ਸੁਰਿੰਦਰ ਸ਼ਰਮਾ ਨਾਗਰਾ
1990-91 ਦੌਰਾਨ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ ਭਾਰਤੀ ਰਿਜ਼ਰਵ ਬੈਂਕ ਨੇ ਕੌਮੀਕ੍ਰਿਤ ਬੈਂਕਾਂ ਨੂੰ ਖੇਤੀਬਾੜੀ, ਹੋਰ ਸਹਾਇਕ ਕਿੱਤਿਆਂ, ਲਘੂ ਉਦਯੋਗਾਂ, ਖਾਦੀ ਅਤੇ ਪੇਂਡੂ ਵਿਕਾਸ ਵਾਸਤੇ ਖੁੱਲ੍ਹੇ ਦਿਲ ਨਾਲ ਕਰਜ਼ੇ ਦੇਣ ਲਈ ਨਿਰਦੇਸ਼ ਜਾਰੀ ਕੀਤੇ।
ਇਨ੍ਹਾਂ ਖੇਤਰਾਂ ਲਈ ਕਰਜ਼ਾ ਦੇਣ ਵਾਸਤੇ ਜ਼ਮੀਨ ਗਹਿਣੇ ਰੱਖਣ ਦੀ ਸਹੂਲਤ ਸੀ। ਇਸ ਕਰਕੇ ਬੈਂਕਾਂ ਨੇ ਆਪਣੀ ਦਿੱਤੀ ਰਕਮ ਦੀ ਵਾਪਸੀ ਮਹਿਫ਼ੂਜ਼ ਸਮਝਦਿਆਂ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ। ਖੇਤੀਬਾੜੀ ਨੇ ਅਜੇ ਪੂਰੀ ਰਫ਼ਤਾਰ ਨਹੀਂ ਫੜੀ ਸੀ। ਜ਼ਿਆਦਾ ਜ਼ਮੀਨਾਂ ਅਜੇ ਬੇਆਬਾਦ ਸਨ ਜਾਂ ਟਿੱਬਿਆਂ ਵਾਲੀਆਂ ਸਨ। ਕਿਸਾਨਾਂ ਨੇ ਧੜਾਧੜ ਕਰਜ਼ੇ ਉਪਰ ਟਰੈਕਟਰ ਲੈ ਕੇ ਜ਼ਮੀਨਾਂ ਉਪਜਾਊ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਫ਼ਸਲ ਦੀ ਪੈਦਾਵਾਰ ਵਧਣ ਲੱਗੀ ਤੇ ਕਿਸਾਨ ਖੁਸ਼ਹਾਲ ਹੋਣ ਲੱਗੇ।
ਮੈਂ ਜਦੋਂ ਬੈਂਕ ਦੀ ਪਿੰਡ ਬਰਾਂਚ ਦਾ ਬਤੌਰ ਮੈਨੇਜਰ ਕਾਰਜ ਸੰਭਾਲਿਆ ਤਾਂ ਬਰਾਂਚ ਵਿਚ ਮੇਰੇ ਤੋਂ ਪਹਿਲਾਂ ਵੀ ਟਰੈਕਟਰ ਲੋਨ ਹੋਏ ਸਨ। ਦੋ ਤਿੰਨ ਮਹੀਨਿਆਂ ਵਿਚ ਤਕਰੀਬਨ ਬਰਾਂਚ ਦੀ ਜਾਣਕਾਰੀ ਹੋ ਗਈ। ਟਰੈਕਟਰ ਲੋਨਾਂ ਦੇ ਬਾਕੀ ਸਾਰੇ ਤਾਂ ਖ਼ਾਤੇ ਠੀਕ ਚੱਲ ਰਹੇ ਸਨ ਪਰ ਚਾਰ ਪੰਜ ਖਾਤਿਆਂ ਵਿਚ ਕਿਸ਼ਤ ਨਹੀਂ ਆਈ ਸੀ। ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਉਂਦੀ ਫ਼ਸਲ ’ਤੇ ਖਾਤੇ ਠੀਕ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਵਿਚੋਂ ਇਕ ਖਾਤਾ ਅਜਿਹਾ ਸੀ ਜਿਸ ਵਿਚ ਪਿਛਲੇ ਦੋ ਸਾਲ ਤੋਂ ਕਿਸ਼ਤ ਨਹੀਂ ਆਈ ਸੀ। ਖ਼ਾਤਾ ਐਨਪੀਏ ਹੋਣ ਵਾਲਾ ਸੀ ਤੇ ਖੇਤਰੀ ਦਫ਼ਤਰ ਤੋਂ ਵੀ ਉਸ ਖ਼ਾਤੇ ਬਾਰੇ ਕਈ ਵਾਰ ਫੋਨ ਆਇਆ ਸੀ।
ਇਕ ਦਿਨ ਸਮਾਂ ਕੱਢ ਕੇ ਸਕੂਟਰ ਚੁੱਕਿਆ ਤੇ ਮੈਂ ਉਸ ਖ਼ਾਤਾਧਾਰਕ ਕਿਸਾਨ ਦੇ ਘਰ ਚਲਿਆ ਗਿਆ। ਘਰ ਜਾ ਕੇ ਦੇਖਿਆ ਤਾਂ ਕਿਸਾਨ ਮੰਜੇ ਉੱਤੇ ਬਿਮਾਰ ਪਿਆ ਸੀ। ਘਰ ਵਿਚ ਖੇਤੀਬਾੜੀ ਦੇ ਸੰਦ ਵਗੈਰਾ ਵੀ ਨਹੀਂ ਸਨ। ਇੱਕਲਾ ਟਰੈਕਟਰ ਹੀ ਖ਼ਸਤਾ ਹਾਲਤ ਵਿਚ ਖੜ੍ਹਾ ਸੀ। ਘਰ ਦੀ ਹਾਲਤ ਦੇਖ ਕੇ ਪਤਾ ਲੱਗਦਾ ਸੀ ਕਿ ਵਿੱਤੀ ਹਾਲਤ ਬਹੁਤੀ ਵਧੀਆ ਨਹੀਂ ਸੀ। ਟਰੈਕਟਰ ’ਤੇ ਕਰਜ਼ਾ ਮਿਲਿਆਂ ਸੱਤ ਸਾਲ ਬੀਤ ਗਏ ਸਨ। ਪਹਿਲਾਂ ਪਹਿਲਾਂ ਤਾਂ ਕਿਸ਼ਤਾਂ ਠੀਕ ਆਉਂਦੀਆਂ ਰਹੀਆਂ ਪਰ ਪਿਛਲੇ ਦੋ ਕੁ ਸਾਲ ਤੋਂ ਕਿਸ਼ਤ ਨਹੀਂ ਆਈ ਸੀ। ਮੈਂ ਕਿਸਾਨ ਨੂੰ ਪੁੱਛਿਆ, ‘‘ਬਜ਼ੁਰਗੋ! ਕੀ ਗੱਲ ਕਿਸ਼ਤ ਨਹੀਂ ਜਮ੍ਹਾਂ ਕਰਵਾਈ?’’ ਪਹਿਲਾਂ ਤਾਂ ਉਸ ਨੇ ਪਛਾਣਿਆ ਨਹੀਂ। ਮੇਰੇ ਦੱਸਣ ’ਤੇ ਉਹ ਜਾਣ ਗਿਆ ਕਿ ਬੈਂਕ ਮੈਨੇਜਰ ਉਗਰਾਹੀ ਲਈ ਆਇਆ ਹੈ। ਉਹ ਉੱਠ ਕੇ ਮੰਜੇ ’ਤੇ ਬੈਠ ਗਿਆ ਤੇ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਆਵਾਜ਼ ਦਿੱਤੀ। ਮੈਂ ਬਥੇਰਾ ਨਾਂਹ-ਨੁੱਕਰ ਕੀਤੀ ਪਰ ਉਹ ਨਾ ਮੰਨਿਆ।
ਗੱਲ ਸ਼ੁਰੂ ਕਰਨ ਲੱਗਿਆਂ ਉਸ ਦੇ ਹੰਝੂ ਵਹਿ ਤੁਰੇ। ਮੈਂ ਉਸ ਨੂੰ ਦਿਲਾਸਾ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਸੰਭਲ ਗਿਆ ਤੇ ਆਪਣੀ ਵਿਥਿਆ ਸੁਣਾਉਣ ਲੱਗਾ, ‘‘ਮੈਨੇਜਰ ਸਾਹਿਬ! ਮੇਰੇ ਕੋਲ ਚਾਰ ਕਿੱਲੇ ਭੋਇੰ ਐ। ਇਕ ਮੇਰਾ ਮੁੰਡਾ ਸੀ। ਪੰਜ ਛੇ ਕਿੱਲੇ ਹੋਰ ਠੇਕੇ ’ਤੇ ਲੈ ਕੇ ਵਧੀਆ ਖੇਤੀ ਕਰਦਾ ਸੀ। ਬੜਾ ਰੰਗ-ਭਾਗ ਲੱਗਿਆ ਹੋਇਆ ਸੀ। ਤੁਹਾਡੀ ਕਿਸ਼ਤ ਵੀ ਨਹੀਂ ਟੁੱਟਣ ਦਿੰਦਾ ਸੀ। ਪਰ ਕੀ ਹੋਇਆ ਕਿ ਪਿਛਲੇ ਤੋਂ ਪਿਛਲੇ ਸਾਲ ਖੇਤ ’ਚ ਟਿਊਬਵੈੱਲ ਦੀ ਖੂਹੀ ’ਚੋਂ ਮੋਟਰ (ਮੋਨੋਬਲਾਕ) ਕੱਢਦੇ ਹੋਏ ਮੇਰੇ ਮੁੰਡੇ ਦਾ ਪੈਰ ਤਿਲ੍ਹਕ ਗਿਆ, ਸਣੇ ਮੋਟਰ ਖੂਹੀ ਵਿਚ ਜਾ ਡਿੱਗਾ। ਡਿੱਗਦੇ ਦੀ ਮੋਟਰ ’ਤੇ ਵੱਜ ਕੇ ਰੀੜ੍ਹ ਦੀ ਹੱਡੀ ਟੁੱਟ ਗਈ। ਚੁੱਕ ਕੇ ਹਸਪਤਾਲ ਲੈ ਗਏ। ਉਨ੍ਹਾਂ ਚੰਡੀਗੜ੍ਹ ਪੀਜੀਆਈ ਭੇਜ ਦਿੱਤਾ। ਮੈਨੇਜਰ ਸਾਹਿਬ, ਉਹਦਾ ਬਹੁਤ ਇਲਾਜ ਕਰਵਾਇਆ। ਜਿਹੜੀ ਰੁਣੀ-ਝੁਣੀ ਸੀ ਉਹਦੇ ਇਲਾਜ ’ਤੇ ਲੱਗ ਗਈ। ਹੋਰ ਵੀ ਆੜ੍ਹਤੀਏ ਤੋਂ ਕਰਜ਼ਾ ਲੈ ਕੇ ਉਸ ਦੇ ਇਲਾਜ ’ਤੇ ਲਾਇਆ ਪਰ ਉਹ ਨਾ ਬਚ ਸਕਿਆ। ਉਹਦਾ ਮਰ ਕੇ ਹੀ ਖਹਿੜਾ ਛੁੱਟਿਆ ਕਿਉਂਕਿ ਉਹਦੀ ਵਧੀ ਨਹੀਂ ਸੀ। ਖੇਤੀ ਪੱਤੀ ਦਾ ਸਾਰਾ ਕੰਮ ਖੜ੍ਹ ਗਿਆ। ਉੱਪਰੋਂ ਉਹਦੇ ਦੁੱਖ ’ਚ ਮੈਂ ਬਿਮਾਰ ਹੋ ਗਿਆ। ਚਾਰੇ ਕਿੱਲੇ ਠੇਕੇ ’ਤੇ ਦੇ ਕੇ ਆੜ੍ਹਤੀਏ ਦਾ ਕਰਜ਼ਾ ਲਾਹ ਰਹੇ ਹਾਂ, ਸੰਦ-ਸੰਦੇੜਾ ਵੀ ਸਭ ਵਿਕ ਗਿਆ। ਹੁਣ ਤਾਂ ਘਰ ਦਾ ਗੁਜ਼ਾਰਾ ਵੀ ਮਸਾਂ ਚੱਲਦਾ ਹੈ।’’
ਉਸ ਦੀ ਕਹਾਣੀ ਸੁਣ ਕੇ ਮੈਂ ਸੁੰਨ ਹੋ ਗਿਆ। ਹੁਣ ਮੈਂ ਉਸ ਨੂੰ ਕਿਸ਼ਤ ਲਈ ਕਿਵੇਂ ਆਖਾਂ, ਕੁਝ ਸਮਝ ਨਹੀਂ ਆ ਰਹੀ ਸੀ। ਉਸ ਨੇ ਪੂਰੀ ਬੇਬਸੀ ਜ਼ਾਹਰ ਕੀਤੀ। ਉਂਜ ਉਪਰਲੇ ਮਨੋਂ ਉਸ ਨੇ ਪੈਸੇ ਜ਼ਮੀਨ ਵੇਚ ਕੇ ਭਰਨ ਲਈ ਕਿਹਾ। ਮੈਂ ਸੋਚਿਆ ਕਿ ਜੱਟ ਦੀ ਜ਼ਮੀਨ ਹੀ ਵਿਕ ਗਈ ਤਾਂ ਖਾਏਗਾ ਕਿੱਥੋਂ।
