ਗੁਰਚਰਨ ਸਿੰਘ ਨੂਰਪੁਰ
ਭਾਰਤ ਦੀ ਆਜ਼ਾਦੀ ਦੇ ਮਹਾਂਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ ਹਕੂਮਤ ਨੇ 23 ਮਾਰਚ 1931 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਅਹਿਮੀਅਤ ਹਰ ਦਿਨ ਵਧ ਰਹੀ ਹੈ। ਭਗਤ ਸਿੰਘ ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ ਤੱਕ ਮਕਬੂਲ ਹੈ। ਦੂਜੇ ਪਾਸੇ ਪੰਜਾਬ ਤੋਂ ਲੈ ਕੇ ਬਿਹਾਰ ਬੰਗਾਲ ਤੱਕ ਉਸ ਦਾ ਨਾਮ ਲੈ ਕੇ ਲੱਗਦੇ ਨਾਹਰਿਆਂ ਦੀ ਗੂੰਜ ਹਰ ਦਿਨ ਵਧ ਰਹੀ ਹੈ। ਪਾਕਿਸਤਾਨ ਵਿੱਚ ਵੀ ਉਸ ਨੂੰ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਭਗਤ ਸਿੰਘ ਇੱਕ ਤਰ੍ਹਾਂ ਨਾਲ ਆਜ਼ਾਦੀ ਦਾ ਚਿੰਨ੍ਹ ਬਣ ਗਿਆ ਹੈ। ਜਿੱਥੇ ਕਿਤੇ ਲੋਕ ਨਿਆਂ ਇਨਸਾਫ ਅਤੇ ਆਪਣੇ ਹੱਕਾਂ ਲਈ ਲੜਦੇ ਹਨ ਭਗਤ ਸਿੰਘ ਉੱਥੇ ਉੱਥੇ ਮੂਹਰਲੀ ਕਤਾਰ ਵਿੱਚ ਆ ਖੜ੍ਹਾ ਹੁੰਦਾ ਹੈ। ਹਰ ਜਬਰ ਦੇ ਖਿਲਾਫ ਉਹਦੇ ਦਿੱਤੇ ਨਾਹਰੇ ‘ਇਨਕਲਾਬ ਜ਼ਿੰਦਾਬਾਦ’ ਦੀ ਆਵਾਜ਼ ਗੂੰਜਦੀ ਹੈ।
ਬੇਸ਼ੱਕ ਅੰਗਰੇਜ਼ ਹਕੂਮਤ ਨੇ ਉਸ ਨੂੰ 23 ਮਾਰਚ 1931 ਨੂੰ ਸ਼ਹੀਦ ਕਰ ਦਿੱਤਾ ਪਰ ਲੋਕਮਨਾਂ ਵਿੱਚ ਉਹਦੀ ਸ਼ਖਸੀਅਤ ਹਰ ਦਿਨ ਬੁਲੰਦ ਹੁੰਦੀ ਆਈ ਹੈ, ਹੁੰਦੀ ਰਹੇਗੀ। ਭਗਤ ਸਿੰਘ ਦੀਆਂ ਲਿਖਤਾਂ ਅੱਜ ਵੀ ਲੱਖਾਂ ਭਾਰਤੀਆਂ ਦੇ ਮਨਾਂ ਨੂੰ ਟੁੰਬਦੀਆਂ ਹਨ। ਉਹ ਸ਼ਾਇਦ ਵੱਖਰੀ ਮਿੱਟੀ ਦਾ ਬਣਿਆ ਇਨਸਾਨ ਸੀ, ਜੋ ਨਿੱਕੀ ਜਿਹੀ ਉਮਰ ਵਿੱਚ ਵੱਡੀ ਕੁਰਬਾਨੀ ਕਰਨ ਦੇ ਨਾਲ ਨਾਲ ਮਾਨਵਵਾਦੀ ਵਿਚਾਰਧਾਰਾ ਭਾਰਤ ਵਾਸੀਆਂ ਨੂੰ ਦੇ ਕੇ ਗਿਆ, ਜੋ ਲੋਕ ਲੋਟੂ ਰਾਜ ਪ੍ਰਬੰਧ ਲਈ ਲੋਕ ਲਹਿਰ ਦੇ ਰੂਪ ਵਿੱਚ ਸਮੇਂ ਦੇ ਹਰ ਦੌਰ ਵਿੱਚ ਉਭਰਦੀ ਆਈ ਹੈ। ਉਹਦੀਆਂ ਲਿਖਤਾਂ ਅਤੇ ਵਿਚਾਰਧਾਰਾ ਦੀ ਸਾਰਥਿਕਤਾ ਆਜ਼ਾਦੀ ਦੇ ਦੌਰ ਵਿੱਚ ਹੀ ਨਹੀਂ ਸੀ ਸਗੋਂ ਅੱਜ ਵੀ ਹੈ, ਬਲਕਿ ਪਹਿਲਾਂ ਨਾਲੋਂ ਕਿਤੇ ਵੱਧ ਹੈ।
ਫਾਂਸੀ ਲੱਗਣ ਤੋਂ ਦੋ ਦਿਨ ਪਹਿਲਾਂ 20 ਮਾਰਚ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੇ ਪੰਜਾਬ ਦੇ ਉਸ ਸਮੇਂ ਗਵਰਨਰ ਨੂੰ ਇੱਕ ਚਿੱਠੀ ਲਿਖੀ, ਜਿਸ ਵਿਚ ਉਹਨੇ ਲਿਖਿਆ: ‘ਉਸ ਨੂੰ ਅਤੇ ਉਹਦੇ ਸਾਥੀਆਂ ਰਾਜਗੁਰੂ, ਸੁਖਦੇਵ ਨੂੰ ਬਰਤਾਨਵੀ ਸਰਕਾਰ ਖ਼ਿਲਾਫ ਜੰਗ ਛੇੜਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਲਈ ਯੁੱਧ ਅਪਰਾਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਫਾਂਸੀ ਦੀ ਬਜਾਏ ਗੋਲੀ ਨਾਲ ਉਡਾਇਆ ਜਾਵੇ।’ ਇਸ ਖਤ ਵਿੱਚ ਉਸ ਨੇ ਬੜੀ ਬੇਬਾਕੀ ਨਾਲ ਲਿਖਿਆ ਕਿ ਇਸ ਸਮੇਂ ਹਿੰਦੋਸਤਾਨੀਆਂ ਅਤੇ ਅੰਗਰੇਜ਼ ਹਕੂਮਤ ਦੀ ਜੰਗ ਚਲ ਰਹੀ ਹੈ, ਪਰ ਇਹ ਜੰਗ ਹਿੰਦੋਸਤਾਨੀਆਂ ਨੇ ਸ਼ੁਰੂ ਨਹੀਂ ਕੀਤੀ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੁੱਠੀ ਭਰ ਜੋਕਾਂ ਘਾਲ ਕਮਾਈ ਕਰਨ ਵਾਲੇ ਲੋਕਾਂ ਅਤੇ ਕੁਦਰਤੀ ਸਰੋਤਾਂ ਨੂੰ ਲੁੱਟਦੀਆਂ ਰਹਿਣਗੀਆਂ।
