ਪ੍ਰਿੰ. ਗੁਰਦੀਪ ਸਿੰਘ ਢੁੱਡੀ
ਮਾਂ-ਪਿਓ ਦੁਆਰਾ ਦੱਸੇ ਅਤੇ ਅਧਿਆਪਕਾਂ ਦੁਆਰਾ ਅੰਦਾਜ਼ੇ ਨਾਲ ਲਿਖੀ ਮੇਰੀ ਜਨਮ ਮਿਤੀ ਅਨੁਸਾਰ ਹੀ ਮੇਰੀ ਉਮਰ ਦਾ ਅੰਦਾਜ਼ਾ ਹੁੰਦਾ ਹੈ। ਇਸੇ ਅਨੁਸਾਰ ਹੀ ਆਖਿਆ ਜਾ ਸਕਦਾ ਹੈ ਕਿ ਨੌਵੀਂ ਜਮਾਤ ਮੈਂ ਕਰੀਬ ਤੇਰਾਂ-ਚੌਦਾਂ ਸਾਲ ਦੀ ਉਮਰ ਵਿੱਚ ਪਾਸ ਕੀਤੀ ਸੀ। ਸਰੀਰਕ ਦਿੱਖ ਵੀ ਕੁਝ ਇਸੇ ਤਰ੍ਹਾਂ ਦੀ ਹੋਣ ਕਰਕੇ ਉਮਰ ਬਸ ਏਨੀ ਕੁ ਦੇ ਨੇੜੇ ਤੇੜੇ ਹੀ ਹੋ ਸਕਦੀ ਹੈ। ਉਸ ਸਮੇਂ ਪਿੰਡ ਵਿੱਚ ਮੋਟਰ ਸਾਈਕਲ, ਕਾਰ ਹੋਣੀ ਤਾਂ ਦੂਰ ਦੀ ਗੱਲ ਹੈ; ਸਾਈਕਲ ਵੀ ਕਿਸੇ ਵਿਰਲੇ ਕੋਲ ਹੀ ਹੁੰਦਾ ਸੀ। ਦਸਵੀਂ ਜਮਾਤ ਵਿੱਚ ਮੈਂ ਸਾਈਕਲ ਚਲਾਉਣਾ ਸਿੱਖਿਆ। ਪਹਿਲਾਂ ਕੈਂਚੀ ਚਲਾਉਣਾ ਸਿੱਖਿਆ ਅਤੇ ਫਿਰ ਦਸਵੀਂ ਜਮਾਤ ਦੀ ਪ੍ਰੀਖਿਆ ਦੇਣ ਵੇਲੇ ਤੱਕ ਕਾਠੀ ’ਤੇ ਬੈਠ ਕੇ ਸਾਈਕਲ ਚਲਾਉਣਾ ਸਿੱਖ ਲਿਆ ਸੀ। ਸਾਈਕਲ ਚਲਾ ਕੇ ‘ਹੂਟਾ ਲੈਣਾ’ ਉਸ ਸਮੇਂ ਬੜੀ ਵੱਡੀ ਪ੍ਰਾਪਤੀ ਹੋਇਆ ਕਰਦੀ ਸੀ। ਆਪਣੇ ਹਾਣੀਆਂ ਨੂੰ ਵਿਖਾਉਣ ਵਾਸਤੇ ਸਾਈਕਲ ’ਤੇ ਗੇੜੀ ਜ਼ਰੂਰ ਕੱਢ ਲਈਦੀ ਸੀ। ਦਸਵੀਂ ਜਮਾਤ ਪਾਸ ਕਰਕੇ ਅਗਲੇਰੀ ਪੜ੍ਹਾਈ ਕਰਨ ਵਾਸਤੇ ਫ਼ਰੀਦਕੋਟ ਸ਼ਹਿਰ ਸਾਈਕਲ ’ਤੇ ਆਉਣ ਜਾਣ ਹੋਇਆ। ਉਦੋਂ ਹੀ ਪਤਾ ਲੱਗਿਆ ਕਿ ਸਾਈਕਲ ’ਤੇ ਹੂਟਾ ਲੈਂਦਿਆਂ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਦੇ ਸਾਈਕਲ ਪੈਂਚਰ ਹੋ ਜਾਣਾ, ਕਦੇ ਚੇਨ ਲੱਥ ਜਾਣੀ ਅਤੇ ਇਸ ਵਿੱਚ ਵਿਸ਼ੇਸ਼ ਤੌਰ ’ਤੇ ਸਾਈਕਲ ਦੇ ਕੁੱਤੇ ਫੇਲ੍ਹ ਹੋਣਾ ਵੀ ਸੀ। ਜਿਸ ਛੋਟੀ ਗਰਾਰੀ ਨਾਲ ਸਾਈਕਲ ਦੇ ਰਿੜ੍ਹਨ ਦੀ ਕਿਰਿਆ ਸ਼ੁਰੂ ਹੁੰਦੀ ਹੈ; ਉਸ ਵਿੱਚ ਛੋਟੀਆਂ ਛੋਟੀਆਂ ਗੋਲ਼ੀਆਂ ਅਤੇ ਛੋਟੇ ਛੋਟੇ ਲੋਹੇ ਦੇ ਟੁਕੜੇ ਜਿਹੇ ਇਸ ਤਰ੍ਹਾਂ ਫਿੱਟ ਕੀਤੇ ਹੁੰਦੇ ਹਨ ਕਿ ਸਾਈਕਲ ਦੇ ਪੈਡਲ ਮਾਰਨੋ ਹਟੀਏ ਜਾਂ ਫਿਰ ਪੈਡਲ ਪਿਛਾਂਹ ਨੂੰ ਘੁੰਮਾਈਏ ਤਾਂ ਸਾਈਕਲ ਦੀ ਸਪੀਡ ਘਟਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਸਾਈਕਲ ਨੂੰ ਅੱਗੇ ਨੂੰ ਤੋਰਨ ਵਾਸਤੇ ਜ਼ੋਰ ਲਾ ਕੇ ਪੈਡਲ ਲਗਾਤਾਰ ਮਾਰਨੇ ਪੈਂਦੇ ਹਨ। ਜਦੋਂ ਗੋਲ਼ੀਆਂ ਜਾਂ ਕੁੱਤੇ ਘਸ ਜਾਂਦੇ ਹਨ ਤਾਂ ਇਹ ਪੂਰਾ ਕੰਮ ਨਹੀਂ ਕਰਦੇ ਅਤੇ ਸਾਈਕਲ ਅੱਗੇ ਨੂੰ ਤੁਰਨ ਦੀ ਥਾਂ ਰੁਕਣ ਵਾਲੀ ਹਾਲਤ ਵਿੱਚ ਆ ਜਾਂਦਾ ਹੈ। ਇਸ ਨੂੰ ਕੁੱਤੇ ਫੇਲ੍ਹ ਹੋਣਾ ਕਿਹਾ ਜਾਂਦਾ ਹੈ। ਪਹਿਲੀਆਂ ਵਿੱਚ ਸਾਡੇ ਵਰਗੇ ਇਨ੍ਹਾਂ ਫੇਲ੍ਹ ਹੋਏ ਕੁੱਤਿਆਂ ’ਤੇ ਆਪਣਾ ਦੇਸੀ ਨੁਸਖਾ ਵਰਤਦੇ ਸਨ। ਜੇਕਰ ਫਿਰ ਵੀ ਕੁੱਤੇ ਕੰਮ ਨਾ ਕਰਨ ਤਾਂ ਸਾਈਕਲ ਨੂੰ ਮਕੈਨਿਕ ਕੋਲ ਲੈ ਕੇ ਜਾਣਾ ਪੈਂਦਾ ਸੀ। ਉਹ ਪਿਛਲਾ ਟਾਇਰ ਖੋਲ੍ਹ ਕੇ ਗਰਾਰੀ ਖੋਲ੍ਹਦਾ ਸੀ ਅਤੇ ਨਵੇਂ ਕੁੱਤੇ ਪਾ ਕੇ ਸਾਈਕਲ ਨੂੰ ਨੌ-ਬਰ-ਨੌ ਕਰ ਦਿੰਦਾ ਸੀ।
ਇਨ੍ਹਾਂ ਕੁੱਤਿਆਂ ਦੇ ਫੇਲ੍ਹ ਹੋਣ ਨੂੰ ਇੱਕ ਵੱਖਰੇ ਮੁਹਾਵਰੇ ਵਿੱਚ ਵਰਤਦਿਆਂ ਵੀ ਸੁਣਿਆ ਹੈ। ਸ਼ਰਾਬ ਪੀਣ ਵਾਲੇ ਜਦੋਂ ਲੋੜ ਤੋਂ ਜ਼ਿਆਦਾ ਸ਼ਰਾਬ ਪੀ ਲੈਂਦੇ ਹਨ ਤਾਂ ਉਨ੍ਹਾਂ ਦੀ ਬੋਲਣ, ਤੁਰਨ ਜਾਂ ਕਹੀਏ ਹਰੇਕ ਕੰਮ ਕਰਨ ਦੀ ਗਰਾਰੀ ਤਿਲ੍ਹਕਣ ਲੱਗ ਪੈਂਦੀ ਹੈ ਅਤੇ ਉਹ ਕੋਈ ਵੀ ਕੰਮ ਠੀਕ ਨਹੀਂ ਕਰ ਸਕਦੇ। ਉਦੋਂ ਇਸ ਵਾਸਤੇ ‘ਕੁੱਤੇ ਫੇਲ੍ਹ ਹੋਏ’ ਵਾਲਾ ਮੁਹਾਵਰਾ ਵਰਤਿਆ ਜਾਂਦਾ ਸੁਣਿਆ ਹੈ। ਜੇਕਰ ‘ਸੋਫੀ ਬੰਦਾ’ ਠੀਕ ਕੰਮ ਨਾ ਕਰ ਸਕਦਾ ਹੋਵੇ ਤਾਂ ਉਸ ਵਾਸਤੇ ਵੀ ਕੁੱਤੇ ਫੇਲ੍ਹ ਹੋਣ ਵਾਲਾ ਮੁਹਾਵਰਾ ਵਰਤ ਲਿਆ ਜਾਂਦਾ ਹੈ। ਅੱਠਵੇਂ ਦਹਾਕੇ ਦੇ ਸ਼ੁਰੂ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਅਤੇ ਇਸ ਤੋਂ ਬਾਅਦ ਪੰਜਾਬ ਵਿੱਚ ਨਕਸਲਬਾੜੀ ਲਹਿਰ ਦਾ ਵਾਹਵਾ ਜ਼ੋਰ ਰਿਹਾ ਹੈ। ਇਸ ਲਹਿਰ ਨੇ ਸਿਆਸੀ ਹਲਚਲ ਬਾਰੇ ਕੁਝ ਜਾਣਨ ਸਮਝਣ ਦੀ ਇੱਕ ਕਿਸਮ ਦੀ ਚਿਣਗ ਜਿਹੀ ਲਾ ਦਿੱਤੀ ਸੀ। ਇਸੇ ਚਿਣਗ ਨੇ ਸਿਆਸਤ ਬਾਰੇ ਕੁਝ ਜਾਣਨ ਦੀ ਤਾਂਘ ਵਧਾਈ ਰੱਖੀ ਹੈ ਅਤੇ ਇਹ ਜਾਣਿਆ ਕਿ ਭਾਰਤ ਵਿੱਚ ਲੋਕਾਂ ਦੁਆਰਾ ਚੁਣੀ ਗਈ, ਲੋਕਾਂ ਵਾਸਤੇ ਅਤੇ ਹਾਕਮਾਂ ਦੀ ਲੋਕਾਂ ਅੱਗੇ ਜਵਾਬਦੇਹੀ ਵਾਲੇ ਰਾਜ ਵਾਲੀ ਲੋਕਤੰਤਰ ਦੀ ਪਰਿਭਾਸ਼ਾ ਸਾਡੇ ਦੇਸ਼ ਦੇ ਲੋਕਤੰਤਰ ’ਤੇ ਪੂਰੀ ਨਹੀਂ ਉਤਰਦੀ। ਜਿਵੇਂ ਹੀ ਸਿਆਸੀ ਪਾਰਟੀ ਦੇ ਵਿਧਾਇਕ ਜਾਂ ਫਿਰ ਸੰਸਦ ਮੈਂਬਰ ਦੀ ਚੋਣ ਹੋ ਜਾਂਦੀ ਹੈ ਅਤੇ ਇਤਫ਼ਾਕਵੱਸ ਉਨ੍ਹਾਂ ਦੀ ਪਾਰਟੀ ਦੀ ਹਕੂਮਤ ਵੀ ਹੁੰਦੀ ਹੈ ਤਿਵੇਂ ਹੀ ਚੁਣੇ ਹੋਏ ਵਿਧਾਇਕਾਂ, ਸੰਸਦ ਮੈਂਬਰਾਂ ਦੀ ਤਾਂ ਦੂਰ ਦੀ ਗੱਲ ਹੈ ਆਮ ਪਾਰਟੀ ਵਰਕਰਾਂ ਦੇ ਵੀ ਕੁੱਤੇ ਫੇਲ੍ਹ ਹੋਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਨੂੰ ਨਾ ਤਾਂ ਕੁਝ ਸੁਣਾਈ ਦਿੰਦਾ ਹੈ, ਨਾ ਹੀ ਕੁਝ ਵੇਖਦੇ ਹਨ ਅਤੇ ਜੋ ਕੁਝ ਉਨ੍ਹਾਂ ਦੇ ਮਨ ਵਿੱਚ ਆਉਂਦਾ ਹੈ : ਉਹ ਉਹੀ ਬੋਲਦੇ ਹਨ। ਸ਼ਾਇਦ ਉਹ ‘ਬਾਪੂ ਦੇ ਤਿੰਨਾਂ ਬਾਂਦਰਾਂ’ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰ ਰਹੇ ਹੁੰਦੇ ਹਨ। ਇਹ ਵੀ ਆਖ ਸਕਦੇ ਹਾਂ ਕਿ ਜਨਤਕ ਨੁਮਾਇੰਦਿਆਂ ਵਾਲੇ ਉਨ੍ਹਾਂ ਦੇ ਕੁੱਤੇ ਫੇਲ੍ਹ ਹੋ ਜਾਂਦੇ ਹਨ। ਬੜੇ ਵਾਰੀ ਮਨ ਵਿੱਚ ਆਉਂਦਾ ਹੈ ਕਿ ਸਾਡੇ ਦੇਸ਼ ਵਿੱਚ ਅਜਿਹੇ ਸਾਈਕਲ ਹੀ ਕਿਉਂ ਬਣਾਏ ਜਾਂਦੇ ਹਨ ਜਿਨ੍ਹਾਂ ਦੇ ਕੁੱਤੇ ਬਹੁਤ ਛੇਤੀ ਫੇਲ੍ਹ ਹੋ ਜਾਂਦੇ ਹਨ। ਕੀ ਕੇਵਲ ਪੰਜਾਂ ਸਾਲ ਬਾਅਦ ਆਉਣ ਵਾਲੀਆਂ ਚੋਣਾਂ ਸਮੇਂ ਹੀ ਫੇਲ੍ਹ ਹੋਏ ਕੁੱਤਿਆਂ ਵਾਲਿਆਂ ਨੂੰ ਬਦਲਿਆ ਜਾ ਸਕਦਾ ਹੈ!
ਉਂਜ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲਿਆਂ ਦੇ ਕੁੱਤੇ ਵੀ ਉਸੇ ਦਿਨ ਹੀ ਫੇਲ੍ਹ ਹੋ ਜਾਂਦੇ ਹਨ ਜਿਸ ਦਿਨ ਉਹ ਹਾਜ਼ਰੀ ਰਜਿਸਟਰ ’ਤੇ ਆਪਣੀ ਹਾਜ਼ਰੀ ਲਾ ਲੈਂਦੇ ਹਨ। ਜਿਨ੍ਹਾਂ ਦੇ ਕੁੱਤੇ ਕਾਇਮ ਹੁੰਦੇ ਹਨ ਉਨ੍ਹਾਂ ਬਾਰੇ ਸਾਥੀਆਂ ਵੱਲੋਂ ‘ਸਮਾਜ ਤੋਂ ਕੱਟੇ ਹੋਏ ਲੋਕ’ ਵਾਲੇ ਵਾਕੰਸ਼ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ। ਜ਼ਰਾ ਸੋਚੋ! ਇਨ੍ਹਾਂ ਫੇਲ੍ਹ ਹੋਏ ਕੁੱਤਿਆਂ ਵਾਲਿਆਂ ਦਾ ਕੋਈ ਇਲਾਜ ਹੋ ਸਕਦਾ ਹੈ।
ਸੰਪਰਕ: 95010-207313