ਅਮਰਿੰਦਰ ਸਿੰਘ ਮਾਨ
ਤੰਗੀਆਂ-ਤੁਰਸ਼ੀਆਂ ਨਾਲ ਜੂਝਦਿਆਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੈਂਕ ਵਿਚ ਅਫਸਰ ਵਜੋਂ ਚੋਣ ਹੋ ਗਈ। ਪਹਿਲੀ ਤਾਇਨਾਤੀ ਲਹਿਰਾਗਾਗਾ ਨੇੜੇ ਇੱਕ ਪਿੰਡ ਵਿਚ ਸੀ। ਸਾਧਾਰਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਬੈਂਕ ਵਿਚ ਆਉਂਦੇ ਲੋਕ ਮੈਨੂੰ ਆਪਣੇ ਹੀ ਮਹਿਸੂਸ ਹੁੰਦੇ। ਲੋਕਾਂ ਨਾਲ ਅਪਣੱਤ ਭਰੇ ਵਿਹਾਰ ਕਰ ਕੇ ਬਹੁਤਿਆਂ ਨਾਲ ਨੇੜਤਾ ਬਣ ਗਈ, ਭਾਵੇਂ ਬੈਂਕ ਦੇ ਕੁਝ ਮੁਲਾਜ਼ਮ ਇਸ ਨੂੰ ਪਸੰਦ ਨਾ ਕਰਦੇ। ਉਹਨਾਂ ਦਿਨਾਂ ਵਿਚ ਹਰ ਮਹੀਨੇ ਬੁਢਾਪਾ ਪੈਨਸ਼ਨ ਬੈਂਕ ਖਾਤਿਆਂ ਵਿਚ ਆਉਣੀ ਸ਼ੁਰੂ ਹੋਈ ਸੀ। ਪੈਨਸ਼ਨ ਆਉਂਦੀ ਤਾਂ ਕਈ ਦਿਨ ਬਜ਼ੁਰਗਾਂ ਦਾ ਬੈਂਕ ਵਿਚ ਮੇਲਾ ਲੱਗਿਆ ਰਹਿੰਦਾ। ਚਾਰ ਕੁ ਦਿਨ ਬਹੁਤ ਭੀੜ ਰਹਿੰਦੀ। ਹਰ ਮਹੀਨੇ ਹੀ ਅਜਬ ਵਰਤਾਰਾ ਦੇਖਣ ਨੂੰ ਮਿਲਦਾ। ਇੱਕ ਬਿਰਧ ਬੇਬੇ ਹੱਥ ਜੋੜ ਕੇ ਬੈਂਕ ਆਉਂਦੀ ਅਤੇ ਪੈਨਸ਼ਨ ਦੀ ਮੰਗ ਕਰਦੀ। ਬ੍ਰਾਂਚ ਵਿਚ ਕੁਝ ਰੌਲਾ ਜਿਹਾ ਪੈਂਦਾ ਅਤੇ ਬੇਬੇ ਨੂੰ ਵਾਪਸ ਤੋਰ ਦਿੱਤਾ ਜਾਂਦਾ। ਇੱਕ ਵਾਰ ਬੇਬੇ ਆਈ, ਉਸ ਦੇ ਹੱਥ ਵਿਚ ਕਾਗ਼ਜ਼ ਦਾ ਟੁਕੜਾ ਸੀ। ਸਕਿਓਰਿਟੀ ਗਾਰਡ ਉਸ ਨੂੰ ਮੈਨੇਜਰ ਕੋਲ ਲੈ ਗਿਆ। ਇਸ ਵਾਰ ਵੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਮੇਰੀ ਸੀਟ ਕੈਸ਼ੀਅਰ ਕੈਬਿਨ ਦੇ ਨਾਲ ਹੀ ਸੀ। ਜਿਹੜਾ ਵੀ ਸ਼ਖ਼ਸ ਪੈਨਸ਼ਨ ਲੈ ਕੇ ਜਾਂਦਾ, ਮੈਂ ਉਸ ਨੂੰ ਦੇਖ ਸਕਦਾ ਸੀ। ਬੇਬੇ ਚਾਰ-ਪੰਜ ਮਹੀਨੇ ਤੋਂ ਹਰ ਵਾਰ ਆ ਰਹੀ ਸੀ ਪਰ ਉਸ ਨੂੰ ਖਾਲੀ ਹੱਥ ਪਰਤਣਾ ਪੈਂਦਾ।