ਮਹਿਜ਼ 23 ਸਾਲ ਦੀ ਜ਼ਿੰਦਗੀ ਵਿੱਚ ਦੁਨੀਆਂ ਦੇ ਲੋਕਾਂ ਨੂੰ ਬਹੁਤ ਵੱਡਾ ਫਲਸਫਾ ਦੇ ਜਾਣਾ ਤੇ ਮਰਦੇ ਦਮ ਤੱਕ ਆਪਣੇ ਆਦਰਸ਼ਾਂ ’ਤੇ ਕਾਇਮ ਰਹਿਣਾ ਇਹ ਭਗਤ ਸਿੰਘ ਦੇ ਹੀ ਹਿੱਸੇ ਆਇਆ ਹੈ। 8 ਅਪਰੈਲ, 1929 ਨੂੰ ਜਦੋਂ ਅਸੈਂਬਲੀ ਹਾਲ ਵਿੱਚ ਬਿਲ ‘ਤੇ ਚਰਚਾ ਹੋ ਰਹੀ ਸੀ ਤਾਂ ਸਰ ਜੌਹਨ ਸਾਈਮਨ ਵੀ ਉਸ ਸਮੇਂ ਅਸੈਂਬਲੀ ਹਾਲ ਵਿੱਚ ਮੌਜੂਦ ਸੀ, ਜਦੋਂ ਭਗਤ ਸਿੰਘ ਤੇ ਬੀਕੇ ਦੱਤ ਨੇ ਬੰਬ ਸੁੱਟੇ ਅਤੇ ਦੋਹਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਬੁਲੰਦ ਕੀਤੇ। ਇੱਕ ਪੈਂਫਲਿਟ ਉਨ੍ਹਾਂ ਅਸੈਂਬਲੀ ਹਾਲ ਵਿੱਚ ਸੁੱਟਿਆ ਜਿਸ ਦਾ ਅਨੁਵਾਨ (ਸਿਰਲੇਖ) ਸੀ: ਬਹਿਰਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਜ਼ਰੂਰਤ ਹੁੰਦੀ ਹੈ। ਇਸ ਘਟਨਾ ਦੌਰਾਨ ਗ੍ਰਿਫਤਾਰ ਹੋਣ ਤੋਂ ਬਾਅਦ 6 ਜੂਨ, 1929 ਨੂੰ ਭਗਤ ਸਿੰਘ ਅਦਾਲਤ ਵਿੱਚ ਆਪਣਾ ਬਿਆਨ ਦਿੰਦਾ ਹੈ। ਉਹ ਆਖਦਾ ਹੈ ‘ਜਦੋਂ ਬੰਬ ਸੁੱਟੇ ਗਏ ਤਾਂ ਇਨ੍ਹਾਂ ਨੂੰ ਮਾਰੂ ਬਣਾ ਕੇ ਇਨ੍ਹਾਂ ਨਾਲ ਬੰਦੇ ਮਾਰੇ ਵੀ ਜਾ ਸਕਦੇ ਸਨ ਪਰ ਅਜਿਹਾ ਕਰਨਾ ਸਾਡੀ ਮਨਸ਼ਾ ਨਹੀਂ ਸੀ। ਉਸ ਸਮੇਂ ਸਰ ਜੌਹਨ ਸਾਈਮਨ ਪ੍ਰੈਜ਼ੀਡੈਂਟ ਗੈਲਰੀ ਵਿੱਚ ਬੈਠਾ ਹੋਇਆ ਸੀ। ਉਸ ਗੈਲਰੀ ਵਿੱਚ ਬੰਬ ਸੁੱਟੇ ਜਾ ਸਕਦੇ ਸਨ ਪਰ ਅਸੀਂ ਅਜਿਹਾ ਨਹੀਂ ਕੀਤਾ। ਸਾਡਾ ਕੰਮ ਕੇਵਲ ਬੋਲੀ ਸਰਕਾਰ ਦੇ ਕੰਨਾਂ ਤੱਕ ਇਨਕਲਾਬ ਦੀ ਗੂੰਜ ਪਹੁੰਚਾਉਣਾ ਸੀ। ਅਸੀਂ ਸਾਮਰਾਜੀ ਲੁਟੇਰਿਆਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਮੁੱਠੀ ਭਰ ਆਦਮੀਆਂ ਨੂੰ ਮਾਰ ਕੇ ਜਾਂ ਜੇਲ੍ਹਾਂ ਵਿੱਚ ਬੰਦ ਕਰਕੇ ਕਿਸੇ ਆਦਰਸ਼ ਨੂੰ ਦਬਾਇਆ ਨਹੀਂ ਜਾ ਸਕਦਾ।