ਮੈਂ ਬੈਂਕ ਵਾਪਸ ਆ ਗਿਆ ਤੇ ਉਸ ਦਾ ਖ਼ਾਤਾ ਖੰਘਾਲਣ ਲੱਗਾ। ਦੋ ਲੱਖ ਉਸ ਨੇ ਕਰਜ਼ਾ ਲਿਆ ਸੀ ਤੇ ਬਕਾਇਆ ਸੈਂਤੀ ਕੁ ਹਜ਼ਾਰ ਖੜ੍ਹਾ ਸੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੈਂ ਖੇਤਰੀ ਦਫ਼ਤਰ ਵਿਚ ਸਾਡੇ ਚੀਫ਼ ਮੈਨੇਜਰ ਸਾਹਿਬ ਨਾਲ ਗੱਲਬਾਤ ਕੀਤੀ। ਉਹ ਬਹੁਤ ਹੀ ਸਿਆਣੇ ਤਜਰਬੇਕਾਰ ਤੇ ਦਿਆਲੂ ਸੁਭਾਅ ਦੇ ਸਨ। ਮੈਂ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ। ਉਨ੍ਹਾਂ ਮੈਨੂੰ ਸਾਰੇ ਖ਼ਾਤੇ ਦੀ ਨਕਲ ਤਿਆਰ ਕਰ ਕੇ ਖੇਤਰੀ ਦਫ਼ਤਰ ਲਿਆਉਣ ਲਈ ਕਿਹਾ। ਮੈਂ ਖ਼ਾਤੇ ਦੀ ਸ਼ੀਟ ਤਿਆਰ ਕੀਤੀ ਤੇ ਅਗਲੇ ਦਿਨ ਉਨ੍ਹਾਂ ਪਾਸ ਚਲਾ ਗਿਆ। ਉਨ੍ਹਾਂ ਸਾਰਾ ਖ਼ਾਤਾ ਚੈੱਕ ਕਰਕੇ, ਕਰਜ਼ੇ ਦੀ ਰਕਮ ਅਤੇ ਆਈਆਂ ਕਿਸ਼ਤਾਂ ਦਾ ਜੋੜ ਲਾ ਕੇ ਮੈਨੂੰ ਦੱਸਿਆ ਕਿ ਜਿੰਨਾ ਇਸ ਨੂੰ ਕਰਜ਼ਾ ਅਸੀਂ ਦਿੱਤਾ ਹੈ ਉਹਦੇ ਤੋਂ ਦੁੱਗਣੇ ਪੈਸੇ ਤਾਂ ਉਸ ਤੋਂ ਲੈ ਚੁੱਕੇ ਹਾਂ। ਇਹ ਬਕਾਇਆ ਰਕਮ ਤਾਂ ਬੀਮਾ, ਇੰਸੀਡੈਂਟਲ ਚਾਰਜਿਜ਼ ਅਤੇ ਪੈਨਲ ਵਿਆਜ ਆਦਿ ਦੀ ਹੈ। ਬੈਂਕ ਦੀਆਂ ਹਦਾਇਤਾਂ ਅਨੁਸਾਰ ਬੈਂਕ ਇਨ੍ਹਾਂ ਖਰਚਿਆਂ ਨੂੰ ਛੱਡ ਸਕਦਾ ਹੈ। ਅਗਰ ਕਿਸਾਨ ਥੋੜ੍ਹੇ ਬਹੁਤੇ ਪੈਸੇ (ਅੰਦਾਜ਼ਨ ਪੰਜ ਸੱਤ ਹਜ਼ਾਰ) ਭਰਨ ਨੂੰ ਤਿਆਰ ਹੋ ਜਾਵੇ ਤਾਂ ਬਾਕੀ ਦੇ ਬੈਂਕ ਮੁਆਫ਼ ਕਰ ਦੇਵੇਗਾ। ਮੈਂ ਕਿਹਾ, ‘‘ਸਰ, ਉਸਦੇ ਢੋਲ ’ਚ ਤਾਂ ਦਾਣੇ ਨਹੀਂ, ਦਵਾਈ ਬੂਟੀ ਵੱਲੋਂ ਵੀ ਉਹ ਔਖਾ ਹੈ। ਉਹ ਕਿੱਥੋਂ ਪੰਜ ਸੱਤ ਹਜ਼ਾਰ ਭਰੇਗਾ?’’ ਚੀਫ਼ ਸਾਹਿਬ ਨੇ ਲੰਬਾ ਜਿਹਾ ਸਾਹ ਲੈ ਕੇ ਕਿਹਾ, ‘‘ਅੱਛਾ! ਚਲੋ ਮੈਂ ਹੈੱਡ ਆਫਿਸ ਨਾਲ ਗੱਲ ਕਰ ਕੇ ਤੁਹਾਨੂੰ ਦੱਸਦਾ ਹਾਂ।’’
