ਹਰਪ੍ਰੀਤ ਮੀਤ
ਪੰਜਵੀਂ ਕਲਾਸ ਪਿੰਡ ਵਾਲੇ ਸਕੂਲ ਤੋਂ ਕਰਨ ਬਾਅਦ ਹਾਈ ਸਕੂਲ ਵਿਚ ਛੇਵੀਂ ਕਲਾਸ ਵਿਚ ਦਾਖ਼ਲਾ ਲੈ ਲਿਆ। ਸਕੂਲ ਵਿਚ ਕੁੱਲ ਸੱਤ ਅਧਿਆਪਕ ਸਨ ਜਿਨ੍ਹਾਂ ਵਿਚੋਂ ਸਾਇੰਸ ਮਾਸਟਰ ਦਾ ਪ੍ਰਭਾਵ ਮੁਕਾਬਲਤਨ ਜਿ਼ਆਦਾ ਲੱਗਦਾ ਸੀ। ਉਹ ਖਾਲੀ ਪੀਰੀਅਡ ਵਿਚ ਬੈਠੇ ਕੁਝ ਨਾ ਕੁਝ ਪੜ੍ਹਦੇ ਰਹਿੰਦੇ ਸਨ। ਅਖ਼ਬਾਰ ਉਨ੍ਹਾਂ ਦੇ ਹੱਥ ਵਿਚ ਹੀ ਹੁੰਦਾ। ਸਕੂਲ ਵਿਚ ਹੋਣ ਵਾਲੀਆਂ ਬਹੁਤ ਸਾਰੀਆਂ ਗਤੀਵਿਧੀਆਂ ਵੀ ਉਹੀ ਫਾਈਨਲ ਕਰਦੇ ਸਨ। ਸਕੂਲ ਵਿਚ ਲਗਾਈਆਂ ਜਾਂਦੀਆਂ ਗਾਈਡਾਂ ਦੇ ਉਹ ਸਖ਼ਤ ਖਿਲਾਫ਼ ਸਨ ਅਤੇ ਕਲਾਸ ਵਿਚ ਪੜ੍ਹਾਉਂਦੇ ਸਮੇਂ ਉਹ ਕਦੇ ਵੀ ਕਿਤਾਬ ਨਹੀਂ ਸੀ ਚੁੱਕਦੇ। ਬੋਰਡ ਦੀ ਕਿਤਾਬ ਵਿਚੋਂ ਹੀ ਪ੍ਰਸ਼ਨਾਂ ਦੇ ਉੱਤਰ ਕੱਢ ਕੱਢ ਲਿਖਵਾਉਂਦੇ ਰਹਿੰਦੇ ਸਨ। ਸਾਇੰਸ ਦਾ ਕੰਮ ਬਾਕਾਇਦਾ ਪ੍ਰੈਕਟੀਕਲ ਕਰਵਾ ਕੇ ਬਹੁਤ ਹੀ ਸਸਤੀਆਂ ਕਾਪੀਆਂ ਉੱਪਰ ਦਰਜ ਕਰਵਾਉਂਦੇ ਸਨ।
ਸਕੂਲ ਵਿਚ ਵਾਪਰੀ ਛੋਟੀ ਜਿਹੀ ਘਟਨਾ ਭੁੱਲਦੀ ਨਹੀਂ। ਸਕੂਲ ਜਾਂਦੇ ਸਮੇਂ ਮੈਨੂੰ ਰਸਤੇ ਵਿਚ ਡੇਰੇ ਵਾਲੀ ਪਹੀ ਤੇ ਡਿੱਗਿਆ ਪਿਆ ਪੁਰਾਣਾ ਅਖ਼ਬਾਰ ਦਿਸ ਪਿਆ। ਲੇਟ ਹੋਣ ਦੇ ਡਰੋਂ ਦੌੜ ਤਾਂ ਪਹਿਲਾਂ ਹੀ ਲਗਾਈ ਹੋਈ ਸੀ, ਛੇਤੀ ਛੇਤੀ ਉਹ ਅਖ਼ਬਾਰ ਚੁੱਕ ਕੇ ਆਪਣੇ ਝੋਲੇ ਵਿਚ ਪਾ ਲਿਆ। ਸਕੂਲ ਪਹੁੰਚ ਕੇ ਆਪਣਾ ਝੋਲਾ ਕਲਾਸ ਵਿਚ ਰੱਖ ਕੇ ਤੇਜ਼ੀ ਨਾਲ ਪ੍ਰਾਰਥਨਾ ਸਭਾ ਵਿਚ ਜਾਣ ਲੱਗਿਆ ਤਾਂ ਸਾਇੰਸ ਮਾਸਟਰ ਜੀ ਦੀ ਉੱਚੀ ਅਵਾਜ਼ ਸੁਣਾਈ ਦਿੱਤੀ, “ਉਏ ਹਰਪ੍ਰੀਤ, ਭੱਜ ਕੇ ਭੱਜ ਕੇ; ਨਹੀਂ ਗਿੱਟੇ ਛਾਂਗ ਦਿਆਂਗਾ ਤੇਰੇ।” ਮੈਨੂੰ ਪਤਾ ਸੀ ਕਿ ਉਨ੍ਹਾਂ ਨੇ ਕੁਝ ਨਹੀਂ ਦੇਖਣਾ, ਸਾਰੀ ਸਭਾ ਅੱਗੇ ਸੇਵਾ ਕਰ ਦੇਣੀ ਐ। ਸੋ, ਮੈਂ ਹਵਾ ਬਣ ਕੇ ਆਪਣੇ ਸਾਥੀਆਂ ਦੇ ਵਿਚਕਾਰ ਜਾ ਖੜ੍ਹਿਆ।
ਪਹਿਲਾ ਪੀਰੀਅਡ ਪੰਜਾਬੀ ਦਾ ਸੀ। ਮੈਡਮ ਪੀਰੀਅਡ ਲਗਾ ਕੇ ਨਿਕਲ ਗਏ ਤੇ ਜਾਂਦੇ ਹੋਏ ਕਹਿੰਦੇ, “ਤੁਹਾਡੀ ਕਲਾਸ ਵਿਚ ਮੁਸ਼ਕ ਬਹੁਤ ਆਉਂਦਾ ਹੈ, ਕੌਣ ਐ ਜਿਹੜਾ ਅੱਜ ਹੱਗ ਕੇ ਨਹੀਂ ਆਇਆ?” ਸਾਰੇ ਜਣੇ ਚੁੱਪ। ਦੂਸਰਾ ਪੀਰੀਅਡ ਗਣਿਤ ਦਾ ਸੀ। ਗਣਿਤ ਵਾਲੇ ਮੈਡਮ ਨੇ ਵੀ ਆਣ ਕੇ ਇਹੀ ਗੱਲ ਪੁੱਛੀ, “ਅੱਜ ਥੋਡੇ ਵਿਚੋਂ ਕੌਣ ਮੁਸ਼ਕਖਾਨਾ ਨਾਲ ਲਿਆਇਐ? ਆਪਣੇ ਆਪ ਬਾਹਰ ਆ ਜਾਵੋ, ਨਹੀਂ ਸਾਇੰਸ ਮਾਸਟਰ ਜੀ ਆ ਕੇ ਆਪਣੇ ਆਪ ਬਾਹਰ ਕੱਢ ਲੈਣਗੇ, ਫੇਰ ਨਾ ਆਖਣਾ ਛਿੱਤਰ ਪੈ ਗਏ।” ਫਿਰ ਵੀ ਕੋਈ ਬਾਹਰ ਨਹੀਂ ਆਇਆ ਤੇ ਮੈਡਮ ਦਫਤਰ ਵਿਚ ਚਲੇ ਗਏ। ਹੁਣ ਸਭ ਨੂੰ ਧੁੜਕੂ ਜਿਹਾ ਲੱਗ ਗਿਆ। ਸੱਚੀ ਗੱਲ ਸੀ, ਸਾਇੰਸ ਮਾਸਟਰ ਜੀ ਆਪਣੇ ਤਰਕ ਨਾਲ ਗ਼ਲਤੀ ਕਰਨ ਵਾਲੇ ਬੱਚੇ ਨੂੰ ਬਹੁਤ ਅਰਾਮ ਨਾਲ ਫੜ ਲੈਂਦੇ ਸਨ। ਇੰਨੇ ਨੂੰ ਉਹ ਕਲਾਸ ਵਿਚ ਆ ਗਏ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਲਾਸ ਤੋਂ ਬਾਹਰ ਭੇਜ ਦਿੱਤਾ। ਅਸੀਂ ਸਾਰੇ ਵੱਡੀ ਨਿੰਮ ਥੱਲੇ ਜਾ ਖੜ੍ਹੇ ਹੋਏ। ਉਨ੍ਹਾਂ ਸਾਰਿਆਂ ਨੂੰ ਚੈੱਕ ਕੀਤਾ ਅਤੇ ਬਾਕੀ ਸਟਾਫ ਵੱਲ ਮੁੜਦੇ ਹੋਏ ਬੋਲੇ, “ਇੱਥੇ ਤਾਂ ਸਭ ਠੀਕ ਹੈ।”