… ਆਜ਼ਾਦੀ ਸਭ ਦਾ ਜਨਮ ਸਿੱਧ ਅਧਿਕਾਰ ਹੈ। ਕਿਰਤ ਹੀ ਸਮਾਜ ਦੀ ਅਸਲੀ ਪਾਲਣਹਾਰ ਹੈ ਅਤੇ ਲੋਕਾਂ ਦੀ ਸ਼੍ਰੋਮਣੀ ਸੱਤਾ ਦੀ ਸਥਾਪਨਾ ਹੀ ਕਿਰਤੀ ਜਮਾਤ ਦਾ ਅੰਤਿਮ ਉਦੇਸ਼ ਹੈ।’ ਜਦੋਂ ਉਹ ਅਦਾਲਤ ਵਿੱਚ ਇਹ ਬਿਆਨ ਦੇ ਰਿਹਾ ਸੀ ਤਾਂ ਉਹ 21 ਸਾਲ ਦਾ ਨੌਜਵਾਨ ਸੀ। ਦੁਨੀਆਂ ਦੇ ਇਤਿਹਾਸ ਵਿੱਚ ਸ਼ਾਇਦ ਹੀ ਅਜਿਹਾ ਕਾਰਨਾਮਾ ਕਿਸੇ ਇੰਨੀ ਛੋਟੀ ਉਮਰ ਦੇ ਇਕਨਲਾਬੀ ਦੇ ਹਿੱਸੇ ਆਇਆ ਹੋਵੇ।
23 ਮਾਰਚ ਦੇ ਦਿਨ ਜਦੋਂ ਉਹ ਹੱਸ ਹੱਸ ਕੇ ਆਪਣੇ ਵਤਨ ਦੇ ਚੰਗੇ ਭਵਿੱਖ ਲਈ ਕੁਰਬਾਨ ਹੋਇਆ ਤਾਂ ਉਹ 23 ਸਾਲ 5 ਮਹੀਨੇ ਤੇ 27 ਦਿਨ ਦਾ ਸੀ। ਫਾਂਸੀ ਤੋਂ ਕੁਝ ਦਿਨ ਪਹਿਲਾਂ (ਕੁਝ ਇਤਿਹਾਸਕਾਰਾਂ ਅਨੁਸਾਰ 22 ਮਾਰਚ ਨੂੰ) ਭਗਤ ਸਿੰਘ ਨੂੰ ਜੇਲ੍ਹ ’ਚੋਂ ਬਾਹਰ ਕੱਢਣ ਦੀ ਸਾਰੀ ਸਕੀਮ ਬਣਾ ਲਈ ਗਈ ਪਰ ਜਦੋਂ ਇਸ ਲਈ ਭਗਤ ਸਿੰਘ ਤੋਂ ਆਗਿਆ ਮੰਗੀ ਤਾਂ ਇਸ ਦਾ ਜਵਾਬ ਭਗਤ ਸਿੰਘ ਨੇ ਲਿਖਤੀ ਰੂਪ ਵਿੱਚ ਦਿੱਤਾ, ਉਸ ਲਿਖਿਆ, ‘ਜਿਊਂਦੇ ਰਹਿਣ ਦੀ ਚਾਹ ਕੁਦਰਤੀ ਹੈ। ਮੇਰੇ ਵਿੱਚ ਵੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ ਪਰ ਇੱਕ ਸ਼ਰਤ ਹੈ।… ਮੇਰਾ ਨਾਮ ਇਨਕਲਾਬ ਦਾ ਚਿੰਨ੍ਹ ਬਣ ਚੁੱਕਿਆ ਹੈ। ਜੇ ਮੈਂ ਫਾਂਸੀ ਦੇ ਫੰਦੇ ਤੋਂ ਬਚਦਾ ਹਾਂ ਤਾਂ ਇਹ ਕਮਜ਼ੋਰੀ ਜੱਗ ਜ਼ਾਹਿਰ ਹੋ ਜਾਵੇਗੀ ਅਤੇ ਇਨਕਲਾਬ ਦੇ ਚਿੰਨ੍ਹ ‘ਤੇ ਦਾਗ਼ ਲੱਗ ਜਾਵੇਗਾ ਜਾਂ ਸ਼ਾਇਦ ਇਹ ਪੂਰੀ ਤਰ੍ਹਾਂ ਅਲੋਪ ਹੀ ਹੋ ਜਾਵੇ। ਦੂਜੇ ਪਾਸੇ ਮੈਂ ਫਾਂਸੀ ਦੇ ਤਖ਼ਤੇ ‘ਤੇ ਹੱਸਦਾ ਹੋਇਆ ਚੜ੍ਹਾਂਗਾ, ਉਸ ਨਾਲ ਭਾਰਤ ਦੀਆਂ ਮਾਵਾਂ ਨੂੰ ਪ੍ਰੇਰਨਾ ਮਿਲੇਗੀ ਅਤੇ ਉਹ ਚਾਹੁਣਗੀਆਂ ਕਿ ਉਨ੍ਹਾਂ ਦੇ ਬੱਚੇ ਭਗਤ ਸਿੰਘ ਬਣਨ। ਇਸ ਤਰ੍ਹਾਂ ਦੇਸ਼ ਲਈ ਜਿੰਦੜੀਆਂ ਵਾਰਨ ਵਾਲਿਆਂ ਦੀ ਗਿਣਤੀ ਬਹੁਤ ਵਧ ਜਾਵੇਗੀ।’
