ਪ੍ਰਿੰਸੀਪਲ ਵਿਜੈ ਕੁਮਾਰ
ਅੱਠ ਕੁ ਸਾਲ ਪਹਿਲਾਂ ਦੀ ਗੱਲ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਚੱਲ ਰਹੀ ਸੀ। ਦਸਵੀਂ ਦਾ ਗਣਿਤ ਦਾ ਪਰਚਾ ਸੀ, ਜਿਸ ਦਾ ਸਮਾਂ ਦੁਪਹਿਰ ਬਾਅਦ 2 ਤੋਂ 5 ਵਜੇ ਤੱਕ ਦਾ ਸੀ। ਸਾਡੀ ਸੰਸਥਾ ਵਿਚ ਸ਼ਹਿਰੀ ਸਕੂਲ ਹੋਣ ਕਰਕੇ ਪਰਵਾਸੀ ਮਜ਼ਦੂਰਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਹਨ। ਮੈਂ ਕੰਟਰੋਲਰ ਦੀ ਭੂਮਿਕਾ ਨਿਭਾ ਰਿਹਾ ਸਾਂ। ਪਰਚਾ ਸ਼ੁਰੂ ਹੋਏ ਨੂੰ ਦਸ ਕੁ ਮਿੰਟ ਹੋਏ ਹੋਣਗੇ ਕਿ ਪ੍ਰੀਖਿਆ ਕੇਂਦਰ ਵਿੱਚੋਂ ਡਿਪਟੀ ਸੁਪਰਡੈਂਟ ਆ ਕੇ ਮੈਨੂੰ ਕਹਿਣ ਲੱਗੇ, ‘‘ਸਰ, ਤੁਹਾਡੇ ਸਕੂਲ ਦੀ ਇੱਕ ਸੁਮਨ ਨਾਂ ਦੀ ਵਿਦਿਆਰਥਣ ਪਰਚਾ ਦੇਣ ਨਹੀਂ ਆਈ।’’ ਮੈਂ ਅਜੇ ਉਸ ਗੈਰਹਾਜ਼ਰ ਕੁੜੀ ਬਾਰੇ ਪੁੱਛ-ਗਿੱਛ ਕਰ ਹੀ ਰਿਹਾ ਸੀ ਕਿ ਉਸ ਦੇ ਸੈਕਸ਼ਨ ਨੂੰ ਪੜ੍ਹਾਉਣ ਵਾਲੀ ਅਧਿਆਪਕਾ ਆ ਕੇ ਬੋਲੀ, ‘‘ਸਰ, ਮੇਰੀ ਜਮਾਤ ਦੀ ਸੁਮਨ ਅੱਜ ਪਰਚਾ ਦੇਣ ਨਹੀਂ ਪਹੁੰਚੀ। ਉਹ ਪੜ੍ਹਨ ਨੂੰ ਬਹੁਤ ਹੁਸ਼ਿਆਰ ਹੈ। ਉਸ ਨੂੰ ਕਿਵੇਂ ਨਾ ਕਿਵੇਂ ਬੁਲਾਉਣਾ ਚਾਹੀਦਾ ਹੈ।’’ ਮੈਂ ਅਧਿਆਪਕਾ ਨੂੰ ਕਿਹਾ, ‘‘ਬੇਟਾ ਤੁਸੀਂ ਉਸ ਨੂੰ ਫੋਨ ਕਰਕੇ ਵੇਖਣਾ ਸੀ।’’ ਅਧਿਆਪਕਾ ਨੇ ਕਿਹਾ, ‘‘ਸਰ ਫੋਨ ਉਸਦਾ ਬੰਦ ਆ ਰਿਹਾ ਹੈ… ਜੇ ਤੁਸੀਂ ਕਹੋ ਤਾਂ ਮੈਂ ਹੀ ਉਸ ਦੇ ਘਰ ਜਾ ਆਵਾਂ?’’ ਮੈਂ ਕਿਹਾ, ‘‘ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਪਰ ਕੀ ਤੈਨੂੰ ਉਸ ਦਾ ਘਰ ਪਤਾ ਹੈ?’’ ਤਾਂ ਅਧਿਆਪਕਾ ਨੇ ਕਾਹਲੀ ਨਾਲ ਜਾਂਦਿਆਂ ਜਵਾਬ ਦਿੱਤਾ ਕਿ ਉਹ ਘਰ ਤਾਂ ਲੱਭ ਹੀ ਲਵੇਗੀ।
ਅਧਿਆਪਕਾ ਉਸ ਨੂੰ ਲੈਣ ਲਈ ਚਲੀ ਗਈ। ਦਸ ਕੁ ਮਿੰਟ ਬਾਅਦ ਅਧਿਆਪਕਾ ਦਾ ਫੋਨ ਆ ਗਿਆ ਕਿ ‘ਉਸ ਦੀ ਮਾਂ ਕਹਿੰਦੀ ਹੈ ਕਿ ਉਹ ਘਰ ਤੋਂ ਪਰਚਾ ਦੇਣ ਲਈ ਜਾ ਚੁੱਕੀ ਹੈ। ਮੈਨੂੰ ਇੱਕ ਉੱਤਰੇ ਇੱਕ ਚੜ੍ਹੇ। ਮੇਰੇ ਮਨ ਵਿਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ। ਮੈਂ ਸੋਚ ਰਿਹਾ ਸੀ ਕਿ ਜੇ ਇਨ੍ਹਾਂ ਬੱਚਿਆਂ ਨੂੰ ਆਪਣੇ ਭਵਿੱਖ ਦਾ ਫ਼ਿਕਰ ਨਹੀਂ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ। ਮੈਂ ਸੋਚ ਹੀ ਰਿਹਾ ਸੀ ਕਿ ਉਹ ਕੁੜੀ ਸਕੂਲ ਅੰਦਰ ਆ ਬੜੀ। ਪਰਚੇ ਨੂੰ ਸ਼ੁਰੂ ਹੋਇਆਂ ਕੋਈ ਅੱਧਾ ਘੰਟਾ ਨਿਕਲ ਚੁੱਕਾ ਸੀ। ਮੈਂ ਉਸ ਤੋਂ ਕੁਝ ਪੁੱਛੇ ਬਿਨਾਂ ਹੀ ਉਸ ਨੂੰ ਪ੍ਰੀਖਿਆ ਕੇਂਦਰ ਅੰਦਰ ਛੱਡ ਆਇਆ ਤੇ ਕੇਂਦਰ ਸੁਪਰਡੈਂਟ ਨੂੰ ਕਹਿ ਆਇਆ ਕਿ ਕੁੜੀ ਪੜ੍ਹਨ ਵਿਚ ਕਾਫੀ ਹੁਸ਼ਿਆਰ ਹੈ, ਇਸ ਨੂੰ ਥੋੜ੍ਹਾ ਵਾਧੂ ਸਮਾਂ ਦੇ ਦਿਓ।
ਕੇਂਦਰ ਸੁਪਰਡੈਂਟ ਨੇ ਮੇਰੀ ਬੇਨਤੀ ਮੰਨ ਕੇ ਉਸ ਨੂੰ ਵਾਧੂ ਸਮਾਂ ਦੇ ਦਿੱਤਾ। ਕੁੜੀ ਨੂੰ ਘਰ ਜਾਂਦਿਆਂ ਵੇਖ ਮੈਂ ਉਸ ਨੂੰ ਗੁੱਸੇ ਨਾਲ ਆਪਣੇ ਕੋਲ ਬੁਲਾ ਕੇ ਦੋ ਚਾਰ ਗੱਲਾਂ ਕਹਿ ਦਿੱਤੀਆਂ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਹਿਸਾਬ ਅਧਿਆਪਕਾ ਨੂੰ ਪਤਾ ਸੀ ਕਿ ਮੈਂ ਕੁੜੀ ਨੂੰ ਜ਼ਰੂਰ ਗੁੱਸੇ ਹੋਵਾਂਗਾ। ਉਹ ਸਾਡੇ ਕੋਲ ਆ ਗਈ ਤੇ ਕੁੜੀ ਨੂੰ ਚੁੱਪ ਕਰਾਉਂਦਿਆਂ ਕਿਹਾ, ‘‘ਬੇਟਾ, ਤੇਰਾ ਹਿਸਾਬ ਦਾ ਪਰਚਾ ਸੀ, ਤੂੰ ਫੇਰ ਵੀ ਅੱਧਾ ਘੰਟਾ ਲੇਟ ਆਈ। ਤੈਨੂੰ ਪਤਾ ਨਹੀਂ ਸੀ ਤੇਰਾ ਸਮਾਂ ਖਰਾਬ ਹੋ ਜਾਵੇਗਾ? ਕੁੜੀ ਨੇ ਅਧਿਆਪਕਾ ਨੂੰ ਜੋ ਜਵਾਬ ਦਿੱਤਾ ਮੈਂ ਸੁੰਨ ਹੋ ਕੇ ਰਹਿ ਗਿਆ। ਮੈਂ ਵੀ ਉਸ ਨੂੰ ਬੜੇ ਪਿਆਰ ਨਾਲ ਰੋਣਾ ਬੰਦ ਕਰਨ ਲਈ ਕਿਹਾ। ਉਸ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਹਨ। ਉਨ੍ਹਾਂ ਦੀ ਮਾਂ ਘਰਾਂ ਦੀ ਸਾਫ ਸਫਾਈ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਪਿਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਮਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਡਾਕਟਰ ਨੇ ਉਸ ਨੂੰ ਘਰਾਂ ਵਿਚ ਕੰਮ ਕਰਨ ਤੋਂ ਨਾਂਹ ਕੀਤੀ ਹੋਈ ਹੈ।
ਹੁਣ ਉਹ ਤਿੰਨੇ ਭੈਣਾਂ ਮਾਂ ਦੀ ਥਾਂ ਕੰਮ ਕਰਨ ਜਾਂਦੀਆਂ ਹਨ। ਮੈਂ ਉਸ ਕੁੜੀ ਦੀ ਗੱਲ ਟੋਕਦਿਆਂ ਕਿਹਾ, ‘‘ਅੱਜ ਤੂੰ ਜਾਂ ਕੰਮ ’ਤੇ ਨਾ ਜਾਂਦੀ ਜਾਂ ਆਪਣੀ ਕਿਸੇ ਭੈਣ ਨੂੰ ਭੇਜ ਦੇਣਾ ਸੀ।’’ ਉਹ ਬੋਲੀ, ‘‘ਸਰ, ਜੇ ਅਸੀਂ ਘਰਾਂ ਵਿਚ ਕੰਮ ਕਰਨ ਨਹੀਂ ਜਾਂਦੇ ਤਾਂ ਘਰਾਂ ਵਾਲੇ ਕੰਮ ਦੇਣ ਤੋਂ ਮਨਾ ਕਰ ਦਿੰਦੇ ਹਨ। ਅੱਜ ਦੂਜੀਆਂ ਦੋ ਭੈਣਾਂ ਦਾ ਵੀ ਪੇਪਰ ਹੈ। ਅੱਜ ਕੰਮ ਤੇ ਜਾਣ ਦੀ ਬਾਰੀ ਮੇਰੀ ਸੀ। ਮਾਂ ਨੇ ਉਨ੍ਹਾਂ ਨੂੰ ਮੇਰੀ ਥਾਂ ’ਤੇ ਕੰਮ ’ਤੇ ਜਾਣ ਲਈ ਕਿਹਾ ਵੀ ਪਰ ਉਹ ਮੰਨੀਆਂ ਨਹੀਂ। ਉਹ ਵੀ ਮੈਡਮਾਂ ਤੋਂ ਡਰਦੀਆਂ ਨੇ।’’ ਮੈਂ ਉਸ ਨੂੰ ਅੱਗੋਂ ਕਿਹਾ, ‘‘ਬੇਟਾ ਤੈਨੂੰ ਕੰਮ ’ਤੇ ਪਹਿਲਾਂ ਚਲੇ ਜਾਣਾ ਚਾਹੀਦਾ ਸੀ ਜਾਂ ਫੇਰ ਪਰਚੇ ਤੋਂ ਬਾਅਦ।’’ ਮੇਰੀ ਗੱਲ ਸੁਣ ਕੇ ਉਹ ਬੋਲੀ, ‘‘ਸਰ ਕੰਮ ਤਿੰਨ ਘਰਾਂ ਦਾ ਹੁੰਦਾ ਹੈ। ਘਰਾਂ ਵਾਲੇ ਆਪਣੇ ਸਮੇਂ ਅਨੁਸਾਰ ਹੀ ਕੰਮ ਕਰਵਾਉਂਦੇ ਨੇ, ਜਾਂ ਹਟਾ ਦਿੰਦੇ ਨੇ।’’
ਕੁੜੀ ਦੀ ਸਾਰੀ ਦਾਸਤਾਨ ਸੁਣ ਕੇ ਹੁਣ ਮੇਰੇ ਕੋਲ ਕੋਈ ਸਵਾਲ ਨਹੀਂ ਬਚਿਆ ਸੀ। ਉਲਟਾ ਉਸ ਨੇ ਮੇਰੇ ਲਈ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਮੈਂ ਉਸ ਨੂੰ ਘਰ ਜਾਂਦੀ ਨੂੰ ਪੁੱਛਿਆ ਕਿ ਉਸ ਦਾ ਪਰਚਾ ਛੁੱਟ ਤਾਂ ਨਹੀਂ ਗਿਆ? ਜਵਾਬ ਉਸ ਨੇ ਨਹੀਂ ਸਗੋਂ ਗਣਿਤ ਅਧਿਆਪਕਾ ਨੇ ਦਿੱਤਾ, ‘‘ਸਰ, ਮੈਂ ਪਤਾ ਕਰ ਲਿਆ ਹੈ, ਇਸ ਨੇ ਸਾਰੇ ਬੱਚਿਆਂ ਤੋਂ ਪਹਿਲਾਂ ਪਰਚਾ ਕਰ ਲਿਆ ਸੀ। ਇਸ ਦੇ ਇੱਕ ਦੋ ਨੰਬਰ ਹੀ ਘੱਟ ਆਉਣਗੇ।’’ ਉਸ ਦਿਨ ਤੋਂ ਹੀ ਮੇਰੇ ਮਨ ਵਿਚ ਉਸ ਕੁੜੀ ਦਾ ਨਤੀਜਾ ਜਾਨਣ ਦੀ ਇੱਛਾ ਜਾਗ ਗਈ ਸੀ। ਉਸ ਦੇ ਗਣਿਤ ਦੇ ਵਿਸ਼ੇ ਦੇ 100 ਵਿੱਚੋਂ 97 ਅੰਕ ਆਏ ਸਨ ਤੇ ਉਹ ਸੈਕਸ਼ਨ ਵਿੱਚੋਂ ਫਸਟ ਆਈ ਸੀ। ਉਸ ਦਿਨ ਦੀ ਤਸਵੀਰ ਅਜੇ ਵੀ ਮੇਰੀਆਂ ਅੱਖਾਂ ਅੱਗੇ ਘੁੰਮ ਰਹੀ ਸੀ। ਮੈਂ ਆਪਣੀਆਂ ਦੋ ਤਿੰਨ ਅਧਿਆਪਕਾਵਾਂ ਨੂੰ ਕਹਿ ਕੇ ਉਸ ਦੀ ਬਾਰ੍ਹਵੀਂ ਦੀ ਪੜ੍ਹਾਈ ਦਾ ਸਾਰਾ ਖਰਚਾ ਉਸ ਨੂੰ ਨਹੀਂ ਕਰਨ ਦਿੱਤਾ।
ਉਹ ਘਰ ਦੀ ਤੰਗੀ ਕਾਰਨ ਪੜ੍ਹਾਈ ਛੱਡਣਾ ਚਾਹੁੰਦੀ ਸੀ ਪਰ ਅਸੀਂ ਰਲ ਮਿਲ ਕੇ ਉਸ ਦੀ ਇੱਛਾ ਅਨੁਸਾਰ ਉਸ ਨੂੰ ਆਪਣੇ ਸ਼ਹਿਰ ਵਿਚ ਨਰਸਿੰਗ ਦਾ ਕੋਰਸ ਕਰਵਾ ਦਿੱਤਾ। ਉਸ ਤੋਂ ਬਾਅਦ ਮੈ ਤਾਂ ਉਸ ਨੂੰ ਭੁੱਲ ਗਿਆ ਪਰ ਉਹ ਮੈਨੂੰ ਨਹੀਂ ਭੁੱਲੀ। ਮੈਂ ਆਪਣੀ ਪਤਨੀ ਨੂੰ ਸ਼ਹਿਰ ਦੇ ਇੱਕ ਹਸਪਤਾਲ ਵਿਚ ਵਿਖਾਉਣ ਲਈ ਗਿਆ। ਡਾਕਟਰ ਨੇ ਨਾ ਹੀ ਸਾਡੇ ਕੋਲੋਂ ਪਰਚੀ ਦੇ ਪੈਸੇ ਲਏ ਤੇ ਨਾ ਹੀ ਟੈਸਟਾਂ ਦੇ। ਮੈਂ ਬਹੁਤ ਹੈਰਾਨ ਸੀ ਕਿ ਮੈਂ ਡਾਕਟਰ ਨੂੰ ਜਾਣਦਾ ਤੱਕ ਨਹੀਂ ਫੇਰ ਉਹ ਮੈਥੋਂ ਪੈਸੇ ਕਿਉਂ ਨਹੀਂ ਲੈ ਰਿਹਾ। ਅਸੀਂ ਡਾਕਟਰ ਦੇ ਕਮਰੇ ਵਿੱਚੋਂ ਬਾਹਰ ਨਿਕਲੇ ਹੀ ਸਾਂ ਕਿ ਉਹ ਕੁੜੀ ਆ ਕੇ ਮੈਨੂੰ ਕਹਿਣ ਲੱਗੀ, ‘‘ਸਰ ਉਸ ਕਮਰੇ ਵਿਚ ਆ ਜਾਓ।’’ ਉਸ ਨੇ ਸਾਨੂੰ ਚਾਹ ਪੀਣ ਤੋਂ ਬਗੈਰ ਨਹੀਂ ਆਉਣ ਦਿੱਤਾ। ਉਸ ਕੁੜੀ ਨੇ ਡਾਕਟਰ ਨੂੰ ਮੇਰੇ ਕੋਲੋਂ ਕੋਈ ਪੈਸਾ ਨਹੀਂ ਲੈਣ ਨਹੀਂ ਦਿੱਤਾ ਸੀ। ਮੈਂ ਉਸ ਕੁੜੀ ਨੂੰ ਕਿਹਾ, ‘‘ਬੇਟਾ ਤੂੰ ਇਹ ਸਾਰਾ ਕੁੱਝ ਕਿਉਂ ਕੀਤਾ?’’ ਉਹ ਅੱਗੋਂ ਬੋਲੀ, ‘‘ਸਰ ਮੈਂ ਅੱਜ ਤੁਹਾਡੀ ਬਦੌਲਤ ਹੀ ਘਰਾਂ ਦੇ ਕੰਮਾਂ ਤੋਂ ਛੁਟਕਾਰਾ ਪਾ ਸਕੀਂ ਹਾਂ।’’ ਹੁਣ ਵੀ ਉਸ ਦਿਨ ਵਾਂਗ ਮੇਰੇ ਪਾਸ ਉਸ ਨੂੰ ਕੁਝ ਕਹਿਣ ਲਈ ਸ਼ਬਦ ਮੁੱਕ ਗਏ ਸਨ।
ਮਾਧਵ ਨਗਰ, ਨੰਗਲ ਟਾਊਨਸ਼ਿਪ।
ਸੰਪਰਕ: 98726-27136