ਕਿਹੋ ਜਿਹੀ ਹੋਵੇ ਨਵੀਂ ਦੁਨੀਆਂ ਦੀ ਲੀਡਰਸ਼ਿਪ

ਕਿਹੋ ਜਿਹੀ ਹੋਵੇ ਨਵੀਂ ਦੁਨੀਆਂ ਦੀ ਲੀਡਰਸ਼ਿਪ

ਡਾ. ਅਸ਼ਵਨੀ ਕੁਮਾਰ*

ਸੁਖਮਈ ਜ਼ਿੰਦਗੀ ਜਿਊਂ ਰਹੇ ਦੁਖੀ ਸੰਸਾਰ ਨੂੰ ਇਕ ਮਹਾਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਹੈ। ਇਕ ਅਜਿਹੀ ਮਹਾਮਾਰੀ ਜਿਸ ਦੀ ਭਿਆਨਕ ਪਹੁੰਚ ਅੱਜ ਇਨਸਾਨੀਅਤ ਦੀ ਜ਼ਿੰਦਾ ਰਹਿਣ ਦੀ ਸਾਂਝੀ ਸਮਰੱਥਾ ਦਾ ਮਜ਼ਾਕ ਉਡਾ ਰਹੀ ਹੈ ਅਤੇ ਇਹ ਦੁਨੀਆਂ ਸਾਡੇ ਸਾਂਝੇ ਭਵਿੱਖ ਸਬੰਧੀ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਤਰਸ ਰਹੀ ਹੈ। ਆਲਮੀ ਢਾਂਚੇ ਦੀਆਂ ਜ਼ਾਹਰਾ ਤੇ ਵਧਦੀਆਂ ਹੋਈਆਂ ਨਾਬਰਾਬਰੀਆਂ ਨੂੰ ਵਾਇਰਸ ਅਤੇ ਡਿਜੀਟਲ ਵੰਡ ਨੇ ਹੋਰ ਹਵਾ ਦਿੱਤਾ ਹੈ। ਇਹ ਨਾਬਰਾਬਰੀਆਂ ਨਾਕਾਮ ਲੀਡਰਸ਼ਿਪ ਤੇ ਦਹਿ-ਸਦੀ ਦੇ ਨਾਕਾਮ ਵਿਕਾਸ ਟੀਚਿਆਂ ਦੀ ਕਹਾਣੀ ਬਿਆਨਦੀਆਂ ਹਨ।

ਇਸ ਮੌਕੇ ਲੀਡਰਸ਼ਿਪ ਉੱਤੇ ਉਠਿਆ ਇਹ ਵਾਜਬ ਸਵਾਲ, ਕਿਸੇ ਹੋਰ ਮੌਕੇ ਸ਼ਾਇਦ ਹੀ ਇੰਨਾ ਢੁਕਵਾਂ ਹੋਵੇ। ਇਤਿਹਾਸ ਮੁੜ ਸਾਨੂੰ ਇਹ ਇਸ਼ਾਰਾ ਦੇ ਰਿਹਾ ਹੈ ਕਿ ਅਸੀਂ ਅਜਿਹੀ ਲੀਡਰਸ਼ਿਪ ਭਾਲੀਏ ਜਿਹੜੀ ਸਾਰਿਆਂ ਨੂੰ ਖ਼ੁਸ਼ਹਾਲ ਤੇ ਸੁਰੱਖਿਅਤ ਭਵਿੱਖ ਦੇ ਸਕੇ; ਜਿਹੜਾ ਸਾਡੀ ਇਨਸਾਨੀਅਤ ਨੂੰ ਪ੍ਰੀਭਾਸ਼ਿਤ ਕਰਨ ਵਾਲੀਆਂ ਕਦਰਾਂ-ਕੀਮਤਾਂ ਨਾਲ ਲਬਰੇਜ਼ ਹੋਵੇ। ਕੋਈ ਭਾਵੇਂ ਇਸ ਸੋਚ ਦਾ ਧਾਰਨੀ ਹੋਵੇ ਕਿ ਇਤਿਹਾਸ ਆਪੋ-ਆਪਣੇ ਸਮੇਂ ਦੇ ਮਹਾਨ ਮਰਦਾਂ-ਔਰਤਾਂ ਦੀਆਂ ਪ੍ਰਾਪਤੀਆਂ ਦਾ ਬਿਰਤਾਂਤ ਹੈ, ਜਾਂ ਕੋਈ ਸੋਚਦਾ ਹੈ ਕਿ ‘ਉਹ ਆਪਣੀ ਮਰਜ਼ੀ ਮੁਤਾਬਿਕ ਇਤਿਹਾਸ ਨਹੀਂ ਰਚਦੇ ਸਗੋਂ ਮੌਕੇ ਦੇ ਹਾਲਾਤ ਮੁਤਾਬਿਕ ਕਾਰਜ ਕਰਦੇ ਹਨ’ ਪਰ ਪਰਿਵਰਤਨਸ਼ੀਲ ਪਲਾਂ ਦੌਰਾਨ ਲੀਡਰਸ਼ਿਪ ਦਾ ਕੇਂਦਰੀ ਧੁਰਾ ਸਦਾ ਹੀ ਕਾਇਮ ਰਹਿੰਦਾ ਹੈ। ਜਿਵੇਂ ਵਿਲ ਡੂਰੈਂਟ ਸਾਨੂੰ ਚੇਤੇ ਕਰਵਾਉਂਦਾ ਹੈ, “ਲੀਡਰ ਇਤਿਹਾਸ ਦੀ ਜਿੰਦ-ਜਾਨ ਹੁੰਦੇ ਹਨ ਅਤੇ ਸਿਆਸਤ ਤੇ ਸਨਅਤ ਇਸ ਦੀ ਕਾਇਆ ਹੁੰਦੀ ਹੈ।” ਆਪਣੀ ਯਾਦਗਾਰੀ ਲਿਖਤ ‘ਏ ਸਟੱਡੀ ਔਫ ਹਿਸਟਰੀ’ ਵਿਚ ਆਰਨਲਡ ਟੋਇਨਬੀ ਵੀ ਅਜਿਹੀ ਹੀ ਗੱਲ ਆਖਦਾ ਹੈ ਕਿ ਸਭਿਅਤਾਵਾਂ ਦੀ ਚੜ੍ਹਤ ਅਤੇ ਇਨ੍ਹਾਂ ਦਾ ਨਿਘਾਰ ਸਮੇਂ ਸਮੇਂ ਆਉਂਦੀਆਂ ਚੁਣੌਤੀਆਂ ਅਤੇ ਉਨ੍ਹਾਂ ਪ੍ਰਤੀ ਸਾਡੇ ਹੁੰਗਾਰੇ ਦਾ ਇਤਿਹਾਸ ਹੈ। ਸਪੱਸ਼ਟ ਹੈ ਕਿ ਲੀਡਰਸ਼ਿਪ ਦਾ ਸਵਾਲ ਇਸ ਪ੍ਰਸੰਗ ਤੋਂ ਵੱਖਰਾ ਨਹੀਂ।

ਮੌਜੂਦਾ ਦ੍ਰਿਸ਼ਾਵਲੀ ਦਾ ਸਰਵੇਖਣ ਡਰਾਉਣ ਅਤੇ ਨਿਰਾਸ਼ ਕਰਨ ਵਾਲਾ ਹੈ। ਜਮਹੂਰੀਅਤਾਂ ਦਾ ਆਲਮੀ ਪੱਧਰ ਉੱਤੇ ਪਿਛਲਖੁਰੀ ਹੋਣਾ, ਮਹਿਜ਼ ਸੱਤਾ ਪ੍ਰਾਪਤੀ ਦੀ ਧੁਨ ਵਿਚ ਲਾਜ਼ਮੀ ਨੀਤੀ ਸ਼ਾਸਤਰ ਨੂੰ ਭੁਲਾ ਦੇਣਾ, ਸੰਸਥਾਈ ਯੋਗਤਾ ਦਾ ਸੰਕਟ ਅਤੇ ਸਖ਼ਤ ਪਰ ਲਾਜ਼ਮੀ ਫ਼ੈਸਲਿਆਂ ਲਈ ਸਿਆਸੀ ਸਰਬਸੰਮਤੀ ਜੁਟਾਉਣ ਦੀ ਚੁਣੌਤੀ ਆਦਿ ਜਮਹੂਰੀਅਤ ਦੇ ਮੁੜ ਉਭਾਰ ਦੀਆਂ ਐਲਾਨੀਆਂ ਧਾਰਨਾਵਾਂ ਉੱਤੇ ਸਵਾਲ ਖੜ੍ਹੇ ਕਰਦੇ ਹਨ। ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੌਮਾਂਤਰੀ ਸਹਿਯੋਗੀ ਉੱਦਮ ਦੇ ਟਾਕਰੇ ਵਿਚ ‘ਕੱਟੜ ਦੇਸ਼ਭਗਤੀ/ਜੰਗਬਾਜ਼ੀ ਵਾਲੇ ਰਾਸ਼ਟਰਵਾਦ’ ਦਾ ਉਭਾਰ, ਨਾਗਰਿਕ ਅਧਿਕਾਰਾਂ ਦੀ ਰੱਖਿਆ ਅਤੇ ਆਦਰ ਦੀ ਮੰਗ ਦਾ ਵਿਗੜਿਆ ਤਵਾਜ਼ਨ, ਅਣਕਿਆਸਿਆ ਆਲਮੀ ਵਿੱਤੀ ਸੰਕਟ ਜਿਸ ਨੇ ਕੌਮੀ ਅਰਥਚਾਰਿਆਂ ਨੂੰ ਬਚਾਉਣ ਦੀ ਸਾਡੀ ਸਮੂਹਿਕ ਸਮਰੱਥਾ ਨੂੰ ਘਟਾਇਆ ਹੈ, ਕਰੋੜਾਂ ਨੌਕਰੀਆਂ ਜਾਣ ਕਾਰਨ ਕਿਰਤ ਮਾਲੀਏ ਵਿਚ 3.4 ਦਹਿ ਖਰਬ ਡਾਲਰ ਦਾ ਘਾਟਾ, ਵਧੀਆਂ ਭੂ-ਸਿਆਸੀ ਖਹਿਬਾਜ਼ੀਆਂ, ਨਸਲਵਾਦ, ਪਰਦੇਸੀਆਂ ਪ੍ਰਤੀ ਘ੍ਰਿਣਾ ਅਤੇ ਵਾਤਾਵਰਨ ਬਦਲਾਅ ਦੀ ਚੁਣੌਤੀ ਪ੍ਰਤੀ ਸਾਂਝੇ ਆਲਮੀ ਪ੍ਰਤੀਕਰਮ ਦੀ ਅਫ਼ਸੋਸਨਾਕ ਗੈਰਮੌਜੂਦਗੀ- ਸਮੂਹਿਕ ਤੌਰ ਤੇ ਸਮਾਜਿਕ ਅਸਥਿਰਤਾ ਅਤੇ ਸਿਆਸੀ ਗੜਬੜ ਦੀ ਸੰਭਾਵਨਾ ਬਣਾਉਂਦੇ ਹਨ। ‘ਨਿਗਰਾਨੀ ਕਰ ਰਹੇ ਸਟੇਟ’ ਵੱਲੋਂ ਡਿਜੀਟਲ ਤਕਨੀਕਾਂ ਅਤੇ ਮਸਨੂਈ ਬੁੱਧੀ ਦੀ ਨਾਜਾਇਜ਼ ਵਰਤੋਂ ਰਾਹੀਂ ਨਿੱਜੀ ਖੇਤਰ ਵਿਚ ਵਧਦੀ ਮੁਦਾਲਖ਼ਤ ਨੈਤਿਕਤਾ ਉੱਪਰ ਕਾਰਜ-ਕੁਸ਼ਲਤਾ ਅਤੇ ਅਸੂਲ ਉੱਪਰ ਸ਼ਕਤੀ ਦੇ ਨੁਕਸਦਾਰ ਗਲਬੇ ਬਾਰੇ ਪ੍ਰੇਸ਼ਾਨ ਕਰਨ ਵਾਲੇ ਸੁਆਲ ਖੜ੍ਹੇ ਕਰਦੀ ਹੈ। ਮਨੁੱਖਤਾ ਦੇ ਵੱਡੇ ਹਿੱਸੇ ਦੇ ਸਮੁੱਚੇ ਤੌਰ ਤੇ ਸੁਖਾਵੇਂ ਸਮਝੇ ਜਾਂਦੇ ਤਕਨੀਕੀ ਸ਼ਕਤੀਕਰਨ ਦੇ ਉਲਟ ਡਿਜੀਟਲ ਨਾਬਰਾਬਰੀ, ਗਿਣਤੀ-ਮਿਣਤੀ ਆਧਾਰਿਤ ਮੰਚਾਂ ਦੀ ਸਰਬਵਿਆਪਕਤਾ ਅਤੇ ਨਿੱਜੀ ਸੂਚਨਾ ਦੀ ਵਪਾਰਕ ਕੰਮਾਂ ਲਈ ਪ੍ਰਾਪਤੀ ਨਿੱਜਤਾ ਦੇ ਅਧਿਕਾਰਾਂ ਅਤੇ ਮਨੁੱਖੀ ਮਾਣ-ਮਰਿਆਦਾ ਦੀ ਬੇਰੋਕ ਉਲੰਘਣਾ ਅਸ਼ਾਂਤ ਕਰ ਦੇਣੇ ਵਾਲੇ ਸਵਾਲ ਖੜ੍ਹੇ ਕਰਦੀ ਹੈ।

ਖ਼ੁਦਮੁਖ਼ਤਾਰ ਵਿਵਸਥਾਵਾਂ ਲਈ ਜਵਾਬਦੇਹੀ ਸਬੰਧੀ ਮਸਲੇ, ਸਾਈਬਰ ਸੁਰੱਖਿਆ ਸਬੰਧੀ ਆਲਮੀ ਪੱਧਰ ਉੱਤੇ ਲਾਗੂ ਕਰਨ ਯੋਗ ਨਿਯਮਾਂ ਦੀ ਅਣਹੋਂਦ, ਸੋਸ਼ਲ ਮੀਡੀਆ ਰਾਹੀਂ ਕੀਤਾ ਜਾ ਰਿਹਾ ਫ਼ਿਰਕੂ ਧਰੁਵੀਕਰਨ ਅਤੇ ਭੜਕਾਈ ਜਾਂਦੀ ਹਿੰਸਾ ਹੱਕਾਂ ਦੇ ਯੁੱਗ ਵਿਚ ਆਜ਼ਾਦੀ ਅਤੇ ਮਾਣ-ਮਰਿਆਦਾ ਦੇ ਭਵਿੱਖ ਸਬੰਧੀ ਸਵਾਲ ਖੜ੍ਹੇ ਕਰਦੀ ਹੈ। ਨਵੇਂ ਵਿਚਾਰਧਾਰਕ ਵਿਰੋਧਾਂ ਵਜੋਂ ਡਿਜੀਟਲ ‘ਕੋਡ ਜੰਗਾਂ’ ਅੱਜਕੱਲ੍ਹ ਦੁਨੀਆਂ ਵਿਚ ਵੰਡੀਆਂ ਪਾਉਣ ਦੇ ਸਮਰੱਥ ਹਨ। ਸਾਡੇ ਸਮਾਜਿਕ ਅਤੇ ਸਿਆਸੀ ਜੀਵਨ ਉੱਤੇ ਤਕਨੀਕ ਦੇ ਪ੍ਰਭਾਵ ਨੂੰ ਕੰਟਰੋਲ ਕਰਨ ਵਿਚ ਸਟੇਟ ਦੀ ਘਟਦੀ ਭੂਮਿਕਾ ਸਮਾਜਿਕ ਇਕਰਾਰ ਦੇ ਮੁੱਢਲੇ ਸਰੂਪ ਉੱਤੇ ਪ੍ਰਸ਼ਨ ਚਿੰਨ੍ਹ ਹਨ। ਇਹ ‘ਲੁਕਵਾਂ ਡਰ’ ਜਮਹੂਰੀ ਰਾਜ ਦੇ ਵਿਚਾਰ ਲਈ ਚੁਣੌਤੀ ਹੈ।