ਅਗਲੇ ਦਿਨ ਉਨ੍ਹਾਂ ਦਾ ਫ਼ੋਨ ਆ ਗਿਆ ਕਿ ਪੂਰੀ ਰਾਈਟ ਆਫ਼ (ਵੱਟੇ ਖਾਤੇ ਪਾਉਣ ਲਈ) ਦੀ ਫਾਈਲ ਬਣਾ ਕੇ ਲੈ ਆਓ। ਮੈਂ ਸਾਰੀ ਫਾਈਲ ਬਣਾ ਕੇ ਤੇ ਬਰਾਂਚ ਮੈਨੇਜਰ ਵੱਲੋਂ ਵਿਸ਼ੇਸ਼ ਸਿਫ਼ਾਰਿਸ਼ (ਸਪੈਸਫਿਕ ਰਿਕਮੈਂਡੇਸ਼ਨ) ਨਾਲ ਤਸਦੀਕ ਕਰ ਕੇ ਖੇਤਰੀ ਦਫ਼ਤਰ ਦੇ ਆਇਆ। ਹਫ਼ਤੇ ਬਾਅਦ ਉਸ ਟਰੈਕਟਰ ਲੋਨ ਦੀ ਰਕਮ ਦੀ ਮੁਆਫ਼ੀ ਆ ਗਈ। ਮੈਂ ਬੈਂਕ ਦੇ ਹਿਸਾਬ ਅਨੁਸਾਰ ਖ਼ਾਤਾ ਬੰਦ ਕੀਤਾ। ਉਸ ਕਿਸਾਨ ਦੀ ਜ਼ਮੀਨ ਦੇ ਫੱਕ (ਨਾਨ ਇਨਕੰਬਰੈਂਸ) ਦੀ ਚਿੱਠੀ ਬਣਾਈ ਅਤੇ ਉਸ ਦੇ ਘਰ ਦੇਣ ਚਲਾ ਗਿਆ। ਉਸ ਨੂੰ ਕਿਹਾ, ‘‘ਲੈ ਬਾਬਾ ਤੇਰਾ ਸਾਰਾ ਕਰਜ਼ਾ ਬੈਂਕ ਨੇ ਮੁਆਫ਼ ਕਰ ਦਿੱਤਾ। ਆਹ ਫ਼ੜ ਚਿੱਠੀ ਤੇ ਆਫਿਸ ਕਾਪੀ ’ਤੇ ਦਸਤਖ਼ਤ ਕਰਦੇ।’’ ਉਸ ਨੂੰ ਸਮਝ ਨਾ ਆਵੇ ਕਿ ਕੀ ਕਹੇ। ਉਸ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ, ਅੱਖਾਂ ਵਿਚ ਹੰਝੂ ਆ ਗਏ। ਉਹ ਮੁਸ਼ਕਿਲ ਨਾਲ ਮੰਜੇ ਤੋਂ ਉੱਠ ਕੇ ਮੇਰੇ ਪੈਰੀਂ ਹੱਥ ਲਾਉਣ ਤਾਈਂ ਗਿਆ ਪਰ ਮੈਂ ਬਾਹਾਂ ਤੋਂ ਫੜ ਕੇ ਜੱਫੀ ਵਿਚ ਲੈ ਲਿਆ। ਮੈਂ ਵੀ ਭਾਵੁਕ ਹੋ ਗਿਆ ਤੇ ਹੰਝੂਆਂ ਨਾਲ ਮੇਰੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ। ਬਾਬਾ ਮੈਨੂੰ ਅਸੀਸਾਂ ਦੇ ਰਿਹਾ ਸੀ ਪਰ ਮੈਂ ਭਾਵੁਕਤਾ ਵੱਸ ਸੋਚ ਰਿਹਾ ਸੀ ਕਿ ਅੱਜ ਮੈਂ ਇਕ ਭਲੇ ਦਾ ਕੰਮ ਕੀਤਾ ਹੈ, ਇਕ ਗਊ ਗਾਰੇ ’ਚੋਂ ਕੱਢੀ ਹੈ। ਇਸ ਕਰਕੇ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਇਕ ਦੂਜੇ ਦੇ ਵਗਦੇ ਹੰਝੂਆਂ ਦੀ ਬੋਲੀ ਅਸੀਂ ਦੋਵੇਂ ਭਲੀਭਾਂਤ ਸਮਝ ਰਹੇ ਸਾਂ।
ਸੰਪਰਕ: 98786-46595