ਭਗਤ ਸਿੰਘ ਦੇ ਇਨ੍ਹਾਂ ਸ਼ਬਦਾਂ ’ਚੋਂ ਉਹਦੇ ਦੇਸ਼ ਦੇ ਲੋਕਾਂ ਲਈ ਕੁਰਬਾਨੀ ਦੇਣ ਦਾ ਜਜ਼ਬਾ ਝਲਕਦਾ ਹੈ। ਉਹਦੀ ਵਿਚਾਰਧਾਰਾ ਤੋਂ ਪਤਾ ਚਲਦਾ ਹੈ ਕਿ ਉਹ ਅਤੇ ਉਹਦੇ ਸਾਥੀਆਂ ਦੀ ਲੜਾਈ ਅੰਗਰੇਜ਼ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਤੱਕ ਸੀਮਤ ਨਹੀਂ ਸੀ। ਬਲਕਿ ਦੁਨੀਆਂ ਦੇ ਹਰ ਖਿੱਤੇ ਵਿੱਚ ਜਿੱਥੇ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਹੈ’ ਦਾ ਉਹ ਵਿਰੋਧ ਕਰਦਾ ਹੈ। ਅੱਜ ਜਦੋਂ ਸਾਡੇ ਮੁਲਕ ਵਿੱਚ ਨੌਜਵਾਨਾਂ ਦਾ ਭਵਿੱਖ ਖਤਮ ਕਰ ਦਿੱਤਾ ਗਿਆ ਹੈ। ਜਨਤਕ ਅਦਾਰਿਆਂ ਦੀ ਲੁੱਟ ਮੱਚੀ ਹੋਈ ਹੈ। ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ, ਪੂੰਜੀਪਤੀਆਂ ਦੇ ਮੁਨਾਫਿਆਂ ਲਈ ਸਰਕਾਰਾਂ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਦੂਜੇ ਪਾਸੇ ਆਜ਼ਾਦੀ ਦੇ 74 ਸਾਲ ਬੀਤ ਜਾਣ ਬਾਅਦ ਵੀ ਦੇਸ਼ ਦੇ ਲੱਖਾਂ ਲੋਕ ਰੋਟੀ ਦੀ ਲੜਾਈ ਲੜ ਰਹੇ ਹਨ। ਧਰਮਾਂ, ਮਜ਼ਹਬਾਂ ਦੇ ਮਸਲੇ ਖੜ੍ਹੇ ਕਰਕੇ ਲੋਕਾਂ ਵਿੱਚ ਵੰਡੀਆਂ ਪਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਦੇਸ਼ ਦੇ ਹਰ ਨਾਗਰਿਕ ਹਰ ਨੌਜਵਾਨ ਤੱਕ ਪਹੁੰਚਾਉਣਾ ਇਕ ਅਣਸਰਦੀ ਲੋੜ ਹੈ।
ਸੰਪਰਕ: 98550-51099