ਫਿਰ ਉਨ੍ਹਾਂ ਨੇ ਸਾਡੀ ਕਲਾਸ ਦੇ ਵਿੱਕੀ ਤੇ ਦਿਲਬਾਗ ਨੂੰ ਹੁਕਮ ਲਾਇਆ ਕਿ ਸਭ ਦੇ ਬਸਤੇ ਚੈੱਕ ਕਰੋ। ਪੰਦਰਾਂ ਕੁ ਮਿੰਟ ਬਾਅਦ ਉਹ ਮੇਰਾ ਪੀਲੇ ਰੰਗ ਦਾ ਗੱਟੂ ਵਾਲਾ ਝੋਲਾ ਹੱਥ ਵਿਚ ਫੜ ਕੇ ਬਾਹਰ ਚੁੱਕੀ ਆ ਰਹੇ ਸਨ। ਦਿਲਬਾਗ ਮੇਰੇ ਨੇੜੇ ਆ ਕੇ ਕਹਿੰਦਾ, “ਓਏ ਤੇਰੇ ਝੋਲੇ ਵਿਚੋਂ ਬੰਬ ਨਿਕਲਿਆ, ਆ ਜਾ ਬੱਚੂ! ਦੇਖੀਂ ਤੇਰੀ ਰੇਲ ਕਿਵੇਂ ਬਣਦੀ ਐ।”
ਉਹਦੀ ਗੱਲ ਸੁਣ ਕੇ ਸਾਰੀ ਕਲਾਸ ਮੇਰੇ ਵੱਲ ਹੋਰ ਹੀ ਨਜ਼ਰਾਂ ਨਾਲ ਦੇਖਣ ਲੱਗ ਪਈ। ਮੈਂ ਪੂਰੀ ਤਰ੍ਹਾਂ ਡਰ ਗਿਆ। ਬਰਾਂਡੇ ਵਿਚ ਖੜ੍ਹੇ ਸਾਇੰਸ ਮਾਸਟਰ ਜੀ ਬੋਲੇ, “ਉਏ ਉੱਲੂਆ, ਆਹ ਕੀ ਬਸਤੇ ਵਿਚ ਪਾਈ ਫਿਰੀ ਜਾਨੈ? ਇਹ ਤੂੰ ਆਪ ਪਾਇਆ ਜਾਂ ਕਿਸੇ ਨੇ ਤੇਰੇ ਨਾਲ ਸ਼ਰਾਰਤ ਕੀਤੀ ਐ?” ਮੇਰੇ ਸਾਹਮਣੇ ਉਹੀ ਅਖ਼ਬਾਰ ਪਿਆ ਸੀ। ਮੈਂ ਡਰਦੇ ਡਰਦੇ ਕਿਹਾ, “ਨਹੀਂ ਜੀ, ਇਹ ਤਾਂ ਮੈਂ ਆਪ ਹੀ ਪਾਇਆ ਸੀ।”
“ਅੱਛਾ ਫਿਰ ਤੈਨੂੰ ਪਤੈ, ਇਹਦੇ ਵਿਚ ਕੀ ਐ?”
“ਨਹੀਂ ਜੀ।”
“ਉਏ ਗਧੇ, ਇਹਦੇ ਵਿਚ ਗੰਦ ਪਾ ਕੇ ਸੁੱਟਿਆ ਹੋਇਆ ਸੀ, ਇਸੇ ਕਰਕੇ ਸਾਰੀ ਕਲਾਸ ਵਿਚ ਇੰਨਾ ਮੁਸ਼ਕ ਆਉਂਦਾ ਸੀ। ਤੂੰ ਆਪ ਸੁੱਤਾ ਪਿਆ ਸੀ। ਤੈਨੂੰ ਆਪ ਨੂੰ ਮੁਸ਼ਕ ਨਹੀਂ ਆਇਆ?” ਮੈਂ ਚੁੱਪ ਕਰਕੇ ਖੜ੍ਹਾ ਸੀ।
“ਕੀ ਕਰਨ ਨੂੰ ਚੁੱਕਿਆ ਸੀ ਇਹੇ?”
