ਅਹੁਦਾ ਤਾਕਤ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਇਹਦਾ ਮੋਹ ਵੀ ਬੜਾ ਮੂੰਹਜ਼ੋਰ ਹੁੰਦਾ ਹੈ। ਅਹੁਦੇ ਤੇ ਟਿਕੇ ਰਹਿਣ ਅਤੇ ਅਹੁਦਾ ਨਾ ਹੋਣ ਦੀ ਸੂਰਤ ਵਿਚ ਅਹੁਦੇਦਾਰ ਕਹਾਉਣ ਦੀ ਲਲਕ ਹੋਰ ਵੀ ਮੂੰਹਜ਼ੋਰ ਹੁੰਦੀ ਹੈ। ਸਿਆਸੀ ਪਾਰਟੀਆਂ ਤੋਂ ਲੈ ਕੇ ਟਰੇਡ ਯੂਨੀਅਨਾਂ ਅਤੇ ਧਾਰਮਿਕ ਸੰਸਥਾਵਾਂ ਤੋਂ ਲੈ ਕੇ ਜਨਤਕ ਜਥੇਬੰਦੀਆਂ ਤੱਕ ਵਿਚ ਜਿੰਨਾ ਰੌਲਾ-ਰੱਪਾ, ਝਗੜਾ-ਕਲੇਸ਼ ਅਤੇ ਟੁੱਟਾਂ-ਫੁੱਟਾਂ ਹੁੰਦੀਆਂ ਹਨ, ਉਨ੍ਹਾਂ ਵਿਚ ਹੋਰ ਮੁੱਦਿਆਂ ਤੋਂ ਛੁੱਟ ਅਹਿਮ ਕਾਰਨ ਅਹੁਦਿਆਂ ਦੀ ਭੁੱਖ ਦਾ ਹੁੰਦਾ ਹੈ। ਅਹੁਦੇ ਦੀ ਪੂਛ ਬੰਦਾ ਸਾਰੀ ਉਮਰ ਟੁੱਟਣ ਨਹੀਂ ਦੇਣੀ ਚਾਹੁੰਦਾ। ਲੀਡਰ ਹੀ ਨਹੀਂ, ਸਭ ਖੇਤਰਾਂ ਦੇ ਪ੍ਰੋਫੈਸ਼ਨਲ ਵੀ ਅਹੁਦਿਆਂ ਦੀ ਪੂਛ ਲਾਈ ਰੱਖਣ ਲਈ ਪੂਛ ਤੁੜਾ ਕੇ ਮਰਦੇ ਦੇਖੇ ਜਾ ਸਕਦੇ ਹਨ। ਪਿਛਲੇ ਦਿਨੀਂ ਵਿਧਾਨ ਸਭਾ ਦੀ ਚੋਣ ਹਾਰੇ ਇੱਕ ਸੱਜਣ ਨੇ ਆਪਣੀ ਨੇਮ ਪਲੇਟ ਤੇ ਐੱਮਐੱਲਏੇ ਲਿਖਾਉਣ ਦੀ ਘਟਨਾ ਦੀ ਮੀਡੀਆ ਵਿਚ ਹੋਈ ਚਰਚਾ ਇਸੇ ਸੱਚ ਨੂੰ ਬਿਆਨ ਕਰਦੀ ਹੈ। ਇਸ ਚਰਚਾ ਨੇ ਕੋਈ ਸਾਢੇ ਤਿੰਨ ਦਹਾਕੇ ਪੁਰਾਣੀ ਦਿਲਚਸਪ ਘਟਨਾ ਚੇਤੇ ਕਰਵਾ ਦਿੱਤੀ।
1970ਵਿਆਂ ਦੇ ਅੰਤਲੇ ਸਾਲਾਂ ’ਚ ਆਈਟੀਆਈ ਬੁਢਲਾਡਾ ਵਿਚ ਦਾਖਲਾ ਲੈਣ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਹੋਣ ਤੋਂ ਬਾਅਦ ਯੂਨੀਅਨ ਦੇ ਜਿਨ੍ਹਾਂ ਦਰਜਨਾਂ, ਸਥਾਨਕ ਤੇ ਸੂਬਾਈ ਆਗੂਆਂ ਨਾਲ ਵਾਹ ਪਿਆ, ਐੱਨਐੱਸ ਬਾਗ਼ੀ ਉਨ੍ਹਾਂ ਵਿਚੋਂ ਇੱਕ ਸੀ। ਫਿਫਟੀ ਲੱਗੀ ਪੋਚਵੀਂ ਪੱਗ, ਚਮਚਮਾਉਂਦੇ ਸੂਟ-ਬੂਟ, ਕੁੰਢੀਆਂ ਮੁੱਛਾਂ, ਹੱਥ ਵਿਚ ਡਾਇਰੀ, ਉਹ ਕਿਸੇ ਰਾਣੀ-ਖਾਂ ਦੇ ਸਾਲ਼ੇ ਤੋਂ ਘੱਟ ਨਹੀਂ ਸੀ ਜਾਪਦਾ! ਲੀਡਰੀ ਦੀ ਉਹ ਗੁੜਤੀ ਲੈ ਕੇ ਜੰਮਿਆ ਜਾਪਦਾ ਸੀ। ਬਾਗ਼ੀ ਨਾ ਸਿਰਫ਼ ਸਰਕਾਰ ਤੋਂ ਬਾਗ਼ੀ ਸੀ ਸਗੋਂ ਅਕਸਰ ਜਥੇਬੰਦੀ ਤੋਂ ਵੀ ਬਾਗ਼ੀ ਹੀ ਰਹਿੰਦਾ ਸੀ। ਸੀਨੀਅਰ ਲੀਡਰਾਂ ਨਾਲ ਉਹਦਾ ਛੱਤੀ ਦਾ ਅੰਕੜਾ ਰਹਿੰਦਾ। ਮੇਰੇ ਵਰਗਿਆਂ ਨੂੰ ਉਹ ‘ਕੱਲ੍ਹ ਦੀ ਭੂਤਨੀ, ਸਿਵਿਆਂ ‘ਚ ਅੱਧ’ ਕਹਿ ਕੇ ‘ਤਾਰ ਜਾਂਦਾ। ਭਾਸ਼ਨ ਕਲਾ ਦਾ ਉਹ ਨਿਪੁੰਨ ਸੀ। ਬਹਿਸਾਂ ਉਹ ਬਿਨਾ ਮੁੱਦੇ ਤੋਂ ਵੀ ਘੰਟਿਆਂਬੱਧੀ ਕਰਨ ਦੀ ਯੋਗਤਾ ਰੱਖਦਾ ਸੀ। ਪੰਗੇ ਲੈਣ ਦੇ ਮਾਮਲੇ ਵਿਚ ਉਹਦਾ ਸੁਭਾਅ ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’ ਵਾਲਾ ਸੀ। ਗੱਲਾਂ ਗੱਲਾਂ ਵਿਚ ਉਹ ਵੱਡੇ ਵੱਡਿਆਂ ਦੇ ਕੰਨ ਕੁਤਰ ਜਾਂਦਾ। ਇਨ੍ਹਾਂ ਤਮਾਮ ਗੁਣ-ਦੋਸ਼ਾਂ ਦੇ ਬਾਵਜੂਦ ਉਹਨੇ ਆਪਣੇ ਸੱਤ-ਅੱਠ ਸਾਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਲੇਖੇ ਲਾਏ। ਪੂਰੇ ਜੁਝਾਰੂ ਢੰਗ ਨਾਲ। ਪੜ੍ਹਾਈ ਦਾ ਹਰਜਾ ਝੱਲਿਆ। ਥਾਣੇ ਦੇਖੇ, ਕਚਿਹਰੀਆਂ ਦੇਖੀਆਂ। ਜੇਲ੍ਹਾਂ ਕੱਟੀਆਂ।
1985 ਦੇ ਨੇੜੇ-ਤੇੜੇ ਵਿਦਿਆਰਥੀ ਜਥੇਬੰਦੀ ਤੋਂ ਕਿਨਾਰਾ ਕਰਨ ਤੋਂ ਬਾਅਦ ਉਹਨੇ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਵਿਚ ਜਾ ਪੰਗਾ ਲਿਆ। ਸਰਪੰਚੀ ਦੀ ਚੋਣ ਦੇਖਣ ਨੂੰ ਜਿੰਨੀ ਛੋਟੀ ਲੱਗਦੀ, ਉਸ ਤੋਂ ਕਿਤੇ ਵਧੇਰੇ ਟੇਢੀ ਅਤੇ ਲੜਨੀ ਕਿਤੇ ਵਧੇਰੇ ਔਖੀ ਹੁੰਦੀ ਹੈ। ਸੋ ਹਾਰਨਾ ਉਹਨੇ ਸੀ ਹੀ, ਤੇ ਉਹ ਹਾਰ ਗਿਆ। ਸਰਪੰਚੀ ਦੀ ਚੋਣ ਭਲੇ ਹੀ ਉਹ ਹਾਰ ਗਿਆ ਸੀ ਪਰ ਅੜਦੇ-ਥੁੜ੍ਹਦੇ ਕਿਸੇ ਦੇ ਕੰਮ ਆਉਣੋਂ ਅਤੇ ਨਿਤਾਣਿਆਂ ਦਾ ਤਾਣ ਬਣ ਕੇ ਖੜ੍ਹਨੋਂ ਤਾਂ ਉਹਨੂੰ ਕੋਈ ਨਹੀਂ ਸੀ ਨਾ ਰੋਕ ਸਕਦਾ! ਜਥੇਬੰਦੀ ਤੋਂ ਭਾਵੇਂ ਉਹਨੇ ਕਿਨਾਰਾ ਕਰ ਲਿਆ ਸੀ ਪਰ ਹੱਡਾਂ ਵਿਚੋਂ ਤਾਂ ਇਹ ਗੱਲਾਂ ਸੌਖਿਆਂ ਨਿਕਲਣ ਵਾਲੀਆਂ ਨਹੀਂ ਸਨ।
ਹਾਰਨ ਤੋਂ ਬਾਅਦ ਇੱਕ ਦਿਨ ਉਹਦਾ ਪੇਚਾ ਅਮਲੀ ਨੂੰ ਫੜ ਕੇ ਲਈ ਜਾਂਦੇ ਥਾਣੇਦਾਰ ਨਾਲ ਪੈ ਗਿਆ। ਹੋਇਆ ਇੰਜ ਕਿ ਇੱਕ ਦਿਨ ਸਵੇਰੇ ਸਵੇਰੇ ਉਹਦੇ ਪਿੰਡ ਦੇ ਭੋਰਾ ਦੋ ਭੋਰਾ ਅਫੀਮ ਛਕਣ ਵਾਲੇ ਗਰੀਬੜੇ ਜਿਹੇ ਅਮਲੀ ਨੂੰ ਇੱਕ ਥਾਣੇਦਾਰ ਤੇ ਹੋਰ ਪੁਲੀਸ ਵਾਲੇ ਫੜ ਕੇ ਲਿਜਾ ਰਹੇ ਸਨ। ਅੱਗਿਓਂ ਰਾਹ ਵਿਚ ਬਾਗ਼ੀ ਟੱਕਰ ਪਿਆ। ਬਾਗ਼ੀ ਉਨ੍ਹਾਂ ਨੂੰ ਰੋਕ ਕੇ ਪੁੱਛਣ ਲੱਗਾ- “ਇਹਨੂੰ ਵਿਚਾਰੇ ਨੂੰ ਕਿਉਂ ਲਿਜਾ ਰਹੇ ਹੋ?” ਥਾਣੇਦਾਰ ਕਹਿੰਦਾ- “ਇਹ ਅਫੀਮ ਵੇਚਦਾ।” ਬਾਗ਼ੀ ਕਹਿੰਦਾ- “ਇਹ ਅਫੀਮ ਖਾਂਦਾ ਜ਼ਰੂਰ ਐ ਪਰ ਵੇਚਦਾ ਨਹੀਂ, ਇਸ ਕਰ ਕੇ ਤੁਸੀਂ ਇਹਨੂੰ ਫੜ ਕੇ ਨਹੀਂ ਲਿਜਾ ਸਕਦੇ।” ਬਾਗ਼ੀ ਨੂੰ ਬਹਿਸ ਵਿਚ ਪੈਂਦਾ ਦੇਖ ਔਖਾ ਹੋਇਆ ਥਾਣੇਦਾਰ ਕਹਿੰਦਾ, “ਨਾ ਤੂੰ ਹੈ ਕੌਣ ਐਂ ਸਾਨੂੰ ਪੁੱਛਣ-ਦੱਸਣ ਵਾਲਾ?” ਅੱਗਿਓਂ ਪੰਜਾਬੀ ਨੂੰ ਅੰਗਰੇਜ਼ੀ ਦੀ ਪੁੱਠ ਚੜ੍ਹੇ ਡਾਇਲਾਗ ਘੁਮਾ ਕੇ ਸੁੱਟਦਿਆਂ ਬਾਗ਼ੀ ਕਹਿੰਦਾ, “ਆਈ ਐੱਮ ਡਫੀਟਡ ਸਰਪੰਚ।” ਬਣਾ-ਸੰਵਾਰ ਕੇ ਅੰਗਰੇਜ਼ੀ ਵਿਚ ਬੋਲਿਆ ਬਾਗ਼ੀ ਦਾ ਅੰਤਲਾ ਡਾਇਲਾਗ ਥਾਣੇਦਾਰ ਦੇ ਸਿਰ ਉਤੋਂ ਦੀ ਲੰਘ ਗਿਆ। ਸਰਪੰਚੀ ਦੀ ਇਸ ਨਵੀਂ ਕੈਟਾਗਿਰੀ ਦਾ ਥਾਣੇਦਾਰ ਨੂੰ ਕੋਈ ਹਿਸਾਬ ਨਾ ਆਇਆ। ਪੈਂਦੀ ਸੱਟੇ ਹੁਣ ਤੱਕ ਬਾਗ਼ੀ ਨਾਲ ‘ਤੂੰ’ ਕਹਿ ਕੇ ਗੱਲ ਕਰਦਾ ਥਾਣੇਦਾਰ ‘ਤੂੰ’ ਤੋਂ ‘ਭਾਈ ਸਾਹਿਬ’ ਕਹਿ ਕੇ ਗੱਲ ਕਰਨ ਤੇ ਆ ਗਿਆ ਪਰ ਨਾ ਥਾਣੇਦਾਰ ਹੱਥ ਆਈ ਅਸਾਮੀ ਨੂੰ ਛੱਡਣ ਲਈ ਤਿਆਰ ਸੀ ਤੇ ਨਾ ਬਾਗ਼ੀ ਸਾਹਿਬ ਪਿੱਛੇ ਹਟਣ ਲਈ ਤਿਆਰ ਸਨ, ਲਿਹਾਜ਼ਾ ਗੱਲ ਫਿਰ ਵਧਣ ਲੱਗੀ। ਔਖਾ ਹੋਇਆ ਥਾਣੇਦਾਰ ਬਾਗ਼ੀ ਨੂੰ ਮੁੜ ਪੁੱਛਣ ਲੱਗਾ, “ਨਾ ਭਾਈ ਸਾਹਬ, ਤੁਸੀਂ ਸਾਡੇ ਕੰਮ ਵਿਚ ਲੱਤ ਅੜਾਉਣ ਵਾਲੇ ਹੋ ਕੌਣ?” ਬਾਗ਼ੀ ਨੇ ਇੱਕ ਵਾਰ ਫਿਰ ਰੋਹਬਦਾਰ ਆਵਾਜ਼ ਵਿਚ ਦੁਹਰਾ ਦਿੱਤਾ, “ਮੈਂ ਕਿਹਾ ਨਾ, ਆਈ ਐੱਮ ਡਫੀਟਡ ਸਰਪੰਚ।” ਥਾਣੇਦਾਰ ਦੇ ਪਿੜ-ਪੱਲੇ ਫਿਰ ਵੀ ਕੁਝ ਨਾ ਪਿਆ ਪਰ ਉਹਨੂੰ ਲੱਗਿਆ ਕਿ ਬੰਦਾ ਜ਼ਰੂਰ ਕੋਈ ਕਹਿੰਦਾ-ਕਹਾਉਂਦਾ ਹੈ। ਉਹਨੇ ਅਮਲੀ ਨੂੰ ਛੱਡਣ ਵਿਚ ਹੀ ਭਲਾਈ ਸਮਝੀ।
ਸਰਪੰਚੀ ਦੀ ਚੋਣ ਬਾਗ਼ੀ ਹਾਰ ਤਾਂ ਗਿਆ ਸੀ ਪਰ ਇਹ ਹਾਰ ਉਹਨੇ ਦਿਲੋਂ ਸਵੀਕਾਰ ਨਹੀਂ ਸੀ ਕੀਤੀ। ਇਸੇ ਲਈ ਜਦੋਂ ਮੇਰੇ ਵਰਗਾ ਕੋਈ ਪੁੱਛਦਾ ਕਿ ਬਾਗ਼ੀ ਸਾਹਿਬ, ਸਰਪੰਚੀ ਦੀ ਚੋਣ ਦਾ ਕੀ ਬਣਿਆ ਤਾਂ ਉਹ ਮੁੱਛਾਂ ਤੇ ਹੱਥ ਫੇਰ ਕੇ ਵਿਅੰਗਮਈ ਮੁਸਕਰਾਹਟ ਨਾਲ ਕਹਿੰਦਾ, “ਸਾਥੀ ਲੋਕਾਂ ਨੇ ਫਤਵਾ ਆਪਣੇ ਉਲਟ ਦੇ’ਤਾ।”
ਹਾਂ, ਪਰ ਉਹਨੇ ਆਪਣੇ ਬੂਹੇ ਤੇ ਲਿਖ ਕੇ ਨਹੀਂ ਸੀ ਲਾਇਆ: ਐੱਨਐੱਸ ਬਾਗ਼ੀ (ਡਫੀਟਡ ਸਰਪੰਚ)।
ਸੰਪਰਕ: 94175-88616