਪਰਨੇ, ਉਨ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਨੇੜਲੇ ਲੋਕਾਂ ਦੀ ਸ਼ਮੂਲੀਅਤ ਵਾਲੇ ਪਰਿਵਾਰਕ ਸਮਾਗਮ ਹੋਣੇ ਚਾਹੀਦੇ ਹਨ। ਇਨ੍ਹਾਂ ਮੌਕਿਆਂ ’ਤੇ ਵੱਡੇ ਇਕੱਠ ਅਤੇ ਸ਼ੋਸ਼ੇਬਾਜ਼ੀ ਹੁਣ ‘ਰੁਤਬੇ ਦਾ ਪ੍ਰਤੀਕ’ ਬਣ ਗਏ ਹਨ। ਕਿਰਤੀ ਵਰਗ ਲਈ ਇਹ ਵਰਤਾਰਾ ਅਤੇ ਜੀਵਨ ਸ਼ੈਲੀ ਮੰਦਭਾਗੀ ਹੈ। ਅੱਜ ਸਮਾਜ ਵਿਚ ਉਹੀ ਕੁਰੀਤੀਆਂ ਪਹਿਲਾਂ ਤੋਂ ਵੀ ਵਧ ਗਈਆਂ ਹਨ। ਮੈਂ ਸੋਚਦਾ ਹਾਂ ਕਿ ਸਮਾਜਿਕ ਤਬਦੀਲੀ ਵੀ ਸਮੂਹਿਕ ਸਮਝ ਪੈਦਾ ਕਰ ਕੇ ਲਿਆਂਦੀ ਜਾ ਸਕਦੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ।
ਸੰਪਰਕ: 94162-55877