“ਸਰ ਜੀ, ਮੈਂ ਇਹ ਪੜ੍ਹਨਾਂ ਸੀ। ਸੋਚਿਆ ਸੀ, ਜਦੋਂ ਟਾਇਮ ਲੱਗਿਆ ਤਾਂ ਪੜ੍ਹ ਲਊਂਗਾ।” ਮੈਂ ਨੀਵੇਂ ਸਿਰ ਨਾਲ ਮਸਾਂ ਜਵਾਬ ਦਿੱਤਾ।
“ਪੜ੍ਹਨ ਸੀ?” ਹੈਰਾਨੀ ਜਿਹੀ ਨਾਲ ਮੈਨੂੰ ਸਵਾਲ ਕਰਕੇ ਜਵਾਬ ਉਡੀਕੇ ਬਿਨਾਂ ਹੀ ਉਹ ਮੋਢੇ ’ਤੇ ਹੱਥ ਰੱਖਦਿਆਂ ਬੋਲੇ, “ਗੱਲ ਸੁਣ, ਜੇ ਅਖਬਾਰ ਪੜ੍ਹਨਾ ਹੁੰਦੈ, ਤਾਂ ਅੰਦਰੋਂ ਅਖ਼ਬਾਰ ਲੈ ਲਿਆ ਕਰ। ਠੀਕ ਐ? ਜੇ ਅੱਗੇ ਤੋਂ ਇਹੋ ਜਿਹੀ ਗੱਲ ਕੀਤੀ ਤਾਂ ਦੇਖੀਂ ਤੇਰੀ ਧੌੜੀ ਲਾਹੁੰਦਾ।” ਮੈਂ ਨੀਵਾਂ ਕੀਤਾ ਸਿਰ ਹਿਲਾ ਦਿੱਤਾ। ਮੇਰੇ ਦੇਖਦੇ ਦੇਖਦੇ ਸਾਰੀ ਕਲਾਸ ਅੰਦਰ ਜਾ ਵੜੀ।
“ਚੱਲ ਹੁਣ ਜਾਹ ਕਲਾਸ ਵਿਚ।” ਇੰਨੀ ਗੱਲ ਆਖ ਕੇ ਉਹ ਦਫ਼ਤਰ ਵਿਚ ਚਲੇ ਗਏ। ਸਾਰੇ ਹੈਰਾਨ ਪ੍ਰੇਸ਼ਾਨ, ਕਿ ਇਸ ਦੇ ਕੁੱਟ ਕਿਉਂ ਨਹੀਂ ਪਈ। ਅੰਦਰਲੀ ਗੱਲ ਕਿਸੇ ਨੂੰ ਨਹੀਂ ਪਤਾ ਸੀ। ਮੈਂ ਆਪਣਾ ਪਾਟਿਆ ਜਿਹਾ ਬਸਤਾ ਚੁੱਕ ਕੇ ਆਪਣੇ ਸਾਥੀਆਂ ਦੇ ਵਿਚਕਾਰ ਜਾ ਬੈਠਿਆ।
ਇਸ ਤੋਂ ਬਾਅਦ ਮੈਂ ਰੋਜ਼ ਕਮਰੇ ਵਿਚੋਂ ਅਖ਼ਬਾਰ ਚੁੱਕ ਕੇ ਲੈ ਜਾਂਦਾ ਤੇ ਪੜ੍ਹ ਕੇ ਰੱਖ ਦਿੰਦਾ। ਜਦੋਂ ਮੇਰਾ ਪਹਿਲਾ ਨਾਵਲ ‘ਜੰਗਲ ਦਾ ਇਨਸਾਨ’ ਛਪਿਆ ਤਾਂ ਮੈਂ ਉਹ ਮੇਰੇ ਇਸੇ ਅਧਿਆਪਕ ਅਤੇ ਕਹਾਣੀਕਾਰ ਜਗਮੀਤ ਸਿੰਘ ਪੰਧੇਰ ਜੀ ਨੂੰ ਸਮਰਪਿਤ ਸੀ। ਉਸ ਘਟਨਾ ਨੇ ਮੇਰੇ ਅੰਦਰ ਪੜ੍ਹਨ ਦਾ ਸ਼ੌਕ ਜਗਾ ਦਿੱਤਾ ਸੀ।
ਸੰਪਰਕ: 97810-44931