ਇੱਕ ਦਿਨ ਮੈਨੇਜਰ ਸਾਹਿਬ ਛੁੱਟੀ ’ਤੇ ਸਨ ਅਤੇ ਉਹ ਬੇਬੇ ਮੇਰੇ ਕੋਲ ਆਈ। ਉਹਦੀਆਂ ਅੱਖਾਂ ਵਿਚ ਤਰਲਾ ਸੀ। ਪੁੱਛਣ ’ਤੇ ਪਤਾ ਲੱਗਿਆ ਕਿ ਬੇਬੇ ਕੋਲ ਬੈਂਕ ਖਾਤੇ ਦੀ ਕਾਪੀ ਨਹੀਂ ਅਤੇ ਨਾ ਹੀ ਖਾਤਾ ਨੰਬਰ ਯਾਦ ਹੈ। ਮੈਂ ਬੇਬੇ ਨੂੰ ਆਧਾਰ ਕਾਰਡ ਲੈ ਕੇ ਆਉਣ ਲਈ ਕਿਹਾ। ਬੇਬੇ ਨੇ ਜਵਾਬ ਦਿੱਤਾ ਕਿ ਗੁੰਮ ਹੋ ਗਿਆ ਹੈ। ਮੈਂ ਕੋਈ ਹੋਰ ਸ਼ਨਾਖ਼ਤੀ ਕਾਰਡ ਮੰਗਿਆ, ਜਵਾਬ ਆਇਆ ਕਿ ਉਸ ਕੋਲ ਕੋਈ ਵੀ ਸ਼ਨਾਖ਼ਤੀ ਕਾਰਡ ਨਹੀਂ। ਇਹ ਜਵਾਬ ਸੁਣ ਕੇ ਦਿਮਾਗ ਅੰਦਰ ਸ਼ੱਕ ਪੈਦਾ ਹੋਇਆ ਕਿ ਕਿਤੇ ਬੇਬੇ ਕਿਸੇ ਹੋਰ ਦੀ ਪੈਨਸ਼ਨ ਤਾਂ ਨਹੀਂ ਲੈਣਾ ਚਾਹੁੰਦੀ! ਖ਼ੈਰ! ਬੇਬੇ ਦੀਆਂ ਅੱਖਾਂ ਕੁਝ ਹੋਰ ਬਿਆਨ ਕਰ ਰਹੀਆਂ ਸਨ। ਉਸ ਦੀ ਹਾਲਤ ਝੱਖੜਾਂ ਦੇ ਝੰਭੇ ਰੁੱਖ ਵਰਗੀ ਸੀ। ਮੈਂ ਉਹਨੂੰ ਆਪਣੇ ਕਿਸੇ ਪਰਿਵਾਰਕ ਜੀਅ ਨੂੰ ਨਾਲ ਲੈ ਕੇ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਇਸ ਦੁਨੀਆ ਵਿਚ ਉਸ ਦਾ ਕੋਈ ਨਹੀਂ ਹੈ।
ਬੇਬੇ ਨੇ ਆਪਣਾ ਨਾਮ ਗੁਰਮੇਲ ਕੌਰ ਦੱਸਿਆ। ਮੈਂ ਸਾਫਟਵੇਅਰ ਵਿਚ ਉਸ ਦਾ ਖਾਤਾ ਗੁਰਮੇਲ ਕੌਰ ਨਾਮ ’ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਮ ਵਾਲੇ ਜੋ ਖਾਤੇ ਮਿਲੇ, ਉਹਨਾਂ ਵਿਚ ਬੇਬੇ ਦਾ ਖਾਤਾ ਨਹੀਂ ਸੀ। ਬੇਬੇ ਨੇ ਦੱਸਿਆ ਕਿ ਉਸ ਨੂੰ ਖਾਤਾ ਖੁੱਲ੍ਹਵਾਏ ਲੰਮਾ ਅਰਸਾ ਹੋ ਗਿਆ ਹੈ। ਮੈਂ ਚਪੜਾਸੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ 20-25 ਸਾਲ ਪਹਿਲਾਂ ਦੇ ਕਾਫ਼ੀ ਸਾਰੇ ਪੈਨਸ਼ਨ ਖਾਤੇ ਹਨ। ਹੁਣ ਬੇਬੇ ਦਾ ਖਾਤਾ ਲੱਭਣ ਦਾ ਇੱਕੋ-ਇੱਕ ਤਰੀਕਾ ਸਾਰੇ ਪੁਰਾਣੇ ਖਾਤਿਆਂ ਨੂੰ ਫਰੋਲਣਾ ਸੀ। ਚਪੜਾਸੀ ਇਸ ਕੰਮ ਲਈ ਨਾ ਮੰਨਿਆ ਅਤੇ ਉਸ ਨੇ ਬੇਬੇ ਨੂੰ ਚਲੇ ਜਾਣ ਲਈ ਵੀ ਕਹਿ ਦਿੱਤਾ। ਮੈਂ ਬੇਬੇ ਨੂੰ ਰੋਕ ਕੇ ਬਿਠਾਇਆ ਤੇ ਖੁਦ ਖਾਤਿਆਂ ਦਾ ਰਿਕਾਰਡ ਘੋਖਣ ਲੱਗਾ।
20-25 ਸਾਲ ਪੁਰਾਣੇ ਖਾਤਿਆਂ ਦੇ ਕਾਗਜ਼ ਪੀਲੇ ਪੈ ਚੁੱਕੇ ਸਨ। ਸਾਰਾ ਰਿਕਾਰਡ ਟੇਬਲ ’ਤੇ ਰੱਖ ਕੇ ਬੇਬੇ ਨੂੰ ਆਪਣੀ ਫੋਟੋ ਪਛਾਣਨ ਲਈ ਕਿਹਾ। ਮੈਂ ਇਕੱਲਾ ਇਕੱਲਾ ਖਾਤਾ ਧਿਆਨ ਨਾਲ ਦੇਖ ਰਿਹਾ ਸੀ। ਇੱਕ ਖਾਤਾ ‘ਮੇਲੋ ਕੌਰ’ ਨਾਂ ਦਾ ਆਇਆ, ਬੇਬੇ ਨੇ ਝੱਟ ਫੋਟੋ ਪਛਾਣ ਲਈ। ਖਾਤੇ ਨਾਲ ਕੇਵਲ ਰਾਸ਼ਨ ਕਾਰਡ ਦੀ ਕਾਪੀ ਲੱਗੀ ਸੀ। ਰਾਸ਼ਨ ਕਾਰਡ ਉੱਪਰ ਮੇਲੋ ਕੌਰ ਤੋਂ ਇਲਾਵਾ ਤਿੰਨ ਮੈਂਬਰ ਹੋਰ ਸਨ। ਮੈਂ ਬੇਬੇ ਤੋਂ ਉਸ ਦੇ ਪਤੀ, ਪੁੱਤਰ ਤੇ ਨੂੰਹ ਦਾ ਨਾਮ ਪੁੱਛਿਆ। ਉਸ ਨੇ ਤਿੰਨੇ ਨਾਮ ਸਹੀ ਦੱਸੇ ਜੋ ਰਾਸ਼ਨ ਕਾਰਡ ਉੱਪਰ ਦਰਜ ਸਨ। ਮੈਂ ਸਮਝ ਗਿਆ ਕਿ ਬੇਬੇ ਦਾ ਖਾਤਾ ਮੇਲੋ ਨਾਮ ’ਤੇ ਖੁੱਲ੍ਹਿਆ ਹੋਇਆ ਹੈ ਤੇ ਇਸ ਵਿਚ ਹਰ ਮਹੀਨੇ ਪੈਨਸ਼ਨ ਵੀ ਆ ਰਹੀ ਸੀ। ਮੈਂ ਬੇਬੇ ਦਾ ਵਾਊਚਰ ਭਰਿਆ ਤੇ ਉਹਨੂੰ ਕੈਸ਼ੀਅਰ ਕੋਲੋਂ ਪੈਨਸ਼ਨ ਲੈਣ ਲਈ ਕਿਹਾ। ਕੈਸ਼ੀਅਰ ਨੇ ਬੇਬੇ ਤੋਂ ਬੈਂਕ ਖਾਤੇ ਦੀ ਕਾਪੀ ਮੰਗੀ ਤਾਂ ਮੈਂ ਕੈਸ਼ੀਅਰ ਨੂੰ ਨਵੀਂ ਕਾਪੀ ਦੇਣ ਲਈ ਬੇਨਤੀ ਕੀਤੀ। ਕੈਸ਼ੀਅਰ ਨੇ ਨਵੀਂ ਕਾਪੀ ਪ੍ਰਿੰਟ ਕਰ ਕੇ ਬੇਬੇ ਨੂੰ ਪੈਨਸ਼ਨ ਦਾ ਭੁਗਤਾਨ ਕਰ ਦਿੱਤਾ।
ਕਈ ਮਹੀਨਿਆਂ ਦੀ ਇਕੱਠੀ ਹੋਈ ਪੈਨਸ਼ਨ ਲੈ ਕੇ ਬੇਬੇ ਮੇਰੇ ਕੋਲ ਆਈ ਤੇ ਮੈਨੂੰ 100 ਰੁਪਏ ਦਾ ਨੋਟ ਦੇਣ ਲੱਗੀ। ਮੈਂ ਸਮਝਾਇਆ ਕਿ ਇਹ ਤਾਂ ਸਾਡਾ ਕੰਮ ਹੈ। ਫਿਰ ਮੈਂ ਉਸ ਦੇ ਪਰਿਵਾਰ ਬਾਰੇ ਪੁੱਛਣ ਲੱਗਾ। ਬੇਬੇ ਕੰਬਣ ਲੱਗ ਪਈ, ਹੰਝੂ ਵਹਿ ਤੁਰੇ। ਥੋੜ੍ਹੇ ਸਮੇਂ ਬਾਅਦ ਸਾਵੀਂ ਹੁੰਦਿਆਂ ਉਹਨੇ ਦੱਸਿਆ ਕਿ ਉਸ ਦੇ ਮੁੰਡੇ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ ਜਿਸ ਕਾਰਨ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਬੇਬੇ ਦੇ ਪਰਿਵਾਰ ਕੋਲ ਚੰਗੀ ਜ਼ਮੀਨ ਸੀ ਪਰ ਮੁੰਡੇ ਨੇ ਸਾਰੀ ਜ਼ਮੀਨ ਨਸ਼ਿਆਂ ਵਿਚ ਗੁਆ ਦਿੱਤੀ। ਬੇਬੇ ਦਾ ਪਤੀ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਚੱਲ ਵਸਿਆ ਸੀ। ਮੈਂ ਬੇਬੇ ਨੂੰ ਮੁੰਡੇ ਦੀ ਮੌਜੂਦਾ ਹਾਲਤ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਮੁੰਡਾ ਉਸ ਤੋਂ ਅਲੱਗ ਰਹਿੰਦਾ ਹੈ, ਉਹ ਲੋਕਾਂ ਦੇ ਘਰਾਂ ਵਿਚ ਗੋਹਾ-ਕੂੜਾ ਕਰ ਕੇ ਮੁੰਡੇ ਨੂੰ ਰੋਟੀ ਦੇ ਕੇ ਆਉਂਦੀ ਹੈ। ਪਹਿਲਾਂ ਜਦ ਕਦੀ ਉਸ ਕੋਲ ਨਸ਼ੇ ਲਈ ਪੈਸੇ ਨਹੀਂ ਸਨ ਹੁੰਦੇ ਤਾਂ ਉਹ ਬੇਬੇ ਤੋਂ ਪੈਨਸ਼ਨ ਵਾਲੇ ਪੈਸੇ ਵੀ ਲੈ ਜਾਂਦਾ। ਇੱਕ ਵਾਰ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਮੁੰਡੇ ਨੇ ਬੇਬੇ ਦੇ ਸੰਦੂਕ ਨੂੰ ਅੱਗ ਲਗਾ ਦਿੱਤੀ ਜਿਸ ਵਿਚ ਬੇਬੇ ਦੇ ਬੈਂਕ ਦੀ ਕਾਪੀ ਤੇ ਸ਼ਨਾਖ਼ਤੀ ਕਾਰਡ ਵੀ ਸੜ ਗਏ।
ਬੇਬੇ ਦੀ ਕਥਾ ਸੁਣ ਕੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਯਾਦ ਆ ਗਈ। ਇੰਝ ਜਾਪਿਆ ਜਿਵੇਂ ਧਰਤੀ ਦਾ ਭਾਰ ਚੁੱਕੀ ਖੜ੍ਹਾ ਬਲਦ ਸਿੰਗ ਬਦਲ ਰਿਹਾ ਹੋਵੇ।
ਸੰਪਰਕ: 80547-22260