ਮੁੜ-ਵਿਵਸਥਿਤ ਅਤੇ ਅਣਕਿਆਸੀਆਂ ਤਬਦੀਲੀਆਂ ਭਰੀ ਨਵੀਂ ਦੁਨੀਆਂ ਲਈ ਬੇਮਿਸਾਲ ਲੀਡਰਸ਼ਿਪ ਦੀ ਲੋੜ ਹੋਵੇਗੀ ਜੋ ਨੈਤਿਕ ਚੌਖਟੇ ਵਿਚ ਕਾਰਜ ਕਰਦਿਆਂ ਗਿਆਨ ਦੀ ਵਰਤੋਂ ਕਰਕੇ ਨਵੇਂ ਯੁੱਗ ਦੀਆਂ ਚੁਣੌਤੀਆਂ ਨਾਲ ਨਜਿੱਠੇ। ਵੱਖੋ-ਵੱਖਰੇ ਸਾਂਚਿਆਂ ਵਿਚ ਢਲੇ ਲੀਡਰਾਂ ਤੋਂ ਸੌੜੇ ਰਾਸ਼ਟਰਵਾਦ ਰਾਹੀਂ ਮਹਿਜ਼ ਸੱਤਾ ਪ੍ਰਾਪਤੀ ਲਈ ਕਾਰਜ ਕਰਨ ਦੀ ਥਾਂ ਆਪੋ-ਆਪਣੇ ਨੈਤਿਕ ਤੌਰ ਤੇ ਦਰੁਸਤ ਰਸਤੇ ਅਖਤਿਆਰ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ। ਉਨ੍ਹਾਂ ਤੋਂ ਲੋਕਾਂ ਦੀ ਸਮੂਹਿਕ ਚੇਤਨਾ ਨੂੰ ਮੋੜਾ ਦੇਣ ਦੇ ਸਮਰੱਥ ਹੋਣ ਦੀ ਉਮੀਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸੱਤਾ ਦੀ ਵਰਤੋਂ ਲੋਕਾਂ ਦੀ ਭਾਵਨਾਵਾਂ ਦੇ ਅਨੁਕੂਲ ਕਰਨੀ ਚਾਹੀਦੀ ਹੈ। ਵਿਰੋਧਾਂ ਅਤੇ ਅਨਿਆਂ ਨਾਲ ਭਰੇ ਸਮਾਜ ਵਿਚ ਲੀਡਰਸ਼ਿਪ ਦਬਿਆਂ-ਕੁਚਲਿਆਂ ਦੀ ਭਵਿੱਖ ਪ੍ਰਤੀ ਆਸ ਜਗਾਉਣ ਦੇ ਨਾਲ ਨਾਲ ਸਥਿਰ ਸਿਆਸੀ ਸਰਬਸੰਮਤੀ ਕਾਇਮ ਕਰਨ ਦੇ ਸਮਰੱਥ ਹੋਣੀ ਚਾਹੀਦੀ ਹੈ।

ਅਜੋਕੀ ਲੀਡਰਸ਼ਿਪ ਦੇ ਨੇਕਨੀਅਤੀ, ਦ੍ਰਿੜ੍ਹ ਇਰਾਦੇ ਵਾਲੀ, ਹਉਮੈ ਤਿਆਗ ਕੇ ਨਿਮਾਣੀ ਅਤੇ ਨੈਤਿਕ ਗੁਣਾਂ ਦੀ ਧਾਰਨੀ ਹੋਣ ਦੀ ਬਹੁਤ ਲੋੜ ਹੈ। ਲੀਡਰਸ਼ਿਪ ਤੁੱਛ ਨਿੱਜੀ ਹਿੱਤਾਂ ਤੋਂ ਉੱਪਰ ਉੱਠੀ ਅਤੇ ਬੌਧਿਕ ਤੌਰ ਤੇ ਗਹਿਰਾਈ ਨਾਲ ਚਿੰਤਨ ਕਰਨ ਦੇ ਕਾਬਲ ਹੋਵੇ ਤਾਂ ਜੋ ਆਲਮੀ ਪੱਧਰ ਉੱਤੇ ਵਿਚਾਰਾਂ ਦੀ ਜੰਗ ਵਿਚ ਅਗਵਾਈ ਕਰ ਸਕੇ। ਸਾਨੂੰ ਦਰਪੇਸ਼ ਪਰੇਸ਼ਾਨ ਕਰਨ ਵਾਲੇ ਸਵਾਲਾਂ ਦੇ ਸਨਮੁੱਖ ਹੋਣ ਲਈ ਲੀਡਰਸ਼ਿਪ ਵਿਚ ਹੰਕਾਰ, ਅਗਿਆਨ, ਸ਼ੇਖੀਖੋਰੀ ਅਤੇ ਸਵਾਰਥ ਸਿੱਧੀ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਔਗੁਣ ਨਾ ਹੋਣ। ਸੱਚੀ ਲੀਡਰਸ਼ਿਪ ਅਜੋਕੇ ਮਸਲਿਆਂ ਪ੍ਰਤੀ ਇੰਨੀ ਦਿਆਨਦਾਰ ਹੋਵੇ ਕਿ ਇਸ ਨੂੰ ਕਿਸੇ ਵੀ ਮਾਮਲੇ ਵਿਚ ਲੋਕਾਂ ਅੱਗੇ ਅੱਖ ਨੀਵੀਂ ਨਾ ਕਰਨੀ ਪਵੇ। ਸਿਆਸਤ ਸਿਰਫ਼ ਉੱਚੇ ਨੈਤਿਕ ਮੰਤਵਾਂ ਨੂੰ ਪ੍ਰਣਾਈ ਹੋਵੇ।

ਅਜੋਕੇ ਹੋਂਦਵਾਦੀ ਸਵਾਲ ਉਦਾਰ, ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਅਤੇ ਸਚਮੁੱਚ ਸਮਾਨਤਾਵਾਦੀ ਵਿਵਸਥਾ ਕਾਇਮ ਕਰਨ ਵਾਲੀ ਲੀਡਰਸ਼ਿਪ ਦੀ ਅਹਿਮੀਅਤ ਨੂੰ ਦ੍ਰਿੜ੍ਹ ਕਰਵਾਉਂਦੇ ਹਨ। ਹੁਣ ਸਮਾਂ ਅਜਿਹੀ ਲੀਡਰਸ਼ਿਪ ਦਾ ਹੀ ਹੈ। ਜਿਹੜੇ ਹੁਣ ਇਸ ਰਾਹ ਤੁਰਨਾ ਚਾਹੁੰਦੇ ਹਨ, ਉਨ੍ਹਾਂ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਅਤੇ ਸਿੱਖਣ ਲਈ ਸਬਕ ਵੀ ਹੋਣਗੇ।
*ਲੇਖਕ ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All