ਉਹਦਾ ਨਾਂ ਤਾਂ ਅਜੈਬ ਸਿੰਘ ਸੀ ਪਰ ਸਾਰੇ ਉਹਨੂੰ ਜੈਬਾ ਕਹਿ ਕੇ ਬੁਲਾਉਂਦੇ ਸਨ। ਉਹਦਾ ਕੱਦ ਮਧਰਾ ਸੀ ਤੇ ਖੱਬੀ ਪੱਗ ਬੰਨ੍ਹਦਾ ਸੀ। ਗਾਲੜੀ ਹੋਣ ਕਾਰਨ ਉਹ ਸਾਰਿਆਂ ਨਾਲ ਬੜੀ ਛੇਤੀ ਹੀ ਘੁਲ-ਮਿਲ ਗਿਆ ਸੀ। ਥੋੜ੍ਹੀ ਦੇਰ ਪਿੱਛੋਂ ਇਉਂ ਲੱਗਣ ਲੱਗਿਆ ਜਿਵੇਂ ਉਹ ਮੁੱਢ ਤੋਂ ਹੀ ਸਾਡੇ ਨਾਲ ਪੜ੍ਹਦਾ ਆਇਆ ਹੋਵੇ। ਗੱਲ ਕਈ ਦਹਾਕੇ ਪੁਰਾਣੀ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਤੋਂ ਬਾਅਦ ਵੱਡੇ ਸਕੂਲ (ਛੇਵੀਂ ਤੋਂ ਦਸਵੀਂ ਵਾਲੇ) ਵਿਚ ਦਾਖ਼ਲ ਹੋਏ ਸੀ। ਪਿੰਡ ਵੱਡਾ ਹੋਣ ਕਰਕੇ ਪ੍ਰਾਇਮਰੀ ਸਕੂਲ ਤਾਂ ਕਈ ਸਨ, ਜਿਹੜੇ ਸਰਕਾਰੀ ਇਮਾਰਤਾਂ ਵਾਲੇ ਘੱਟ ਪਰ ਹਰ ਅਗਵਾੜ (ਪੱਤੀ), ਮੁਹੱਲੇ ਦੀਆਂ ਧਰਮਸ਼ਾਲਾਵਾਂ (ਥਾਈਆਂ) ਵਿਚ ਜ਼ਿਆਦਾ ਸਨ ਪਰ ਪੰਜਵੀਂ ਤੋਂ ਬਾਅਦ ਵੱਡਾ ਸਕੂਲ ਇਕੋ ਹੀ ਸੀ। ਇਹ ਉਸ ਸਮੇਂ ਪਿੰਡੋਂ ਬਾਹਰਵਾਰ ਹੁੰਦਾ ਸੀ, ਹੁਣ ਤਾਂ ਆਬਾਦੀ ਵਧਣ ਕਾਰਨ ਇਹ ਪਿੰਡ ਦੇ ਅੰਦਰ ਹੀ ਸਮਾ ਗਿਆ ਹੈ। ਲੜਕੀਆਂ ਵਾਲਾ ਸਕੂਲ ਬਾਜ਼ਾਰ ਵਿਚ ਸੀ। ਲੜਕੇ-ਲੜਕੀਆਂ ਦੇ ਇਹ ਅਲੱਗ ਅਲੱਗ ਸਕੂਲ ਰਿਆਸਤਾਂ ਵੇਲੇ 9 ਮਾਰਚ 1936 ਨੂੰ ਗ੍ਰਹਿ ਮੰਤਰੀ ਰਾਜਾ ਗਿਆਨ ਨਾਥ ਨੇ ਬਣਵਾਏ ਸਨ। ਉਦੋਂ ਕੁ ਹੀ ਸਰਕਾਰੀ ਹਸਪਤਾਲ ਅਤੇ ਵੈਟਰਨਰੀ ਹਸਪਤਾਲ ਵੀ ਖੁੱਲ੍ਹੇ ਸਨ। ਲੋਕਾਂ ਨੂੰ ਇਹ ਕਹਿੰਦਿਆਂ ਆਮ ਸੁਣੀਂਦਾ ਸੀ ਕਿ ਅੰਗਰੇਜ਼ 100 ਸਾਲ ਅੱਗੇ ਦੀ ਸੋਚਦੇ ਸਨ; ਇਨ੍ਹਾਂ ਇਮਾਰਤਾਂ ਨੂੰ ਦੇਖ ਕੇ ਇਹ ਗੱਲ ਹੀ ਸੱਚ ਜਾਪਦੀ ਸੀ। ਕੀ ਮਜਾਲ ਕਿ ਮੀਂਹ ਦਾ ਪਾਣੀ ਇਨ੍ਹਾਂ ਅੰਦਰ ਵੜ ਜਾਵੇ, ਜ਼ਮੀਨ ਤੋਂ 4-5 ਫੁੱਟ ਉੱਚੀਆਂ ਪੌੜੀਆਂ ਬਣਾਈਆਂ ਹੋਈਆਂ ਸਨ।
ਛੇਵੀਂ ਵੇਲੇ ਇਸ ਵੱਡੇ ਸਕੂਲ ਵਿਚ ਸਾਡੇ ਪਿੰਡ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ- ਦਾਨਗੜ੍ਹ, ਉੱਪਲੀ, ਕੱਟੂ, ਭੱਠਲਾਂ, ਕਾਲੇਕੇ, ਭੈਣੀ ਜੱਸਾ, ਕਾਹਨੇ-ਕੇ, ਅਤਰ ਸਿੰਘ ਵਾਲਾ ਦੇ ਬੱਚੇ ਵੀ ਪੜ੍ਹਨ ਆਉਂਦੇ ਸਨ। ਕੱਚੇ ਪਹੇ ਹੋਣ ਕਾਰਨ ਭੱਠਲਾਂ, ਭੈਣੀ ਜੱਸਾ ਅਤੇ ਕਾਹਨੇ-ਕੇ ਵਾਲੇ ਸਾਈਕਲਾਂ ਉੱਤੇ ਸੂਏ ਦੀ ਪਟੜੀ ਪਟੜੀ ਆਉਂਦੇ-ਜਾਂਦੇ ਸਨ। ਉਸ ਸਮੇਂ ਸੂਏ ਦੀ ਪਟੜੀ ਹੀ ਜੀਟੀ ਰੋਡ ਵਰਗੀ ਹੁੰਦੀ ਸੀ। ਹੁਣ ਤਾਂ ਸੂਏ, ਕੱਸੀਆਂ ਦੀਆਂ ਪਟੜੀਆਂ ਪੈਦਲ ਚੱਲਣਯੋਗ ਵੀ ਨਹੀਂ ਰਹੀਆਂ, ਉਦੋਂ ਇਨ੍ਹਾਂ ਦੀ ਬੜੀ ਸਾਂਭ-ਸੰਭਾਲ ਹੁੰਦੀ ਸੀ। ਅਜੈਬ ਸਿੰਘ ਸਾਡੇ ਨਾਲ ਛੇਵੀਂ ਜਮਾਤ ਵਿਚ ਪੜ੍ਹਨ ਲੱਗਿਆ ਸੀ। ਉਹਦਾ ਪਿੰਡ ਮਾਨਸਾ ਵੱਲ ਸੀ ਅਤੇ ਸਾਡੇ ਪਿੰਡ ਉਹਦੀ ਭੂਆ ਸੀ। ਦਸਵੀਂ ਤਕ ਉਹ ਸਾਡੇ ਨਾਲ ਪੜ੍ਹਿਆ। ਉਸ ਤੋਂ ਬਾਅਦ ਪੰਛੀਆਂ ਦੇ ਬੋਟਾਂ ਦੇ ਆਲ੍ਹਣੇ ਵਿਚੋਂ ਉੱਡਣ ਵਾਂਗ ਸਾਡੇ ਸਾਰਿਆਂ ਦੇ ਰਾਹ ਵੱਖ ਵੱਖ ਹੋ ਗਏ। ਇਕ ਦੂਜੇ ਨੂੰ ਭੁੱਲ-ਭੁਲਾ ਵੀ ਗਏ। ਉਦੋਂ ਕਿਹੜਾ ਅੱਜਕੱਲ੍ਹ ਵਾਂਗ ਫੋਨ ਜਾਂ ਫੇਸਬੁੱਕ ਵਾਲੀਆਂ ਸੰਪਰਕ-ਸਹੂਲਤਾਂ ਹੁੰਦੀਆਂ ਸਨ।
ਇਕ ਦਿਨ ਅਖ਼ਬਾਰ ਵਿਚ ਛਪਿਆ ਮੇਰਾ ਫੀਚਰ ਪੜ੍ਹ ਕੇ ਅਜੈਬ ਸਿੰਘ ਦਾ ਟੈਲੀਫੋਨ ਆਇਆ। ਉਹ ਇੰਨੇ ਚਿਰ ਬਾਅਦ ਪਰਗਟ ਹੋ ਗਿਆ ਸੀ; ਖ਼ੁਸ਼ੀ ਵੀ ਹੋਈ, ਹੈਰਾਨੀ ਵੀ। ਗੱਲਾਂਬਾਤਾਂ ਦੌਰਾਨ ਪਤਾ ਲੱਗਿਆ ਕਿ ਪੰਜਾਬ ਵਿਚ ਅਤਿਵਾਦ ਦੇ ਦੌਰ ਦੌਰਾਨ ਉਹ ਮਸਤੂਆਣੇ ਕਾਲਜ ਵਿਚ ਪੜ੍ਹਦਾ ਸੀ। ਉਹਦਾ ਅਜਿਹੀ ਕਿਸੇ ਜਥੇਬੰਦੀ ਨਾਲ ਕੋਈ ਮੇਲਜੋਲ ਵੀ ਨਹੀਂ ਸੀ, ਪਰ ਪੁਲੀਸ ਦੇ ਖਾਨਿਆਂ ਵਿਚ ਉਹਦਾ ਨਾਂ ਪਤਾ ਨਹੀਂ ਕਿਵੇਂ ਚੜ੍ਹ ਗਿਆ! ਮੁੱਕਦੀ ਗੱਲ, ਹੱਥ-ਪੈਰ ਮਾਰ ਕੇ ਉਹ ਜਿਵੇਂ ਕਿਵੇਂ ਵਿਦੇਸ਼ ਉਡਾਰੀ ਮਾਰ ਗਿਆ। ਉੱਥੇ ਹੀ ਉਹਦਾ ਵਿਆਹ ਹੋਇਆ ਅਤੇ ਫਿਰ ਵਿਹੜੇ ਵਿਚ ਨਿਆਣੇ ਖੇਡਣ ਲੱਗੇ। ਉਹਦਾ ਇਹ ਦੱਸਦੇ ਦਾ ਗੱਚ ਭਰ ਆਇਆ, “ਘਰਵਾਲੀ ਬੱਚਿਆਂ ਨੂੰ ਲੈ ਕੇ ਇੰਡੀਆ ਜਾ ਆਉਂਦੀ ਆ … ਬੱਸ ਮੈਂ ਨਹੀਂ ਆ ਸਕਦਾ!” ਉਹਦਾ ਗੱਚ ਹਟਕੋਰਿਆਂ ਵਿਚ ਵਟ ਗਿਆ ਸੀ। ਕਹਿੰਦਾ, “ਉਦੋਂ ਹਾਲਾਤ ਹੀ ਐਸੇ ਸਨ, ਬਾਹਰ ਨਾ ਆਉਂਦਾ ਤਾਂ ਸ਼ਾਇਦ ਹੋਰ ਮੁੰਡਿਆਂ ਵਾਂਗ ਮੈਂ ਵੀ ਕਿਤੇ ਮਰ-ਖਪ ਜਾਂਦਾ।” ਪਹਿਲੇ ਦਿਨ ਉਹ ਰੋਇਆ ਵੱਧ, ਗੱਲਾਂ ਤਾਂ ਘੱਟ ਹੀ ਹੋਈਆਂ। ਮੇਰੇ ਕੋਲ ਉਹਨੂੰ ਤਸੱਲੀ ਦੇਣ ਲਈ ਕੁਝ ਵੀ ਨਹੀਂ ਸੀ। ਆਖ਼ਰ ਫੋਨ ਕੱਟਿਆ ਗਿਆ ਤੇ ਮੈਂ ‘ਹੈਲੋ! ਹੈਲੋ!’ ਕਰਦਾ ਰਹਿ ਗਿਆ। ਸ੍ਰੀਮਤੀ ਪੁੱਛਣ ਲੱਗੀ, “ਕੀਹਦਾ ਫੋਨ ਸੀ?” ਮੈਂ ਨਮ ਅੱਖਾਂ ਦੇ ਕੋਏ ਪੂੰਝਦਾ ਕਹਿਣ ਲੱਗਿਆ, “ਸਾਡੇ ਨਾਲ ਇਕ ਮੁੰਡਾ ਪੜ੍ਹਦਾ ਹੁੰਦਾ ਸੀ, ਇੰਨੇ ਚਿਰ ਬਾਅਦ ਬਾਹਰੋਂ ਬੋਲ ਰਿਹਾ ਸੀ।”
ਫਿਰ ਅਜੈਬ ਸਿੰਘ ਮਹੀਨੇ, ਦੋ ਮਹੀਨਿਆਂ ਬਾਅਦ ਫੋਨ ਕਰਨ ਲੱਗਿਆ। ਹੋਰ ਗੱਲਾਂਬਾਤਾਂ ਤੋਂ ਇਲਾਵਾ ਉਹਦੀ ਗੱਲਬਾਤ ਦਾ ਧੁਰਾ ਜ਼ਿਆਦਾਤਰ ਵੱਡੇ ਸਕੂਲ ਦੁਆਲੇ ਹੀ ਘੁੰਮਦਾ ਰਹਿੰਦਾ। ਉਹਨੂੰ ਉਹ ਕਮਰਾ, ਮੇਜ਼ ਜਿੱਥੇ ਅਸੀਂ ਬੈਠਦੇ ਸੀ ਯਾਦ ਆਉਂਦੇ ਸਨ। ਸਾਇੰਸ ਮਾਸਟਰ ਗੁਪਤਾ ਜੀ ਚੇਤੇ ਵਿਚ ਉੱਭਰਦੇ ਜਿਹੜੇ ਸ਼ਨਿਚਰਵਾਰ ਨੂੰ ਹਾਲ ਕਮਰੇ ਵਿਚ ਸਾਰੇ ਸਕੂਲ ਨੂੰ ਫ਼ਿਲਮ ਦਿਖਾਉਂਦੇ ਹੁੰਦੇ ਸਨ। ਪੰਜਾਬੀ ਮਾਸਟਰ ਤਰਸੇਮ ਲਾਲ ਜਿਹੜੇ ਲਾਲਾ ਲਾਜਪਤ ਰਾਏ ਬਾਰੇ ਕਵਿਤਾ ‘ਤੈਨੂੰ ਵੇਖ ਗਲੀਆਂ ਦੇ ਕੱਖ ਰੋਏ’ ਅਰਥ ਕਰਦੇ ਕਿਸੇ ਫਿਲਮ ਵਾਂਗ ਹੱਥ ਵਿਚ ਕਿਤਾਬ ਫੜੀ ਸਾਹਮਣੇ ਖੜ੍ਹੇ ਦਿਸੇ। ਹਿਸਾਬ ਮਾਸਟਰ ਹਰਮੇਲ ਸਿੰਘ, ਅੰਗੇਰਜ਼ੀ ਵਾਲੇ ਮਾਸਟਰ ਅਜੈਬ ਸਿੰਘ ਵੱਲੋਂ ਵੱਖੀ ਵਿਚ ਵੱਢੀ ਚੂੰਢੀ ਵੀ ਉਹਨੇ ਯਾਦ ਕਰਵਾ ਦਿੱਤੀ। ਉਹ ਨਾਲ ਪੜ੍ਹਦੇ ਜਗਦੇਵ ਸਿੰਘ, ਬਲਦੇਵ ਸਿੰਘ ਚਹਿਲ, ਬਲਦੇਵ ਸਿੰਘ ਜਰਗਰ, ਨਰਿੰਦਰ ਸ਼ਰਮਾ ਤੇ ਹੋਰਨਾਂ ਦੇ ਨਾਂ ਲੈ ਲੈ ਕੇ ਇਕੱਲੇ ਇਕੱਲੇ ਬਾਰੇ ਪੁੱਛਦਾ ਰਹਿੰਦਾ ਹੈ। ਸਕੂਲ ਦੇ ਪਿਛਲੇ ਪਾਸੇ ਪਿੰਡ ਭੱਠਲਾਂ ਨੂੰ ਜਾਂਦੀ ਸੜਕ ਕੋਲ ਵੱਡਾ ਬੀੜ ਲੱਗਦਾ ਹੈ। ਇਸ ਬੀੜ ਵਿਚ ਪਸ਼ੂ ਮੰਡੀਆਂ ਲੱਗਦੀਆਂ ਹਨ। ਉਸ ਸਮੇਂ ਸਕੂਲ ਅਤੇ ਬੀੜ ਦਰਮਿਆਨ ਸਿਰਫ਼ ਕੱਚਾ ਪਹਾ ਹੁੰਦਾ ਸੀ। ਨਾ ਸਕੂਲ ਅਤੇ ਨਾ ਹੀ ਬੀੜ ਦੀ ਚਾਰਦੀਵਾਰੀ ਹੁੰਦੀ ਸੀ। ਕਈ ਬੱਚੇ ਪੀਰੀਅਡ ਲਾਉਣ ਦੀ ਥਾਂ ਬੀੜ ਵਿਚ ਦਰਖ਼ਤਾਂ ਦੀ ਛਾਂ ਹੇਠ ਜਾ ਬੈਠਦੇ। ਸਿਆਲਾਂ ਦੀ ਰੁੱਤ ਵਿਚ ਤਾਂ ਕਿਸੇ ਸੁੱਕੇ ਡਿੱਗੇ ਦਰਖ਼ਤ ਨੂੰ ਅੱਗ ਲਾ ਕੇ ਸੇਕਦੇ ਵੀ ਰਹਿੰਦੇ ਸਨ। ਬੀੜ ਵਿਚ ਖਾਧੇ ਜਲੇਬੀ ਤੁੱਕੇ ਅਜੈਬ ਸਿੰਘ ਨੂੰ ਅੱਜ ਤੱਕ ਨਹੀਂ ਭੁੱਲੇ। ਬੱਸ ਅੱਡੇ ਨੇੜੇ ਉਹਦੀ ਭੂਆ ਦਾ ਘਰ ਤੇ ਉਹਦਾ ਆਪਣਾ ਪਿੰਡ ਵਾਲਾ ਘਰ, ਟੋਭੇ, ਨਿਆਈਆਂ ਵਿਚ ਖੇਡੀ ਕੌਡੀ-ਬਾਡੀ ਉਹਦੇ ਸੁਫਨਿਆਂ ਵਿਚ ਗੇੜੇ ਕੱਢਦੀ ਰਹਿੰਦੀ ਹੈ। ਭੂਆ-ਫੁੱਫੜ ਚੜ੍ਹਾਈ ਕਰ ਚੁੱਕੇ ਹਨ, ਉਨ੍ਹਾਂ ਦਾ ਵਿਯੋਗ ਉਹਦੀ ਨਾੜੀ ਨਾੜੀ ਵਿਚ ਥਿਰਕਦਾ ਹੈ। ਉਹਨੂੰ ਕੋਈ ਰਾਹ ਨਹੀਂ ਭੁੱਲਿਆ, ਸਭ ਯਾਦ ਹਨ ਪਰ ਸ਼ਾਇਦ ਰਾਹ ਉਹਨੂੰ ਭੁੱਲ ਗਏ ਜਾਪਦੇ ਹਨ। ਉਹ ਜਿਹੜੇ ਰਾਹ ਗਿਆ ਸੀ, ਵਾਪਸ ਨਹੀਂ ਆ ਸਕਿਆ! ਉਦੋਂ ਰੋਂਦੀਆਂ ਰੁੱਤਾਂ ਦੌਰਾਨ ਪੰਜਾਬ ਵਿਚ ਝੁੱਲੇ ਝੱਖੜ ਨੇ ਪਤਾ ਨਹੀਂ ਮਾਵਾਂ ਦੇ ਕਿੰਨੇ ਪੁੱਤ ਅੱਲ੍ਹੜ ਉਮਰੇ ਹੀ ਝੰਬ ਸੁੱਟੇ ਸਨ ਅਤੇ ਕਿੰਨੇ ਅਜੈਬ ਸਿੰਘ ਜਲਾਵਤਨ ਹੋਣ ਲਈ ਮਜਬੂਰ ਹੋ ਗਏ।
ਸੰਪਰਕ: 94642-91023